5 Dariya News

ਜਥੇਦਾਰ ਤੋਤਾ ਸਿੰਘ ਵਲੋਂ ਐਨ.ਆਰ.ਆਈ. ਕਮਿਸ਼ਨ ਦੇ ਨਵੇਂ ਕੋਰਟ ਰੂਮ ਦਾ ਉਦਘਾਟਨ

ਕਮਿਸ਼ਨ ਵਲੋਂ 1324 ਸ਼ਿਕਾਇਤਾਂ ਵਿੱਚੋਂ 1125 ਦਾ ਨਿਪਟਾਰਾ, ਪੰਜਾਬ ਸਰਕਾਰ ਐਨ.ਆਰ.ਆਈ. ਪੰਜਾਬੀਆਂ ਦੇ ਹਰ ਤਰ੍ਹਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ: ਜਥੇਦਾਰ ਤੋਤਾ ਸਿੰਘ

5 Dariya News

ਚੰਡੀਗੜ੍ਹ 08-Nov-2016

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਨਾਲ ਸਬੰਧਤ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਅੱਜ ਬਲਾਕ-ਏ, ਪੰਜਾਬ ਸਿਵਲ ਸਕੱਤਰੇਤ-2, ਸੈਕਟਰ-9, ਚੰਡੀਗੜ੍ਹ ਵਿਖੇ ਪੰਜਾਬ ਰਾਜ ਕਮਿਸ਼ਨ ਫਾਰ ਐਨ.ਆਰ.ਆਈਜ਼ ਦੇ ਨਵੇਂ ਕੋਰਟ ਰੂਮ ਦਾ ਉਦਘਾਟਨ ਕੀਤਾ।ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਕਮਿਸ਼ਨ ਐਨ.ਆਰ.ਆਈ. ਪੰਜਾਬੀਆਂ ਦੇ ਹਰ ਤਰ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ ਅਤੇ ਪੰਜਾਬ ਸਾਰੇ ਭਾਰਤ ਵਿੱਚ ਅਜਿਹਾ ਸੂਬਾ ਹੈ, ਜਿਸ ਨੇ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕਮਿਸ਼ਨ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਗਠਨ ਹੋਣ ਤੋਂ ਹੁਣ ਤੱਕ ਕਮਿਸ਼ਨ ਦੇ ਦਫਤਰ ਨੂੰ ਐਨ.ਆਰ.ਆਈਜ਼. ਦੀਆਂ 1324 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 1125 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ  ਕਮਿਸ਼ਨ ਵੱਲੋਂ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਂਦਾ ਹੈ ਅਤੇ ਜ਼ਰੂਰਤ ਅਨੁਸਾਰ ਪੁਲਿਸ ਜਾਂ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਹ ਸ਼ਿਕਾਇਤਾਂ ਤਫਤੀਸ਼ ਕਰਨ ਲਈ ਭੇਜੀਆਂ ਜਾਂਦੀਆਂ ਹਨ ਅਤੇ ਲੋੜ ਪੈਣ 'ਤੇ ਇਨ੍ਹਾਂ ਨੂੰ ਰਿਕਾਰਡ ਸਮੇਤ ਕਮਿਸ਼ਨ ਦਫਤਰ ਵਿੱਚ ਬੁਲਾਇਆ ਜਾਂਦਾ ਹੈ ਅਤੇ ਕੀਤੀ ਜਾਣ ਵਾਲੀ ਤਫਤੀਸ਼ ਤੁਰੰਤ ਬਿਨਾਂ ਦੇਰੀ ਤੋਂ ਕਰਵਾਈ ਜਾਂਦੀ ਹੈ।

ਜਥੇਦਾਰ ਤੋਤਾ ਸਿੰਘ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਵਿਸ਼ੇਸ਼ ਉਪਰਾਲਾ ਕਰਦੇ ਹੋਏ ਪੰਜਾਬ ਰਾਜ ਕਮਿਸ਼ਨ ਫਾਰ ਐਨ.ਆਰ.ਆਈਜ਼ ਦਾ ਗਠਨ ਮਿਤੀ 29 ਨਵੰਬਰ, 2011 ਨੂੰ ਪੰਜਾਬ ਰਾਜ ਕਮਿਸ਼ਨ ਫਾਰ ਐਨ.ਆਰ.ਆਈਜ਼. ਐਕਟ-2011 ਰਾਹੀਂ ਕੀਤਾ ਸੀ, ਜਿਸ ਦਾ ਮੁੱਖ ਮੰਤਵ ਪੰਜਾਬੀ ਪਰਵਾਸੀ ਭਾਰਤੀਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਜਿਵੇਂ ਕਿ ਜਾਇਦਾਦ ਸਬੰਧੀ, ਮੈਟਰੀਮੋਨੀਅਲ, ਪੈਸਿਆਂ ਆਦਿ ਸਬੰਧੀ ਹੱਲ ਕਰਨਾ ਮੁੱਖ ਪਹਿਲ ਸੀ।ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਤਫਤੀਸ਼ ਲਈ ਪੰਜਾਬ ਸਰਕਾਰ ਵੱਲੋਂ ਆਈ.ਜੀ ਰੈਂਕ ਦੇ ਅਫਸਰ ਦੀ ਦੇਖ-ਰੇਖ ਹੇਠ ਐਨ.ਆਰ.ਆਈ. ਵਿੰਗ, ਮੁਹਾਲੀ ਵਿਖੇ ਸਥਾਪਿਤ ਕੀਤਾ ਗਿਆ ਹੈ, ਜਿਸ ਦੇ ਅਧੀਨ 5 ਏ.ਆਈ.ਜੀ., ਡੀ.ਐਸ.ਪੀ ਅਤੇ 15 ਐਨ.ਆਰ.ਆਈ. ਪੁਲਿਸ ਥਾਣੇ ਹਨ, ਜੋ ਕਿ ਸਮਾਂ-ਬੱਧ ਇਨਕੁਆਰੀ ਕਰਕੇ ਕਮਿਸ਼ਨ ਨੂੰ ਰਿਪੋਰਟ ਕਰਦੇ ਹਨ। ਇਸੇ ਤਰ੍ਹਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਦੀ ਬੇਨਤੀ 'ਤੇ ਸਿਵਲ ਜੱਜ ਸੀਨੀਅਰ ਡਵੀਜ਼ਨ ਅਤੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੱਧਰ ਦੀਆਂ ਅਦਾਲਤਾਂ ਜਲੰਧਰ ਵਿੱਖੇ ਸਥਾਪਿਤ ਕੀਤੀਆਂ ਗਈਆਂ ਹਨ, ਜੋ ਕਿ ਨਿਰੋਲ ਐਨ.ਆਰ.ਆਈ. ਦੇ ਕੇਸਾਂ ਨੂੰ ਡੀਲ ਕਰਦੀਆਂ ਹਨ।ਇਸ ਮੌਕੇ ਜਸਟਿਸ (ਰਿਟਾ.) ਰਾਕੇਸ਼ ਕੁਮਾਰ ਗਰਗ, ਚੇਅਰਮੈਨ ਐਨ.ਆਰ.ਆਈ. ਕਮਿਸ਼ਨ, ਮੈਂਬਰ ਸ੍ਰੀ ਅਨਿਲ ਕੁਮਾਰ ਸ਼ਰਮਾ, ਆਈ.ਪੀ.ਐਸ. (ਰਿਟਾ.), ਆਨਰੇਰੀ ਮੈਂਬਰ ਸ੍ਰੀ ਕਰਨ ਸਿੰਘ ਘੁਮਾਣ, ਪ੍ਰਮੁੱਖ ਸਕੱਤਰ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਸ੍ਰ੍ਰੀ ਸੰਜੇ ਕੁਮਾਰ ਅਤੇ ਕਮਿਸ਼ਨ ਦੇ ਸਕੱਤਰ ਸ੍ਰੀ ਸੀ. ਸਿਬਨ ਹਾਜ਼ਰ ਸਨ।