5 Dariya News

ਭਾਰਤੀ ਪੁਰਸ਼ ਟੀਮ ਲਗਾਤਾਰ ਛੇਵੀਂ ਵਾਰ ਫਾਈਨਲ 'ਚ, ਅਮਰੀਕਾ ਮਹਿਲਾ ਟੀਮ ਪਹਿਲੀ ਵਾਰ ਫਾਈਨਲ 'ਚ ਪੁੱਜੀ

ਪੁਰਸ਼ਾਂ ਦੇ ਦੂਜੇ ਸੈਮੀ ਫਾਈਨਲ ਵਿੱਚ ਭਾਰਤ ਨੇ ਅਮਰੀਕਾ ਨੂੰ 57-40 ਨਾਲ ਹਰਾਇਆ

5 Dariya News

ਬਾਦਲ 16-Nov-2016

ਭਾਰਤ ਦੀ ਪੁਰਸ਼ ਟੀਮ ਨੇ ਡਾ.ਬੀ.ਆਰ.ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਦੂਜੇ ਸੈਮੀ ਫਾਈਨਲ ਮੁਕਾਬਲੇ ਵਿੱਚ ਅਮਰੀਕਾ ਨੂੰ 57-40 ਨਾਲ ਹਰਾ ਕੇ ਲਗਾਤਾਰ ਛੇਵੀਂ ਵਾਰ ਫਾਈਨਲ ਵਿੱਚ ਦਾਖਲਾ ਪਾਇਆ ਜਦੋਂ ਕਿ ਮਹਿਲਾ ਵਰਗ ਦੇ ਖੇਡੇ ਗਏ ਦੂਜੇ ਸੈਮੀ ਫਾਈਨਲ ਵਿੱਚ ਅਮਰੀਕਾ ਨੇ ਕੀਨੀਆ ਨੂੰ 41-20 ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਦਾਖਲਾ ਪਾਉਣ ਦਾ ਮਾਣ ਹਾਸਲ ਕੀਤਾ। ਭਲਕੇ ਜਲਾਲਾਬਾਦ ਦੇ ਸਟੇਡੀਅਮ ਵਿਖੇ ਪੁਰਸ਼ ਵਰਗ ਦਾ ਫਾਈਨਲ ਭਾਰਤ ਤੇ ਇੰਗਲੈਂਡ ਅਤੇ ਮਹਿਲਾ ਵਰਗ ਦਾ ਫਾਈਨਲ ਭਾਰਤ ਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ ਜਦੋਂ ਕਿ ਤੀਜੇ ਸਥਾਨ ਲਈ ਪੁਰਸ਼ ਵਰਗ ਵਿੱਚ ਇਰਾਨ ਤੇ ਅਮਰੀਕਾ ਅਤੇ ਮਹਿਲਾ ਵਰਗ ਵਿੱਚ ਨਿਊਜ਼ੀਲੈਂਡ ਤੇ ਕੀਨੀਆ ਵਿਚਾਲੇ ਖੇਡਿਆ ਜਾਵੇਗਾ।ਅੱਜ ਬਾਦਲ ਵਿਖੇ ਦਰਸ਼ਕਾਂ ਨਾਲ ਨੱਕੋ-ਨੱਕ ਭਰੇ ਸਟੇਡੀਅਮ ਵਿੱਚ ਸੈਮੀ ਫਾਈਨਲ ਮੈਚਾਂ ਦੀ ਸ਼ੁਰੂਆਤ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਹਵਾ ਵਿੱਚ ਵਿਸ਼ਵ ਕੱਪ ਦਾ ਲੋਗੋ ਅਤੇ ਗੁਬਾਰੇ ਛੱਡ ਕੇ ਕੀਤੀ। ਇਸ ਉਪਰੰਤ ਉਨ੍ਹਾਂ ਪਹਿਲੇ ਮੈਚ ਦੀਆਂ ਟੀਮਾਂ ਮਹਿਲਾ ਵਰਗ ਦੇ ਦੂਜੇ ਸੈਮੀ ਫਾਈਨਲ ਵਿੱਚ ਖੇਡ ਰਹੀਆਂ ਅਮਰੀਕਾ ਤੇ ਕੀਨੀਆ ਦੀਆਂ ਖਿਡਾਰਨਾਂ ਨਾਲ ਜਾਣ-ਪਛਾਣ ਕੀਤੀ। 

ਬਾਦਲ ਨੇ ਦੂਜੇ ਮੈਚ ਪੁਰਸ਼ ਵਰਗ ਦੇ ਦੂਜੇ ਸੈਮੀ ਫਾਈਨਲ ਵਿੱਚ ਖੇਡ ਰਹੀਆਂ ਭਾਰਤ ਤੇ ਅਮਰੀਕਾ ਦੀਆਂ ਟੀਮਾਂ ਨਾਲ ਵੀ ਜਾਣ-ਪਛਾਣ ਕੀਤੀ।ਅੱਜ ਦਾ ਪਹਿਲਾ ਮੈਚ ਮਹਿਲਾ ਵਰਗ ਦਾ ਦੂਜਾ ਸੈਮੀ ਫਾਈਨਲ ਅਮਰੀਕਾ ਤੇ ਕੀਨੀਆ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਅਮਰੀਕਾ ਦੀ ਟੀਮ ਨੇ ਭਾਵੇਂ ਇਸ ਮੈਚ ਨੂੰ 41-20 ਨਾਲ ਜਿੱਤ ਲਿਆ ਪਰ ਕੀਨੀਆ ਦੀਆਂ ਖਿਡਾਰਨਾਂ ਨੇ ਆਪਣੀ ਜੁਝਾਰੂ ਖੇਡ ਸਦਕਾ ਦਰਸ਼ਕਾਂ ਦੇ ਦਿਲ ਜਿੱਤ ਲਏ। ਅਮਰੀਕਾ ਵੱਲੋਂ ਗੁਰਅੰਮ੍ਰਿਤ ਖਾਲਸਾ ਨੇ 11 ਤੇ ਨੋਵਾ ਨੇ 5 ਅੰਕ ਲਏ ਜਦੋਂ ਕਿ ਜਾਫ ਲਾਈਨ ਵਿੱਚੋਂ ਕੈਂਡਿਸ ਟੈਨਿਸ ਨੇ 9 ਤੇ ਫੋਬੇ ਨੇ 6 ਅੰਕ ਜੱਫੇ ਲਾਏ। ਕੀਨੀਆ ਵੱਲੋਂ ਰੇਡਰ ਸੋਫੀਆ ਨੇ 7 ਅੰਕ ਲਏ ਅਤੇ ਜਾਫੀ ਲੇਹ ਨੇ 6 ਜੱਫੇ ਲਾਏ। ਅਮਰੀਕਾ ਦੀ ਟੀਮ ਨੇ ਮਹਿਲਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਫਾਈਨਲ ਵਿੱਚ ਦਾਖਲਾ ਪਾਇਆ ਜਿੱਥੇ ਉਸ ਦਾ ਮੁਕਾਬਲਾ ਭਲਕੇ ਜਲਾਲਾਬਾਦ ਵਿਖੇ ਪਿਛਲੇ ਲਗਾਤਾਰ ਚਾਰ ਵਾਰ ਦੀ ਚੈਂਪੀਅਨ ਭਾਰਤ ਨਾਲ ਹੋਵੇਗਾ।

ਅੱਜ ਦਾ ਦੂਜਾ ਤੇ ਆਖਰੀ ਮੁਕਾਬਲਾ ਪੁਰਸ਼ ਵਰਗ ਦੇ ਦੂਜੇ ਸੈਮੀ ਫਾਈਨਲ ਵਿੱਚ ਆਹਮੋ-ਸਾਹਮਣੇ ਭਾਰਤ ਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਅਮਰੀਕਾ ਦੀ ਟੀਮ ਭਾਵੇਂ ਕਾਗਜ਼ਾਂ ਵਿੱਚ ਕਮਜ਼ੋਰ ਲੱਗ ਰਹੀ ਸੀ ਪਰ ਅਮਰੀਕਾ ਦੇ ਖਿਡਾਰੀਆਂ ਨੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਟੀਮ ਨੂੰ ਤਕੜੀ ਟੱਕਰ ਦਿੱਤੀ। ਭਾਰਤ ਨੇ ਅਮਰੀਕਾ ਨੂੰ 57-40 ਨਾਲ ਹਰਾ ਕੇ ਲਗਾਤਾਰ ਛੇਵੀਂ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਦਾਖਲਾ ਪਾਇਆ ਜਿੱਥੇ ਉਸ ਦਾ ਭਲਕੇ ਮੁਕਾਬਲਾ ਇੰਗਲੈਂਡ ਵਿਚਾਲੇ ਹੋਵੇਗਾ। ਭਾਰਤੀ ਟੀਮ ਵੱਲੋਂ ਰੇਡਰ ਮਨਜੋਤ ਸਿੰਘ ਗਿੱਲ ਤੇ ਰਾਜੂ ਨੇ 12-12 ਅਤੇ ਜਗਮੋਹਨ ਸੋਖੀ ਨੇ 10 ਅੰਕ ਬਟੋਰੇ ਜਦੋਂ ਕਿ ਜਾਫ ਲਾਈਨ ਵਿੱਚੋਂ ਨਿੰਦੀ ਨੇ 4 ਤੇ ਖੁਸ਼ੀ ਨੇ 3 ਜੱਫੇ ਲਾਏ। ਅਮਰੀਕਾ ਦੇ ਤਿੰਨ ਰੇਡਰਾਂ ਏ.ਜੇ., ਇੰਜਰਜੀਤ ਜੱਜ ਤੇ ਜਤਿੰਦਰ ਪਾਲ ਨੇ 6-6 ਅੰਕ ਹਾਸਲ ਕੀਤੇ ਅਤੇ ਤਿੰਨ ਜਾਫੀਆਂ ਡੌਂਟੇ, ਗੁਰਪ੍ਰੀਤ ਤੇ ਹਰਜਿੰਦਰ ਨੇ 1-1 ਜੱਫਾ ਲਾਇਆ।