5 Dariya News

ਪੰਜਾਬ ਦੇ ਹਰ ਪਿੰਡ ਵਿੱਚ ਖੇਡ ਸਟੇਡੀਅਮ ਤੇ ਜਿੰਮ ਅਤੇ ਹਰ ਨੌਜਵਾਨ ਨੂੰ ਖੇਡ ਕਿੱਟ ਮਿਲੇਗੀ: ਪਰਕਾਸ਼ ਸਿੰਘ ਬਾਦਲ

125 ਖਿਡਾਰੀਆਂ ਨੂੰ ਪੁਲਿਸ ਵਿੱਚ ਸਿੱਧਾ ਭਰਤੀ ਕੀਤਾ ਜਾਵੇਗਾ, ਮੁੱਖ ਮੰਤਰੀ ਵੱਲੋਂ ਬਾਦਲ ਪਿੰਡ ਵਿੱਚ ਦੂਜੇ ਦਿਨ ਦੇ ਸੈਮੀ ਫਾਈਨਲ ਮੁਕਾਬਲਿਆਂ ਦਾ ਕੀਤਾ ਗਿਆ ਉਦਘਾਟਨ

5 Dariya News

ਬਾਦਲ 16-Nov-2016

ਬਾਦਲ ਪਿੰਡ ਦੇ ਖੇਡ ਸਟੇਡੀਅਮ ਵਿਖੇ ਅੱਜ ਡਾ.ਬੀ.ਆਰ.ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਦੂਜੇ ਦਿਨ ਦੇ ਸੈਮੀ ਫਾਈਨਲ ਖੇਡੇ ਗਏ ਜਿਨ੍ਹਾਂ ਦਾ ਰਸਮੀ ਉਦਘਾਟਨ ਅੱਜ ਦੇ ਮੁਕਾਬਲਿਆਂ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੀਤਾ।ਦਰਸ਼ਕਾਂ ਦੇ ਭਰਵੇਂ ਇਕੱਠ ਵਿੱਚ ਬਾਦਲ ਪਿੰਡ ਦੇ ਖੂਬਸੁਰਤ ਖੇਡ ਸਟੇਡੀਅਮ ਵਿਖੇ ਪੁਰਸ਼ ਤੇ ਮਹਿਲਾ ਵਰਗ ਦੇ ਖੇਡੇ ਗਏ ਇਕ-ਇਕ ਸੈਮੀ ਫਾਈਨਲ ਮੈਚਾਂ ਦੀ ਸ਼ੁਰੂਆਤ ਤੋਂ ਪਹਿਲਾਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਅਤੇ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਦੀ ਅਗਾਊਂ ਤਿਆਰੀ ਵਜੋਂ ਸੂਬੇ ਦੇ ਹਰ ਪਿੰਡ ਨੂੰ ਖੇਡ ਨਰਸਰੀ ਵਜੋਂ ਵਿਕਸਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਅਤਿ-ਆਧੁਨਿਕ ਸਹੂਲਤਾਂ ਵਾਲਾ ਸਟੇਡੀਅਮ ਅਤੇ ਜਿੰਮ ਬਣਾਈ ਜਾਵੇਗੀ। ਇਸ ਦੇ ਨਾਲ ਹੀ ਹਰ ਨੌਜਵਾਨ ਨੂੰ ਖੇਡ ਕਿੱਟ ਦਿੱਤੀ ਜਾਵੇਗੀ ਤਾਂ ਜੋ ਖੇਡਾਂ ਨਾਲ ਜੁੜਿਆ ਜਾਵੇਗਾ।ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਖਿਡਾਰੀਆਂ ਨੂੰ ਜਿੱਥੇ ਪਿਛਲੇ ਸਮੇਂ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਹੁਣ ਉਥੇ 125 ਹੋਰ ਕੌਮੀ ਤੇ ਕੌਮਾਂਤਰੀ ਪ੍ਰਾਪਤੀਆਂ ਵਾਲੇ ਖਿਡਾਰੀਆਂ ਨੂੰ ਪੰਜਾਬ ਪੁਲਿਸ ਵਿੱਚ ਸਿੱਧਾ ਭਰਤੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚ 10 ਡੀ.ਐਸ.ਪੀ., 50 ਸਬ ਇੰਸਪੈਕਟਰ ਅਤੇ 65 ਸਿਪਾਹੀ ਭਰਤੀ ਹੋਣਗੇ। 

ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਨਗਦ ਇਨਾਮਾਂ ਨਾਲ ਵੀ ਸਨਮਾਨਿਆ ਜਾ ਰਿਹਾ ਹੈ।ਕਬੱਡੀ ਵਿਸ਼ਵ ਕੱਪ ਦੀ ਸਫਲਤਾ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸ਼ੁਰੂਆਤ ਅਤੇ ਕਰੋੜਾਂ ਰੁਪਏ ਦੇ ਇਨਾਮ ਕਰ ਕੇ ਅੱਜ 34 ਮੁਲਕਾਂ ਵਿੱਚ ਕਬੱਡੀ ਖੇਡੀ ਜਾਣ ਲੱਗ ਗਈ ਹੈ। ਛੇਵੇਂ ਵਿਸ਼ਵ ਕੱਪ ਵਿੱਚ 14 ਮੁਲਕਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਪੁਰਸ਼ ਵਰਗ ਵਿੱਚ ਪਹਿਲਾ ਇਨਾਮ 2 ਕਰੋੜ ਰੁਪਏ, ਦੂਜਾ ਇਨਾਮ 1 ਕਰੋੜ ਰੁਪਏ ਤੇ ਤੀਜਾ ਇਨਾਮ 51 ਲੱਖ ਰੁਪਏ ਅਤੇ ਮਹਿਲਾ ਵਰਗ ਵਿੱਚ ਪਹਿਲਾ ਇਨਾਮ 1 ਕਰੋੜ ਰੁਪਏ, ਦੂਜਾ ਇਨਾਮ 51 ਲੱਖ ਰੁਪਏ ਤੇ ਤੀਜਾ ਇਨਾਮ 25 ਲੱਖ ਰੁਪਏ ਦਿੱਤਾ ਜਾਵੇਗਾ।ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ. ਤੇਜਿੰਦਰ ਸਿੰਘ ਮਿੱਡੂਖੇੜਾ, ਪੰਜਾਬ ਐਗਰੋ ਦੇ ਚੇਅਰਮੈਨ ਸ. ਦਿਆਲ ਸਿੰਘ ਕੋਲਿਆਵਾਲੀ, ਚੇਅਰਮੈਨ ਸ: ਕੁਲਵਿੰਦਰ ਸਿੰਘ ਭਾਈਕਾਕੇਰਾ, ਸ: ਹਰਦੀਪ ਸਿੰਘ ਡਿੰਪੀ ਢਿੱਲੋਂ, ਗੁਰਬਖਸ਼ੀਸ ਸਿੰਘ ਵਿੱਕੀ ਮਿੱਡੂਖੇੜਾ, ਮਨਦੀਪ ਸਿੰਘ ਪੱਪੀ ਤਰਮਾਲਾ, ਸ੍ਰੀ ਸੰਨੀ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਲਖਮੀਰ ਸਿੰਘ ਅਤੇ ਸ: ਕੁਲਵੰਤ ਸਿੰਘ, ਐਸ.ਐਸ.ਪੀ. ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਹੁਲ ਗੁਪਤਾ, ਡਿਪਟੀ ਡਾਇਰੈਕਟਰ ਸ੍ਰੀ ਰੁਪਿੰਦਰ ਰਵੀ, ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ, ਜ਼ਿਲਾ ਖੇਡ ਅਫਸਰ ਸ੍ਰੀ ਸੁਨੀਲ ਕੁਮਾਰ ਵੀ ਹਾਜ਼ਰ ਸਨ।