5 Dariya News

ਪੰਜਾਬ 'ਚ ਗਰੀਬ ਪਰਿਵਾਰਾਂ ਨੂੰ ਮੁਫਤ ਗੈਸ ਕੁਨੈਕਸ਼ਨ ਅਤੇ ਚੁੱਲੈ ਵੰਡਣ ਦੀ ਸ਼ੁਰੂਆਤ

ਦੇਸ਼ ਭਰ 'ਚ 5 ਕਰੋੜ ਪਰਿਵਾਰਾਂ ਨੂੰ ਉਜਵਲਾ ਸਕੀਮ ਤਹਿਤ ਦਿੱਤੇ ਜਾਣਗੇ ਮੁਫਤ ਗੈਸ ਕੁਨੈਕਸ਼ਨ - ਕੇਂਦਰੀ ਰਾਜ ਮੰਤਰੀ ਧਰਮਿੰਦਰ ਪ੍ਰਧਾਨ

5 Dariya News

ਤਰਨਤਾਰਨ 11-Nov-2016

ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਮੁਫਤ ਗੈਸ ਕੁਨੈਕਸਨ ਦੇਣ ਲਈ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ 'ਪ੍ਰਧਾਨ ਮੰਤਰੀ ਉਜਵਲਾ ਸਕੀਮ' ਦੀ ਪੰਜਾਬ ਵਿੱਚ ਸ਼ੁਰੂਆਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੈਰੋਂ ਤੋਂ ਕਰ ਦਿੱਤੀ ਗਈ ਹੈ। ਉਜਵਲਾ ਸਕੀਮ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ, ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਧਰਮਿੰਦਰ ਪ੍ਰਧਾਨ, ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਅਦੇਸ਼ ਪ੍ਰਤਾਪ ਸਿੰਘ ਕੈਰੋਂ, ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਅਤੇ ਰਾਜ ਸਭਾ ਮੈਂਬਰ ਸ੍ਰੀ ਸਵੇਤ ਮਲਿਕ ਵੱਲੋਂ ਬੀ.ਪੀ.ਐੱਲ. ਪਰਿਵਾਰਾਂ ਦੀਆਂ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ ਵੰਡੇ ਗਏ।ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪਹਿਲ ਕਦਮੀ ਨਾਲ ਪੂਰੇ ਦੇਸ਼ 'ਚ 5 ਕਰੋੜ ਬੀ.ਪੀ.ਐੱਲ. ਪਰਿਵਾਰਾਂ ਨੂੰ ਤਿੰਨ ਸਾਲਾਂ ਦੇ ਅੰਦਰ ਉਜਵਲਾ ਸਕੀਮ ਤਹਿਤ ਮੁਫਤ ਗੈਸ ਕੁਨੈਕਸ਼ਨ ਵੰਡੇ ਜਾਣਗੇ। 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ 27 ਮਾਰਚ 2015 ਨੂੰ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀ ਮਰਜੀ ਨਾਲ ਐੱਲ.ਪੀ.ਜੀ. 'ਤੇ ਮਿਲਦੀ ਸਬਸਿਡੀ ਨੂੰ ਛੱਡਣ ਤਾਂ ਜੋ ਉਸ ਸਬਸਿਡੀ ਨਾਲ ਗਰੀਬ ਲੋਕਾਂ ਦੇ ਘਰਾਂ 'ਚ ਗੈਸ ਦੇ ਚੁੱਲੇ ਬਲ ਸਕਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੀ ਇਸ ਅਪੀਲ ਦਾ ਦੇਸ਼ ਦੇ ਲੋਕਾਂ 'ਤੇ ਵੱਡਾ ਅਸਰ ਹੋਇਆ ਹੈ ਅਤੇ ਹੁਣ ਤੱਕ ਇੱਕ ਕਰੋੜ ਤੋਂ ਵੱਧ ਲੋਕ ਸਵੈ-ਇੱਛਾ ਨਾਲ ਐੱਲ.ਪੀ.ਜੀ. 'ਤੇ ਮਿਲਦੀ ਸਬਸਿਡੀ ਛੱਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਜਿਨੀ ਵੀ ਬਚਤ ਹੁੰਦੀ ਹੈ ਉਸ ਨਾਲ ਗਰੀਬ ਪਰਿਵਾਰਾਂ ਨੂੰ ਮੁਫਤ ਗੈਸ ਕੁਨੈਕਸ਼ਨ ਮੁਹੱਈਆ ਕਰਾਏ ਜਾ ਰਹੇ ਹਨ।ਕੇਂਦਰੀ ਰਾਜ ਮੰਤਰੀ ਸ੍ਰੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਸਾਰੇ ਬੀ.ਪੀ.ਐੱਲ. ਪਰਿਵਾਰਾਂ ਨੂੰ 31 ਦਸੰਬਰ ਤੋਂ ਪਹਿਲਾਂ ਪਹਿਲਾਂ ਮੁਫਤ ਗੈਸ ਕੁਨੈਕਸ਼ਨ ਦੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਘਰ 'ਚ ਗੈਸ ਕੁਨੈਕਸ਼ਨ ਹੋਣ ਨਾਲ ਵਾਤਾਵਰਨ 'ਚ ਫੈਲਦੇ ਧੂੰਏ ਦੇ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ ਅਤੇ ਜੋ ਗਰੀਬ ਔਰਤਾਂ ਧੂੰਏ ਕਾਰਨ ਬਿਮਾਰ ਹੁੰਦੀਆਂ ਸਨ ਹੁਣ ਉਹ ਵੀ ਨਹੀਂ ਹੋਣਗੀਆਂ। 

ਪੰਜਾਬ ਦੇ ਕਿਸਾਨਾਂ ਲਈ ਵੱਡਾ ਐਲਾਨ ਕਰਦਿਆਂ ਕੇਂਦਰੀ ਰਾਜ ਮੰਤਰੀ ਸ੍ਰੀ ਦਵਿੰਦਰ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਠਿੰਡਾ ਅਤੇ ਪੱਟੀ ਵਿਖੇ 1000 ਕਰੋੜ ਰੁਪਏ ਦੀ ਲਾਗਤ ਨਾਲ 500-500 ਟਨ ਦੀ ਸਮਰੱਥਾ ਵਾਲੇ ਦੋ ਵੱਡੇ ਪਲਾਂਟ ਲਗਾਏ ਜਾਣਗੇ ਜਿਸ ਨਾਲ ਖੇਤੀ ਦੀ ਰਹਿੰਦ ਪਰਾਲੀ, ਨਾੜ ਆਦਿ ਤੋਂ ਪੈਟਰੋਲ ਪੈਦਾ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਆਰਥਿਕ ਲਾਭ ਹੋਵੇਗਾ ਅਤੇ ਪ੍ਰਦੁਸ਼ਣ 'ਤੇ ਵੀ ਰੋਕ ਲੱਗੇਗੀ।ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਉਜਵਲਾ ਸਕੀਮ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਕੀਮ ਨਾਲ ਗਰੀਬ ਪਰਿਵਾਰਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਜਵਲਾ ਸਕੀਮ ਤਹਿਤ ਮੁਫਤ ਕੁਨੈਕਸ਼ਨ ਦਿੱਤੇ ਜਾ ਰਹੇ ਜਦਕਿ ਪੰਜਾਬ ਸਰਕਾਰ ਵੱਲੋਂ ਵੀ ਗਰੀਬ ਲੋਕਾਂ ਨੂੰ ਰਾਹਤ ਦਿੰਦਿਆਂ ਫੈਸਲਾ ਕੀਤਾ ਗਿਆ ਹੈ ਕਿ ਗੈਸ ਕੁਨੈਕਸ਼ਨ ਦੇ ਨਾਲ ਮਿਲਦੇ ਚੁੱਲੇ ਸੂਬਾ ਸਰਕਾਰ ਵੱਲੋਂ ਮੁਫਤ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅਗਲੇ ਡੇਡ ਮਹੀਨੇ 'ਚ ਪੰਜਾਬ ਦੇ ਹਰ ਘਰ ਵਿੱਚ ਗੈਸ ਕੁਨੈਕਸ਼ਨ ਹੋਵੇਗਾ। ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਬਹੁਤ ਜਲਦੀ ਪੰਜਾਬ 'ਚ ਖੇਤੀ ਰਹਿੰਦ-ਖੂਹੰਦ ਤੋਂ ਪੈਟਰੋਲ ਬਣਾਉਣ ਲਈ ਵੱਡੇ ਪਲਾਂਟ ਸਥਾਪਤ ਕੀਤੇ ਜਾਣਗੇ।

ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਰਾਜ ਸਰਕਾਰ ਨੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁਕਣ ਲਈ ਸਿਰਤੋੜ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਹੈ। ਸ. ਬਾਦਲ ਨੇ ਕਿਹਾ ਕਿ ਅੱਜ ਸੂਬਾ ਪੰਜਾਬ ਬਿਜਲੀ ਦੇ ਖੇਤਰ 'ਚ ਸਰਪਲੱਸ ਹੈ ਅਤੇ ਸਸਤਾ ਆਟਾ ਦਾਲ ਯੋਜਨਾ, ਸਿਹਤ ਬੀਮਾਂ ਯੋਜਨਾ ਸਮੇਤ ਕਈ ਕਲਿਆਣਕਾਰੀ ਯੋਜਨਾਵਾਂ ਚੱਲ ਰਹੀਆਂ ਹਨ। ਸ. ਬਾਦਲ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ 'ਚ 4 ਲੱਖ ਮਰੀਜਾਂ ਨੇ ਸਿਹਤ ਬੀਮਾਂ ਯੋਜਨਾ ਤਹਿਤ ਮੁਫਤ ਇਲਾਜ ਕਰਾਇਆ ਹੈ। ਉਨ੍ਹਾਂ ਕਿਹਾ ਰਾਜ ਸਰਕਾਰ ਵੱਲੋਂ 1800 ਦੇ ਕਰੀਬ ਮੁਫਤ ਦਵਾਈਆਂ ਦੀਆਂ ਦੁਕਾਨਾਂ ਵੀ ਖੋਲ ਦਿੱਤੀਆਂ ਗਈ ਹਨ ਜਿਨ੍ਹਾਂ 'ਚੋਂ ਮੁਫਤ ਦਵਾਈ ਮਿਲਣ ਦੇ ਨਾਲ ਟੈਸਟ ਵੀ ਮੁਫਤ ਕੀਤੇ ਜਾਣਗੇ।ਸ. ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ 'ਚ ਵੀ ਅਕਾਲੀ-ਭਾਜਪਾ ਗਠਜੋੜ ਵੱਡੀ ਜਿੱਤ ਹਾਸਲ ਕਰਕੇ ਸਰਕਾਰ ਬਣਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ 'ਚ 35 ਹਜ਼ਾਰ ਕਰੋੜ ਰੁਪਏ ਖਰਚ ਕਰਕੇ ਰਾਜ ਦੇ ਸਾਰੇ ਪਿੰਡਾਂ 'ਚ ਸੀਵਰੇਜ ਸਿਸਟਮ, ਸਟਰੀਟ ਲਾਈਟਾਂ, ਪੱਕੀਆਂ ਗਲੀਆਂ ਆਦਿ ਸਹੂਲਤਾਂ ਦੇ ਕੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ।

ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ. ਅਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕੇਂਦਰੀ ਰਾਜ ਮੰਤਰੀ ਦਾ ਪਿੰਡ ਕੈਰੋਂ ਤੋਂ ਉਜਵਲਾ ਸਕੀਮ ਦੀ ਸ਼ੁਰੂਆਤ ਕਰਨ ਲਈ ਧੰਨਵਾਦ ਕੀਤਾ। ਸ. ਕੈਰੋਂ ਨੇ ਕਿਹਾ ਕਿ ਪੰਜਾਬ ਭਰ 'ਚ 7.75 ਲੱਖ ਬੀ.ਪੀ.ਐੱਲ. ਪਰਿਵਾਰ ਹਨ ਜਿਨ੍ਹਾਂ ਨੂੰ ਥੋੜੇ ਸਮੇਂ ਵਿੱਚ ਮੁਫਤ ਗੈਸ ਕੁਨੈਕਸ਼ਨ ਦੇਣ ਦੇ ਨਾਲ ਸੂਬਾ ਸਰਕਾਰ ਵੱਲੋਂ ਮੁਫਤ ਚੁੱਲੇ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਪਹਿਲੇ ਪੜਾਅ ਤਹਿਤ ਸੂਬੇ 'ਚ 1.80 ਲੱਖ ਮੁਫਤ ਗੈਸ ਕੁਨੈਕਸ਼ਨ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਕੇਰੋਂ ਵਿਖੇ ਪੱਟੀ ਹਲਕੇ ਦੀਆਂ 2200 ਔਰਤਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਗਿਆ ਹੈ। ਸ. ਕੈਰੋਂ ਨੇ ਕਿਹਾ ਕਿ ਪੂਰੇ ਪੰਜਾਬ ਨੂੰ ਬਹੁਤ ਜਲਦ ਧੂੰਆਂ ਰਹਿਤ ਕਰ ਦਿੱਤਾ ਜਾਵੇਗਾ। ਸ. ਕੈਰੋਂ ਨੇ ਕਿਹਾ ਕਿ ਪੈਟਰੋਲੀਅਮ ਮੰਤਰਾਲੇ ਵੱਲੋਂ ਖੇਤੀ ਰਹਿੰਦ-ਖੂਹੰਦ ਤੋਂ ਪੈਟਰੋਲ ਬਣਾਉਣ ਦਾ ਪਲਾਂਟ ਲਗਾਉਣ ਨਾਲ ਇਸ ਸਰਹੱਦੀ ਖੇਤਰ ਨੂੰ ਵੱਡਾ ਲਾਭ ਮਿਲੇਗਾ।

ਇਸ ਮੌਕੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਅਤੇ ਰਾਜ ਸਭਾ ਮੈਂਬਰ ਸ੍ਰੀ ਸਵੇਤ ਮਲਿਕ ਨੇ ਆਪਣੇ ਸੰਬੋਧਨ 'ਚ ਉਜਵਲਾ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਕੇਂਦਰ ਅਤੇ ਰਾਜ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਜਿਕਰ ਕੀਤਾ। ਇਸਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ, ਉੱਪ ਮੁੱਖ ਮੰਤਰੀ ਸ. ਬਾਦਲ, ਕੈਬਨਿਟ ਮੰਤਰੀ ਸ. ਕੈਰੋਂ, ਸ੍ਰੀ ਸਾਂਪਲਾ ਤੇ ਹੋਰ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਦੀ ਸਮਾਧ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਗੁਰਪ੍ਰਤਾਪ ਸਿੰਘ ਗੁੱਡੂ ਕੈਰੋਂ, ਚੇਅਰਮੈਨ ਅਜੇਪਾਲ ਸਿੰਘ ਮੀਰਾਂਕੋਟ, ਭਾਰਤ ਪੈਟਰੋਲੀਅਮ ਦੇ ਅਧਿਕਾਰੀ ਸਲਿੰਦਰ ਸ਼ਰਮਾਂ, ਸੰਦੀਪ ਜੈਨ, ਡਿਪਟੀ ਕਮਿਸ਼ਨਰ ਤਰਨਤਾਰਨ ਇੰਜੀ: ਡੀ.ਪੀ.ਐੱੱਸ. ਖਰਬੰਦਾ, ਐੱਸ.ਐੱਸ.ਪੀ. ਮਨਮੋਹਨ ਸ਼ਰਮਾਂ, ਗੁਰਮੁੱਖ ਸਿੰਘ ਘੁੱਲਾ ਬਲੇਰ, ਅਵਨ ਕੁਮਾਰ ਸੋਨੂੰ ਚੀਮਾਂ, ਸੁਰਿੰਦਰ ਕੁਮਾਰ ਛਿੰਦਾ, ਜਸਬੀਰ ਸਿੰਘ ਢੋਟੀਆਂ, ਮੋਨੂੰ ਚੀਮਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਹਾਜ਼ਰ ਸਨ।