5 Dariya News

ਡਾ.ਬੀ.ਆਰ.ਅੰਬੇਦਕਰ ਛੇਵਾਂ ਵਿਸ਼ਵ ਕੱਪ ਕਬੱਡੀ-2016:ਅਮਰੀਕਾ ਦੀ ਮਹਿਲਾ ਕਬੱਡੀ ਟੀਮ ਲਗਾਤਾਰ ਦੂਜੀ ਜਿੱਤ ਨਾਲ ਸੈਮੀ ਫਾਈਨਲ 'ਚ

ਇਰਾਨ ਨੇ ਲਗਾਇਆ ਜਿੱਤ ਦਾ ਚੌਕਾ , ਅਮਰੀਕਾ ਤੇ ਆਸਟਰੇਲੀਆ ਦੀਆਂ ਟੀਮਾਂ ਨੇ ਵਿਸ਼ਵ ਕੱਪ ਵਿੱਚ ਦਰਜ ਕੀਤੀ ਦੂਜੀ ਜਿੱਤ

5 Dariya News

ਬੇਗੋਵਾਲ (ਕਪੂਰਥਲਾ) 08-Nov-2016

ਡਾ.ਬੀ.ਆਰ.ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਅੱਜ ਛੇਵੇਂ ਦਿਨ ਦੇ ਮੁਕਾਬਲੇ ਬੇਗੋਵਾਲ ਦੇ ਸੰਤ ਬਾਬਾ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਵਿਖੇ ਖੇਡੇ ਗਏ ਜਿੱਥੇ ਮਹਿਲਾ ਵਰਗ ਵਿੱਚ ਅਮਰੀਕਾ ਦੀ ਟੀਮ ਨੇ ਤਨਜ਼ਾਨੀਆ ਨੂੰ 58-18 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਨਾਲ ਸੈਮੀ ਫਾਈਨਲ ਵਿੱਚ ਦਾਖਲਾ ਪਾ ਲਿਆ। ਪੁਰਸ਼ ਵਰਗ ਵਿੱਚ ਪੂਲ 'ਬੀ' ਦੇ ਖੇਡੇ ਗਏ ਤਿੰਨ ਮੈਚਾਂ ਵਿੱਚੋਂ ਜਿੱਥੇ ਇਰਾਨ ਦੀ ਟੀਮ ਨੇ ਕੀਨੀਆ  ਨੂੰ 64-35 ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਨਾਲ ਜਿੱਤ ਦਾ ਚੌਕਾ ਲਗਾਇਆ ਉਥੇ ਅਮਰੀਕਾ ਤੇ ਆਸਟਰੇਲੀਆ ਦੀਆਂ ਟੀਮਾਂ ਨੇ ਕ੍ਰਮਵਾਰ ਅਰਜਨਟਾਈਨਾ ਨੂੰ 65-36 ਅਤੇ ਤਨਜ਼ਾਨੀਆ ਦੀ ਟੀਮ ਨੂੰ 53-32 ਨਾਲ ਹਰਾ ਕੇ ਦੂਜੀ ਜਿੱਤ ਹਾਸਲ ਕੀਤੀ।ਅੱਜ ਦੇ ਮੈਚਾਂ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਚੇਚੇ ਤੌਰ 'ਤੇ ਆਏ ਜਿਨ੍ਹਾਂ ਦਿਨ ਦੇ ਆਖਰੀ ਤੇ ਚੌਥੇ ਮੈਚ ਵਿੱਚ ਤਨਜ਼ਾਨੀਆ ਤੇ ਆਸਟਰੇਲੀਆ ਦੀਆਂ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਤੋਂ ਪਹਿਲਾਂ ਸਿੰਜਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਦਿਨ ਦੇ ਪਹਿਲੇ ਮੈਚ ਵਿੱਚ ਖੇਡੀਆਂ ਅਮਰੀਕਾ ਤੇ ਅਰਜਨਟਾਈਨਾ ਦੀਆਂ ਟੀਮਾਂ ਨਾਲ ਜਾਣ-ਪਛਾਣ ਕਰ ਕੇ ਵਿਸ਼ਵ ਕੱਪ ਦੇ ਮੈਚਾਂ ਦੀ ਸ਼ੁਰੂਆਤ ਕੀਤੀ। ਹਲਕਾ ਵਿਧਾਇਕ ਬੀਬੀ ਜਗੀਰ ਕੌਰ ਨੇ ਅੱਜ ਦੇ ਮੁਕਾਬਲਿਆਂ ਦੀ ਪ੍ਰਧਾਨਗੀ ਕੀਤੀ।

ਪਹਿਲਾ ਮੈਚ

ਅਮਰੀਕਾ ਨੇ ਅਰਜਨਟਾਈਨਾ ਨੂੰ 65-36 ਨਾਲ ਹਰਾਇਆ

ਅੱਜ ਦਿਨ ਦੇ ਪਹਿਲੇ ਮੈਚ ਵਿੱਚ ਅਮਰੀਕਾ ਨੇ ਅਰਜਨਟਾਈਨਾ ਨੂੰ 65-36 ਨਾਲ ਹਰਾ ਕੇ ਆਪਣੇ ਪੂਲ ਬੀ ਵਿੱਚ ਦੂਜੀ ਜਿੱਤ ਦਰਜ ਕੀਤੀ। ਅਮਰੀਕਾ ਵੱਲੋਂ ਰੇਡਰ ਹਰਕੀਰਤ ਸਿੰਘ ਨੇ 10 ਅਤੇ ਪਰਮਿੰਦਰ ਸਿੰਘ ਤੇ ਜਤਿੰਦਰ ਪਾਲ ਨੇ 9-9 ਅੰਕ ਬਟੋਰੇ ਜਦੋਂ ਕਿ ਜਾਫੀ ਹਰਜਿੰਦਰ ਸਿੰਘ ਨੇ 5 ਤੇ ਨਵੀ ਜੌਹਲ ਨੇ 4 ਜੱਫੇ ਲਾਏ। ਅਰਜਨਟਾਈਨਾ ਵੱਲੋਂ ਰੇਡਰ ਬਰੂਨੋ ਨੇ 12 ਤੇ ਅਲੈਗਜੈਂਡਰਾ ਨੇ 9 ਅੰਕ ਲਏ।

ਦੂਜਾ ਮੈਚ

ਇਰਾਨ ਨੇ ਕੀਨੀਆ ਨੂੰ 64-35 ਨਾਲ ਹਰਾਇਆ

ਪੂਲ ਬੀ ਵਿੱਚ ਸਿਖਰ 'ਤੇ ਚੱਲ ਰਹੀ ਇਰਾਨ ਦੀ ਕਬੱਡੀ ਟੀਮ ਨੇ ਆਪਣੀ ਜੇਤੂ ਮੁਹਿੰਮ ਜਾਰੀ ਕਰਦਿਆਂ ਕੀਨੀਆ ਦੀ ਟੀਮ ਨੂੰ 64-35 ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਇਰਾਨ ਦੇ ਰੇਡਰਾਂ ਵਿੱਚੋਂ ਬਹਿਮਾਨ ਨੇ 13, ਹੁਸੈਨ ਨੇ 10 ਤੇ ਪਏਮਾਨ ਨੇ 7 ਅੰਕ ਲਏ ਜਦੋਂ ਕਿ ਜਾਫ ਲਾਈਨ ਵਿੱਚੋਂ ਸਫਾਰੀ ਨੇ 5 ਤੇ ਨਸਾਰ ਨੇ 4 ਜੱਫੇ ਲਾਏ। ਕੀਨੀਆ ਦੇ ਰੇਡਰ ਬਾਂਡੇਰਾ ਨੇ 13 ਤੇ ਮਲਾਬਾ ਨੇ 7 ਅੰਕ ਲਏ ਅਤੇ ਜਾਫੀ ਮਾਰਕ ਨੇ 2 ਜੱਫੇ ਲਾਏ।

ਤੀਜਾ ਮੈਚ

ਮਹਿਲਾ ਵਰਗ; ਅਮਰੀਕਾ ਨੇ ਤਨਜ਼ਾਨੀਆ ਨੂੰ 58-18 ਨਾਲ ਹਰਾਇਆ

ਮਹਿਲਾ ਵਰਗ ਵਿੱਚ ਪੂਲ ਬੀ ਦੇ ਮੈਚ ਵਿੱਚ ਅਮਰੀਕਾ ਦੀ ਟੀਮ ਨੇ ਤਨਜ਼ਾਨੀਆ ਨੂੰ 58-18 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕਰ ਕੇ ਸੈਮੀ ਫਾਈਨਲ ਵਿੱਚ ਦਾਖਲਾ ਪੱਕਾ ਕਰ ਲਿਆ। ਤਨਜ਼ਾਨੀਆ ਦੀ ਇਹ ਲਗਾਤਾਰ ਦੂਜੀ ਹਾਰ ਸੀ। ਅਮਰੀਕਾ ਦੀ ਟੀਮ ਵੱਲੋਂ ਰੇਡਰ ਗੁਰਅੰਮ੍ਰਿਤ ਕੌਰ ਖਾਲਸਾ ਨੇ 8 ਤੇ ਐਲਿਨ ਨੇ 7 ਅੰਕ ਹਾਸਲ ਕੀਤੇ ਅਤੇ ਜਾਫੀ ਫੋਬੇ ਨੇ 10 ਤੇ ਕੈਡਿਸ ਨੇ 8 ਜੱਫੇ ਲਾਏ। ਤਨਜ਼ਾਨੀਆ ਦੇ ਰੇਡਰ ਹੈਨਿਸ ਨੇ 6 ਅੰਕ ਲਏ ਅਤੇ ਜਾਫੀ ਸਲੀਮਾ ਨੇ 4 ਜੱਫੇ ਲਾਏ।

ਚੌਥਾ ਮੈਚ

ਆਸਟਰੇਲੀਆ ਨੇ ਤਨਜ਼ਾਨੀਆ ਨੂੰ 53-32 ਨਾਲ ਹਰਾਇਆ

ਦਿਨ ਦੇ ਆਖਰੀ ਤੇ ਚੌਥੇ ਮੈਚ ਵਿੱਚ ਆਸਟਰੇਲੀਆ ਦੀ ਟੀਮ ਨੇ ਤਨਜ਼ਾਨੀਆ ਦੀ ਟੀਮ ਨੂੰ 53-32 ਨਾਲ ਹਰਾਇਆ। ਆਸਟਰੇਲੀਆ ਦੀ ਆਪਣੇ ਤਿੰਨ ਮੈਚਾਂ ਵਿੱਚ ਇਹ ਦੂਜੀ ਜਿੱਤ ਹੈ ਜਦੋਂ ਕਿ ਤਨਜ਼ਾਨੀਆ ਦੀ ਲਗਾਤਾਰ ਤੀਜੀ ਹਾਰ ਹੈ। ਆਸਟਰੇਲੀਆ ਦੀ ਟੀਮ ਵੱਲੋਂ ਰੇਡਰ ਰਾਜ ਕੁਮਾਰ ਨੇ 10 ਅੰਕ ਲਏ ਜਦੋਂ ਕਿ ਜਾਫੀ ਸੁਖਦੀਪ ਸਿੰਘ ਤੇ ਜਸਵੀਰ ਕੌਰ ਨੇ 7-7 ਜੱਫੇ ਲਾਏ। ਤਨਜ਼ਾਨੀਆ ਦੀ ਟੀਮ ਵੱਲੋਂ ਬੈਂਜਾਮੀਨ ਨੇ 9 ਅੰਕ ਬਟੋਰੇ ਜਦੋਂ ਕਿ ਜਾਫੀ ਮੁਸਾ ਨੇ 6 ਜੱਫੇ ਲਾਏ।