5 Dariya News

ਭਾਰਤੀ ਮੁੰਡੇ ਤੇ ਕੁੜੀਆਂ ਨੇ ਲੀਗ ਦੇ ਸਾਰੇ ਮੈਚ ਜਿੱਤ ਕੇ ਪੂਲ ਵਿੱਚ ਚੋਟੀ ਦਾ ਸਥਾਨ ਮੱਲਿਆ

ਕੈਬਨਿਟ ਮੰਤਰੀ ਰੱਖੜਾ ਵੱਲੋਂ ਕੀਤਾ ਗਿਆ ਮੈਚਾਂ ਦਾ ਰਸਮੀ ਉਦਘਾਟਨ

5 Dariya News

ਨਾਭਾ 14-Nov-2016

ਡਾ.ਬੀ.ਆਰ.ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਗਿਆਰਵੇਂ ਦਿਨ ਚਾਰ ਮੈਚ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਸਟੇਡੀਅਮ ਵਿਖੇ ਹੋਏ ਜਿੱਥੇ ਪੁਰਸ਼ਾਂ ਤੇ ਮਹਿਲਾਵਾਂ ਦੇ ਪੂਲ ਏ ਦੇ ਆਖਰੀ ਲੀਗ ਮੁਕਾਬਲਿਆਂ ਨਾਲ ਵਿਸ਼ਵ ਕੱਪ ਦੇ ਲੀਗ ਮੈਚ ਵੀ ਸਮਾਪਤ ਹੋ ਗਏ। ਭਲਕੇ ਤੋਂ ਨਾਕ-ਆਊਟ ਦੌਰ ਸ਼ੁਰੂ ਹੋਵੇਗਾ। ਪੁਰਸ਼ਾਂ ਦੇ ਪੂਲ ਏ ਵਿੱਚ ਭਾਰਤ ਨੇ ਇੰਗਲੈਂਡ ਨੂੰ 56-37 ਨਾਲ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਨਾਲ ਲੀਗ ਵਿੱਚ ਸਿਖਰਲਾ ਸਥਾਨ ਮੱਲਦਿਆਂ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ। ਇੰਗਲੈਂਡ ਦੀ ਟੀਮ ਚਾਰ ਜਿੱਤਾਂ ਨਾਲ ਸੈਮੀ ਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਬਣੀ। ਇਸੇ ਤਰ੍ਹਾਂ ਮਹਿਲਾ ਵਰਗ ਦੇ ਪੂਲ ਏ ਇਕਲੌਤੇ ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ 51-12 ਨਾਲ ਹਰਾ ਕੇ ਲੀਗ ਵਿੱਚ ਲਗਾਤਾਰ ਤੀਜੀ ਜਿੱਤ ਨਾਲ ਸਿਥਰਲੀ ਪੁਜੀਸ਼ਨ 'ਤੇ ਰਹਿੰਦਿਆਂ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ। ਇਸ ਪੂਲ ਵਿੱਚੋਂ ਸੈਮੀ ਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਕੀਨੀਆ ਹੈ।ਅੱਜ ਦੇ ਲੀਗ ਮੈਚਾਂ ਦੀ ਸਮਾਪਤੀ ਉਪਰੰਤ ਸੈਮੀ ਫਾਈਨਲ ਦੀ ਲਾਈਨ-ਅੱਪ ਤੈਅ ਹੋ ਗਈ। ਪੁਰਸ਼ ਵਰਗ ਵਿੱਚ ਭਾਰਤ ਤੇ ਅਮਰੀਕਾ ਅਤੇ ਇਰਾਨ ਤੇ ਇੰਗਲੈਡ ਦੀਆਂ ਟੀਮਾਂ ਅਤੇ ਮਹਿਲਾ ਵਰਗ ਵਿੱਚ ਭਾਰਤ ਤੇ ਨਿਊਜ਼ੀਲੈਂਡ ਅਤੇ ਅਮਰੀਕਾ ਤੇ ਕੀਨੀਆ ਦੀਆਂ ਟੀਮਾਂ ਵਿਚਾਲੇ ਸੈਮੀ ਫਾਈਨਲ ਖੇਡਿਆ ਜਾਵੇਗਾ। ਅੱਜ ਪੁਰਸ਼ ਵਰਗ ਦੇ ਪੂਲ ਏ ਦੇ ਦੋ ਹੋਰ ਮੈਚਾਂ ਵਿੱਚ ਕੈਨੇਡਾ ਨੇ ਸੀਆਰਾ ਲਿਓਨ ਨੂੰ 48-35 ਅਤੇ ਸਵੀਡਨ ਨੇ ਸ੍ਰੀਲੰਕਾ ਨੂੰ 55-23 ਨਾਲ ਹਰਾਇਆ।

ਇਸ ਤੋਂ ਪਹਿਲਾਂ ਅੱਜ ਦੇ ਮੈਚਾਂ ਦਾ ਰਸਮੀ ਉਦਘਾਟਨ ਅੱਜ ਦੇ ਮੁੱਖ ਮਹਿਮਾਨ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਪਹਿਲੇ ਮੈਚ ਦੀਆਂ ਟੀਮਾਂ ਭਾਰਤ ਤੇ ਇੰਗਲੈਂਡ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕਰ ਕੇ ਕੀਤੀ। ਇਸ ਮੌਕੇ ਸ੍ਰੀਮਤੀ ਵਨਿੰਦਰ ਕੌਰ ਲੂੰਬਾ ਤੇ ਸ੍ਰੀਮਤੀ ਹਰਪ੍ਰੀਤ ਕੌਰ ਮੁਖਮੈਲਪੁਰ (ਦੋਵੇਂ ਵਿਧਾਇਕ), ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ. ਤੇਜਿੰਦਰ ਸਿੰਘ ਮਿੱਡੂਖੇੜਾ, ਮੀਤ ਪ੍ਰਧਾਨ ਸ. ਹਰੀ ਸਿੰਘ ਪ੍ਰੀਤ ਟਰੈਕਟਰ, ਸੀਨੀਅਰ ਅਕਾਲੀ ਆਗੂ ਸ. ਮੱਖਣ ਸਿੰਘ ਲਾਲਕਾ, ਸ. ਸਤਵੀਰ ਸਿੰਘ ਖੱਟੜਾ ਤੇ ਸ. ਰਣਧੀਰ ਸਿੰਘ ਰੱਖੜਾ, ਨਗਰ ਕੌਂਸਲ ਦੇ ਪ੍ਰਧਾਨ ਸ. ਗੁਰਸੇਵਰ ਸਿੰਘ ਗੋਲੂ, ਸ. ਨਰਦੇਵ ਸਿੰਘ ਆਕੜੀ, ਪੰਜਾਬ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ, ਡਿਪਟੀ ਕਮਿਸ਼ਨ ਸ੍ਰੀ ਰਾਮਵੀਰ ਸਿੰਘ, ਐਸ.ਐਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ, ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਰੁਪਿੰਦਰ ਰਵੀ, ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਤੇ ਜ਼ਿਲਾ ਖੇਡ ਅਫਸਰ ਸ੍ਰੀ ਯੋਗਰਾਜ ਸਿੰਘ ਵੀ ਹਾਜ਼ਰ ਸਨ।


ਪਹਿਲਾ ਮੈਚ

ਭਾਰਤ ਨੇ ਇੰਗਲੈਂਡ ਨੂੰ 56-37 ਨਾਲ ਹਰਾਇਆ

ਦਿਨ ਦੇ ਪਹਿਲੇ ਮੈਚ ਵਿੱਚ ਪੁਰਸ਼ ਵਰਗ ਦੇ ਪੂਲ ਏ ਵਿੱਚ ਭਾਰਤ ਨੇ ਇੰਗਲੈਂਡ ਨੂੰ 56-37 ਨਾਲ ਹਰਾ ਕੇ ਲੀਗ ਦੇ ਸਾਰੇ 5 ਮੈਚ ਜਿੱਤ ਕੇ ਚੋਟੀ ਦਾ ਸਥਾਨ ਮੱਲਿਆ। ਭਾਰਤ ਵੱਲੋਂ ਰੇਡਰ ਸੁਲਤਾਨ ਤੇ ਸੰਦੀਪ ਸਿੰਘ ਨੇ 10-10 ਅੰਕ ਲਏ ਜਦੋਂ ਕਿ ਜਾਫ ਲਾਈਨ ਵਿੱਚੋਂ ਨਰਿੰਦਰ ਸਿੰਘ ਨੇ 4 ਕੇ ਰਣਜੋਧ ਸਿੰਘ ਨੇ 2 ਜੱਫੇ ਲਾਏ। ਇੰਗਲੈਂਡ ਵੱਲੋਂ ਰੇਡਰ ਗੁਰਦਿੱਤ ਸਿੰਘ ਨੇ 14 ਤੇ ਗੁਰਦੀਪ ਸਿੰਘ ਨੇ 12 ਅੰਕ ਬਟੋਰੇ।


ਦੂਜਾ ਮੈਚ

ਕੈਨੇਡਾ ਨੇ ਸੀਆਰਾ ਲਿਓਨ ਨੂੰ 48-35 ਨਾਲ ਹਰਾਇਆ

ਦਿਨ ਦਾ ਦੂਜਾ ਮੈਚ ਦਰਸ਼ਕਾਂ ਲਈ ਸਭ ਤੋਂ ਖਿੱਚ ਭਰਪੂਰ ਰਿਹਾ। ਪੂਲ ਏ ਦੇ ਇਸ ਮੈਚ ਵਿੱਚ ਕੈਨੇਡਾ ਨੇ ਭਾਵੇਂ ਸੀਆਰਾ ਲਿਓਨ ਨੂੰ 48-35 ਨਾਲ ਹਰਾ ਕੇ ਮੈਚ ਜਿੱਤਿਆ ਪਰ ਸੀਆਰਾ ਲਿਓਨ ਦੇ ਖਿਡਾਰੀਆਂ ਵੱਲੋਂ ਦਿਖਾਈ ਜੁਝਾਰੂ ਖੇਡ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਸ਼ੁਰੂਆਤ ਵਿੱਚ ਸੀਆਰਾ ਲਿਓਨ ਨੇ ਬਰਾਬਰੀ 'ਤੇ ਮੈਚ ਰੱਖਿਆ ਪਰ ਬਾਅਦ ਵਿੱਚ ਕੈਨੇਡਾ ਨੇ ਮੈਚ 'ਤੇ ਪਕੜ ਮਜ਼ਬੂਤ ਬਣਾ ਕੇ ਅਸਾਨ ਜਿੱਤ ਹਾਸਲ ਕਰ ਲਈ। ਇਹ ਦੋਵੇਂ ਟੀਮਾਂ ਭਾਵੇਂ ਲੀਗ ਦੌਰ ਵਿੱਚੋਂ ਬਾਹਰ ਹੋ ਗਈਆਂ ਪਰ ਦੋਵਾਂ ਟੀਮਾਂ ਨੇ ਚੰਗੀ ਖੇਡ ਦਿਖਾਈ। ਕੈਨੇਡਾ ਵੱਲੋਂ ਰੇਡਰ ਮਨਵੀਰ ਸਿੰਘ ਨੇ 12 ਤੇ ਕੁਲਵਿੰਦਰ ਸਿੰਘ ਕਿੰਦਾ ਬਿਹਾਰੀਪੁਰੀਆ ਨੇ 10 ਅੰਕ ਲਏ ਜਦੋਂ ਕਿ ਜਾਫੀ ਬਲਜੀਤ ਸਿੰਘ ਸੈਦੋਕੇ ਤੇ ਅਮਨਦੀਪ ਸਿੰਘ ਨੇ 3-3 ਜੱਫੇ ਲਾਏ। ਸੀਆਰਾ ਲਿਓਨ ਵੱਲੋਂ ਜੋਸਫ ਨੇ 13 ਤੇ ਲਿਬੇ ਨੇ 7 ਅੰਕ ਲਏ ਜਦੋਂ ਕਿ ਜਾਫੀ ਸੈਦੋ ਨੇ 2 ਤੇ ਲਿਵਰਪੂਲ ਨੇ 1 ਜੱਫਾ ਲਾਇਆ।


ਤੀਜਾ ਮੈਚ 

ਸਵੀਡਨ ਨੇ ਸੀ੍ਰਲੰਕਾ ਨੂੰ 55-23 ਨਾਲ ਹਰਾਇਆ

ਦਿਨ ਦੇ ਤੀਜੇ ਮੈਚ ਵਿੱਚ ਸਵੀਡਨ ਨੇ ਸ੍ਰੀਲੰਕਾ ਨੂੰ 55-23 ਨਾਲ ਹਰਾ ਕੇ ਵਿਸ਼ਵ ਕੱਪ ਦੀ ਪਹਿਲੀ ਜਿੱਤ ਹਾਸਲ ਕੀਤੀ। ਇਸ ਪੂਲ ਵਿੱਚ ਸਵੀਡਨ ਇਕ ਜਿੱਤ ਨਾਲ ਪੰਜਵੇਂ ਅਤੇ ਸ੍ਰੀਲੰਕਾ ਸਾਰੇ ਮੈਚ ਹਾਰ ਕੇ ਛੇਵੇਂ ਸਥਾਨ 'ਤੇ ਰਹੀ। ਸਵੀਡਨ ਵੱਲੋਂ ਅਕਾਸ਼ ਤੇ ਹਰਜਿੰਦਰ ਸਿੰਘ ਨੇ 7-7 ਅੰਕ ਲਏ ਜਦੋਂ ਕਿ ਜਾਫੀ ਵਰਿੰਦਰ ਸਿੰਘ ਨੇ 8, ਹਰਵਿੰਦਰ ਸਿੰਘ ਨੇ 6 ਤੇ ਜਪ ਸਿੰਘ ਨੇ 5 ਜੱਫੇ ਲਾਏ। ਸ੍ਰੀਲੰਕਾ ਵੱਲੋਂ ਪਰਦੀਪ ਨੇ 9 ਤੇ ਅਬਦੁਲ ਨੇ 3 ਅੰਕ ਲਏ ਜਦੋਂ ਕਿ ਸਾਮਪੰਥ ਨੇ 3 ਤੇ ਵਾਸੰਥਾ ਨੇ 2 ਜੱਫੇ ਲਾਏ।

ਚੌਥਾ ਮੈਚ

ਮਹਿਲਾ ਵਰਗ; ਭਾਰਤ ਨੇ ਸ੍ਰੀਲੰਕਾ ਨੂੰ 51-12 ਨਾਲ ਹਰਾਇਆ

ਦਿਨ ਦੇ ਚੌਥੇ ਤੇ ਆਖਰੀ ਮੈਚ ਵਿੱਚ ਮਹਿਲਾ ਵਰਗ ਦੇ ਪੂਲ ਏ ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ ਇਕਪਾਸੜ ਮੁਕਾਬਲੇ ਵਿੱਚ 51-12 ਨਾਲ ਹਰਾ ਕੇ ਲੀਗ ਵਿੱਚ ਲਗਾਤਾਰ ਤੀਜੀ ਜਿੱਤ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ। ਇਸ ਪੂਲ ਵਿੱਚੋਂ ਭਾਰਤ ਦੀ ਟੀਮ ਪਹਿਲੇ ਸਥਾਨ ਅਤੇ ਕੀਨੀਆ ਦੀ ਟੀਮ ਦੋ ਜਿੱਤਾਂ ਨਾਲ ਦੂਜੇ ਸਥਾਨ 'ਤੇ ਰਹਿੰਦੀ ਹੋਈ ਸੈਮੀ ਫਾਈਨਲ 'ਚ ਪੁੱਜੀਆਂ। ਸ੍ਰੀਲੰਕਾ ਟੀਮ ਇਕ ਜਿੱਤ ਨਾਲ ਤੀਜੇ ਸਥਾਨ 'ਤੇ ਰਹੀ। ਭਾਰਤ ਵੱਲੋਂ ਰੇਡਰ ਮੀਨਾ ਤੇ ਸੁਮਨ ਨੇ 6-6 ਅੰਕ ਹਾਸਲ ਕੀਤੇ ਜਦੋਂ ਕਿ ਜਾਫੀ ਰਣਦੀਪ ਤੇ ਸੁਖਦੀਪ ਕੌਰ ਨੇ 5-5 ਜੱਫੇ ਲਾਏ। ਸ੍ਰੀਲੰਕਾ ਵੱਲੋਂ ਰੇਡਰ ਦਮਿੰਅਤੀ ਨੇ 3 ਤੇ ਦਿਸਾਂਕਿਆ ਨੇ 2 ਅੰਕ ਲਏ ਅਤੇ ਜਾਫੀ ਸੌਮਿਆ ਨੇ 1 ਜੱਫਾ ਲਾਇਆ