5 Dariya News

ਡਾ.ਬੀ.ਆਰ.ਅੰਬੇਦਕਰ ਛੇਵਾਂ ਵਿਸ਼ਵ ਕੱਪ ਕਬੱਡੀ-2016: ਪੁਰਸ਼ ਵਰਗ ਵਿੱਚ ਭਾਰਤ, ਇੰਗਲੈਂਡ ਤੇ ਅਮਰੀਕਾ ਨੇ ਲਗਾਈ ਜਿੱਤ ਦੀ ਹੈਟ੍ਰਿਕ

ਕੈਨੇਡਾ ਨੇ ਵੀ ਦੂਜਾ ਮੈਚ ਜਿੱਤਿਆ, ਮਹਿਲਾ ਵਰਗ ਵਿੱਚ ਕੀਨੀਆ ਨੇ ਪਹਿਲੀ ਜਿੱਤ ਦਾ ਸਵਾਦ ਚਖਿਆ

5 Dariya News

ਰੋਡੇ (ਮੋਗਾ) 09-Nov-2016

ਡਾ.ਬੀ.ਆਰ.ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਸੱਤਵੇਂ ਦਿਨ ਅੱਜ ਮੋਗਾ ਜ਼ਿਲੇ ਦੇ ਇਤਿਹਾਸਕ ਪਿੰਡ ਰੋਡੇ ਦੇ ਖਾਲਸਾ ਸਟੇਡੀਅਮ ਵਿਖੇ ਪੰਜ ਮੈਚ ਖੇਡੇ ਗਏ। ਅੱਜ ਖੇਡੇ ਗਏ ਮੈਚਾਂ ਦੌਰਾਨ ਪੁਰਸ਼ ਵਰਗ ਦੇ ਪੂਲ ਏ ਵਿੱਚ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਅਤੇ ਪੂਲ ਬੀ ਦੀ ਟੀਮ ਅਮਰੀਕਾ ਨੇ ਲਗਾਤਾਰ ਤੀਜੀ ਜਿੱਤ ਨਾਲ ਸੈਮੀ ਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ਕੀਤਾ ਜਦੋਂ ਕਿ ਪੂਲ ਏ ਵਿੱਚ ਕੈਨੇਡਾ ਦੀ ਟੀਮ ਨੇ ਵੀ ਦੂਜੀ ਜਿੱਤ ਦਰਜ ਕੀਤੀ। ਮਹਿਲਾ ਵਰਗ ਦੇ ਪੂਲ ਏ ਦੇ ਹੋਏ ਇਕਲੌਤੇ ਮੈਚ ਵਿੱਚ ਕੀਨੀਆ ਦੀ ਟੀਮ ਨੇ ਜਿੱਥੇ ਆਪਣੀ ਦਿਲਕਸ਼ ਖੇਡ ਨਾਲ ਦਰਸ਼ਕਾਂ ਦੇ ਦਿਲ ਜਿੱਤੇ ਉਥੇ ਵਿਸ਼ਵ ਕੱਪ ਵਿੱਚ ਪਲੇਠੀ ਜਿੱਤ ਹਾਸਲ ਕੀਤੀ। ਸ੍ਰੀਲੰਕਾ ਤੇ ਸਵੀਡਨ ਦੀਆਂ ਟੀਮਾਂ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਰੋਡੇ ਪਿੰਡ ਵਿੱਚ ਪਹਿਲੀ ਵਾਰ ਹੋਏ ਵਿਸ਼ਵ ਕੱਪ ਦੇ ਮੁਕਾਬਲਿਆਂ ਵਿੱਚ ਭਾਰੀ ਦਰਸ਼ਕਾਂ ਦੀ ਭੀੜ ਜੁੜੀ। ਅੱਜ ਖੇਡੇ ਗਏ ਪੁਰਸ਼ ਵਰਗ ਦੇ ਮੈਚਾਂ ਵਿੱਚ ਕੈਨੇਡਾ ਨੇ ਸਵੀਡਨ ਨੂੰ 59-23, ਇੰਗਲੈਂਡ ਨੇ ਸੀਆਰਾ ਲਿਓਨ ਨੂੰ 48-30, ਭਾਰਤ ਨੇ ਸ੍ਰੀਲੰਕਾ ਨੂੰ 49-35 ਅਤੇ ਅਮਰੀਕਾ ਨੇ ਆਸਟਰੇਲੀਆ ਨੂੰ 48-37 ਨਾਲ ਹਰਾਇਆ ਜਦੋਂ ਕਿ ਕੀਨੀਆ ਨੇ ਮੈਕਸੀਕੋ ਨੂੰ 45-11 ਨਾਲ ਹਰਾਇਆ।

ਇਸ ਤੋਂ ਪਹਿਲਾਂ ਅੱਜ ਦੇ ਮੁਕਾਬਲਿਆਂ ਦੇ ਮੁੱਖ ਮਹਿਮਾਨ ਲੋਕ ਨਿਰਮਾਣ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਦਿਨ ਦੇ ਪਹਿਲੇ ਮੈਚ ਦੀਆਂ ਟੀਮਾਂ ਕੈਨੇਡਾ ਤੇ ਸਵੀਡਨ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕਰ ਕੇ ਮੈਚਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਸ. ਮਹੇਸ਼ਇੰਦਰ ਸਿੰਘ, ਮੋਗਾ ਤੋਂ ਵਿਧਾਇਕ ਸ੍ਰੀ ਜੋਗਿੰਦਰ ਜੈਨ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ. ਬਰਜਿੰਦਰ ਸਿੰਘ ਬਰਾੜ, ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਕੈਪਟਨ ਹਰਚਰਨ ਸਿੰਘ ਰੋਡੇ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸ. ਤੀਰਥ ਸਿੰਘ ਮਾਹਲਾ, ਮੋਗਾ ਦੇ ਮੇਅਰ ਸ੍ਰੀ ਅਕਸ਼ਿਤ ਜੈਨ, ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਖਹਰਪ੍ਰੀਤ ਸਿੰਘ ਰੋਡੇ, ਪ੍ਰਸਿੱਧ ਅਕਾਲੀ ਆਗੂ ਪੱਪੂ ਰਾਮੂੰਵਾਲਾ, ਡਿਪਟੀ ਕਮਿਸ਼ਨਰ ਸ੍ਰੀ ਕੁਲਦੀਪ ਸਿੰਘ ਵੈਦ, ਡੀ.ਆਈ.ਜੀ. ਸ੍ਰੀ ਰਣਬੀਰ ਸਿੰਘ ਖੱਟੜਾ, ਐਸ.ਐਸ.ਪੀ. ਸ੍ਰੀ ਸਨੇਹਦੀਪ ਸ਼ਰਮਾ, ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ, ਜ਼ਿਲਾ ਖੇਡ ਅਫਸਰ ਸ੍ਰੀ ਸੁਨੀਲ ਕੁਮਾਰ ਵੀ ਹਾਜ਼ਰ ਸਨ।

ਪਹਿਲਾ ਮੈਚ

ਕੈਨੇਡਾ ਨੇ ਸਵੀਡਨ ਨੂੰ 59-23 ਨਾਲ ਹਰਾਇਆ

ਦਿਨ ਦੇ ਪਹਿਲੇ ਮੈਚ ਵਿੱਚ ਕੈਨੇਡਾ ਦੀ ਟੀਮ ਨੇ ਸਵੀਡਨ ਨੂੰ 59-23 ਨਾਲ ਹਰਾ ਕੇ ਪੂਲ ਏ ਵਿੱਚ ਦੂਜੀ ਜਿੱਤ ਦਰਜ ਕੀਤੀ। ਕੈਨੇਡਾ ਵੱਲੋਂ ਰੇਡਰ ਸੁਖਰਾਜ ਸਿੰਘ ਨੇ 11 ਤੇ ਇੰਦਰਜੀਤ ਸਿੰਘ ਨੇ 6 ਅੰਕ ਬਟੋਰੇ ਜਦੋਂ ਕਿ ਜਾਫੀ ਸੰਦੀਪ ਸਿੰਘ ਨੇ 6 ਤੇ ਬਲਜੀਤ ਸਿੰਘ ਸੈਦੋਕੇ ਨੇ 3 ਜੱਫੇ ਲਾਏ। ਸਵੀਡਨ ਵੱਲੋਂ ਖੁਸ਼ਵਿੰਦਰ ਸਿੰਘ ਨੇ 9, ਅਕਾਸ਼ ਨੇ 5 ਤੇ ਰਾਜ ਕੁਮਾਰ ਨੇ 3 ਅੰਕ ਲਏ ਅਤੇ ਜਾਫੀ ਜਪ ਸਿੰਘ ਨੇ 2 ਤੇ ਗੁਰਿੰਦਰ ਸਿੰਘ ਨੇ 1 ਜੱਫਾ ਲਾਇਆ।

ਦੂਜਾ ਮੈਚ

ਇੰਗਲੈਂਡ ਨੇ ਸੀਆਰਾ ਲਿਓਨ ਨੂੰ 48-30 ਨਾਲ ਹਰਾਇਆ

ਪੂਲ ਏ ਦੇ ਮਹੱਤਵਪੂਰਨ ਮੈਚ ਵਿੱਚ ਇੰਗਲੈਂਡ ਨੇ ਸੀਆਰਾ ਲਿਓਨ ਨੂੰ 48-30 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਨਾਲ ਸੈਮੀ ਫਾਈਨਲ ਲਈ ਦਾਅਵਾ ਮਜ਼ਬੂਤ ਕੀਤਾ। ਇੰਗਲੈਂਡ ਦੀ ਟੀਮ ਵੱਲੋਂ ਰੇਡਰ ਗੁਰਦੇਵ ਗੋਪੀ ਨੇ 9, ਗੁਰਦਿੱਤ ਨੇ 8 ਤੇ ਨਰਵਿੰਦਰ ਨੇ 7 ਅੰਕ ਲਏ ਅਤੇ ਜਾਫੀ ਸੰਦੀਪ ਸਿੰਘ ਨੰਗਲ ਅੰਬੀਆ ਨੇ 6 ਤੇ ਅਮਨ ਉਪਲ ਨੇ 3 ਜੱਫੇ ਲਾਏ। ਸੀਆਰਾ ਲਿਓਨ ਵੱਲੋਂ ਰੇਡਰ ਸੈਮੂਅਲ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਿਆ ਜਿਸ ਨੇ 11 ਅੰਕ ਲਏ ਜਦੋਂ ਕਿ ਵਿਲੀਅਮ ਨੇ 6 ਅੰਕ ਲਏ ਅਤੇ ਜਾਫੀ ਕੈਮਵੈਲ ਨੇ 1 ਜੱਰਫਾ ਲਾਇਆ।

ਤੀਜਾ ਮੈਚ

ਭਾਰਤ ਨੇ ਸ੍ਰੀਲੰਕਾ ਨੂੰ 49-35 ਨਾਲ ਹਰਾਇਆ

ਪਿਛਲੇ ਵਾਰ ਦੀ ਵਿਸ਼ਵ ਕੱਪ ਚੈਂਪੀਅਨ ਭਾਰਤ ਦੀ ਟੀਮ ਨੇ ਛੇਵੇਂ ਵਿਸ਼ਵ ਕੱਪ ਵਿੱਚ ਆਪਣੀ ਜੇਤੂ ਮੂਹਿੰਮ ਜਾਰੀ ਕਰਦਿਆਂ ਪੂਲ ਏ ਮੈਚ ਵਿੱਚ ਸ੍ਰੀਲੰਕਾ ਨੂੰ 49-35 ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਲਗਾਈ। ਭਾਰਤ ਦੀ ਟੀਮ ਇੰਗਲੈਂਡ ਦੇ ਨਾਲ ਆਪਣੇ ਪੂਲ ਏ ਵਿੱਚ ਸਿਖਰਲੇ ਸਥਾਨ 'ਤੇ ਬਣੀ ਹੋਈ ਹੈ। ਭਾਰਤ ਦੀ ਟੀਮ ਨੇ ਇਸ ਮੈਚ ਨੂੰ ਤਜ਼ਰਬੇ ਵਜੋਂ ਲੈਂਦਿਆਂ ਆਪਣੇ ਜਾਫੀ ਗੁਰਪ੍ਰੀਤ ਸਿੰਘ ਗੋਪੀ ਮਾਣਕੀ ਨੂੰ ਰੇਡਰ ਅਤੇ ਕਪਤਾਨ ਤੇ ਜਾਫੀ ਖੁਸ਼ਦੀਪ ਸਿੰਘ ਖੁਸ਼ੀ ਨੂੰ ਰੇਡਰ ਵਜੋਂ ਖਿਡਾਇਆ। ਭਾਰਤ ਦੀ ਰੇਡ ਲਾਈਨ ਵਿੱਚੋਂ ਮੱਖੀ ਨੇ 10, ਸੰਦੀਪ ਸਿੰਘ ਨੇ 8 ਤੇ ਸੁਲਤਾਨ ਨੇ 5 ਅੰਕ ਲਏ ਜਦੋਂ ਕਿ ਜਾਫ ਲਾਈਨ ਵਿੱਚੋਂ ਸੁਲਤਾਨ ਨੇ 2, ਰਣਜੋਧ ਤੇ ਸੁਖਜਿੰਦਰ ਸਿੰਘ ਨੇ 1-1 ਜੱਫਾ ਲਾਇਆ। ਸ੍ਰੀਲੰਕਾ ਦੀ ਟੀਮ ਵੱਲੋਂ ਰੇਡਰ ਪ੍ਰਸੰਨਾ ਨੇ 7 ਤੇ ਸੁਸਾਂਥਾ ਨੇ 6 ਅੰਕ ਲਏ।

ਚੌਥਾ ਮੈਚ

ਮਹਿਲਾ ਵਰਗ; ਕੀਨੀਆ ਨੇ ਮੈਕਸੀਕੋ ਨੂੰ 45-11 ਨਾਲ ਹਰਾਇਆ

ਰੋਡੇ ਪਿੰਡ ਵਿਖੇ ਅੱਜ ਚੌਥਾ ਮੈਚ ਮਹਿਲਾ ਵਰਗ ਵਿੱਚ ਪੂਲ ਏ ਦੀਆਂ ਟੀਮਾਂ ਕੀਨੀਆ ਤੇ ਮੈਕਸੀਕੋ ਵਿਚਾਲੇ ਖੇਡਿਆ ਗਿਆ। ਕੀਨੀਆ ਨੇ ਵਿਸ਼ਵ ਕੱਪ ਵਿੱਚ ਪਲੇਠੀ ਜਿੱਤ ਦਰਜ ਕਰਦਿਆਂ ਮੈਕਸੀਕੋ ਨੂੰ 45-11 ਨਾਲ ਹਰਾਇਆ। ਕੀਨੀਆ ਦੀ ਟੀਮ ਵੱਲੋਂ ਨਦੂੰਗਿਨ ਨੇ 10 ਅਤੇ ਲਿਲੀਅਨ ਤੇ ਮੈਅਸੀ ਨੇ 5-5 ਅੰਕ ਲਏ ਜਦੋਂ ਕਿ ਮੈਕਸੀਕੋ ਟੀਮ ਵੱਲੋਂ ਰੇਡਰ ਅਲੈਗਜੈਂਡਰਾ ਨੇ 3 ਤੇ ਤਾਨੀਆ ਨੇ 2 ਅੰਕ ਲਏ ਅਤੇ ਜਾਫੀ ਕ੍ਰਿਸਟੀਨਾ ਨੇ 5 ਜੱਫੇ ਲਾਏ।

ਪੰਜਵਾਂ ਮੈਚ

ਅਮਰੀਕਾ ਨੇ ਆਸਟਰੇਲੀਆ ਨੂੰ 48-37 ਨਾਲ ਹਰਾਇਆ

ਦਿਨ ਦੇ ਆਖਰੀ ਤੇ ਪੰਜਵਾਂ ਮੈਚ ਪੂਲ ਬੀ ਦੀਆਂ ਟੀਮਾਂ ਅਮਰੀਕਾ ਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ। ਅਮਰੀਕਾ ਨੇ ਆਸਟਰੇਲੀਆ ਨੂੰ 48-37 ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਲਗਾਉਂਦਿਆਂ ਸੈਮੀ ਫਾਈਨਲ ਲਈ ਰਾਹ ਪੱਧਰਾ ਕੀਤਾ। ਅਮਰੀਕਾ ਦੀ ਟੀਮ ਵੱਲੋਂ ਰੇਡਰ ਦੁੱਲਾ ਨੇ 9 ਤੇ ਬਲਜੀਤ ਸਿੰਘ ਨੇ 7 ਅੰਕ ਲਏ ਜਦੋਂ ਕਿ ਜਾਫੀ ਗੁਰਪ੍ਰੀਤ ਸਿੰਘ ਤੇ ਗੁਰਮਨ ਨੇ 4-4 ਜੱਫੇ ਲਾਏ। ਆਸਟਰੇਲੀਆ ਵੱਲੋਂ ਰਾਜ ਕੁਮਾਰ ਨੇ 16 ਤੇ ਅਮਰਜੀਤ ਨੇ 12 ਅੰਕ ਲਏ ਜਦੋਂ ਕਿ ਜਾਫੀ ਬੂਟਾ ਨੇ 4 ਤੇ ਸੁਖਦੀਪ ਸਿੰਘ ਨੇ 3 ਜੱਫੇ ਲਾਏ।