5 Dariya News

ਕਬੱਡੀ ਨੂੰ ਓਲੰਪਿਕ ਖੇਡਾਂ ਤੱਕ ਪਹੁੰਚਾਣਾ ਮੁੱਖ ਨਿਸ਼ਾਨਾ: ਸੁਖਦੇਵ ਸਿੰਘ ਢੀਂਡਸਾ

ਮੂਨਕ ਵਾਸੀ ਭਾਰਤੀ ਖਿਡਾਰੀ ਗੁਲਜ਼ਾਰੀ ਮੂਣਕ ਦਾ ਵਿਸ਼ੇਸ਼ ਸਨਮਾਨ, ਮੂਨਕ ਦੇ ਨੱਕੋ-ਨੱਕ ਭਰੇ ਸਟੇਡੀਅਮ ਨੇ ਇਕੱਠ ਦੇ ਰਿਕਾਰਡ ਤੋੜੇ

5 Dariya News

ਮੂਨਕ (ਸੰਗਰੂਰ) 07-Nov-2016

ਅੱਜ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਪੰਜਵੇਂ ਦਿਨ ਮੂਨਕ ਵਿਖੇ ਖੇਡੇ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਰਾਜ ਸਭਾ ਮੈਂਬਰ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਮੂਨਕ ਵਾਸੀਆਂ ਦੀ ਮੰਗ 'ਤੇ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚ ਖੇਡੇ ਗਏ ਜਿਸ ਲਈ ਉਹ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ।ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਪੰਜਾਬ ਦੀ ਧਰਤੀ ਤੋਂ ਉੱਠ ਕੇ ਦੁਨੀਆਂ ਦੇ ਕੋਨੇ-ਕੋਨੇ 'ਤੇ ਪੁੱਜ ਗਈ। ਵਿਸ਼ਵ ਕੱਪ ਵਿੱਚ ਹਰ ਮਹਾਂਦੀਪ ਤੋਂ ਟੀਮ ਖੇਡਣ ਆਈ ਹੈ। 14 ਮੁਲਕਾਂ ਦੀਆਂ ਟੀਮਾਂ ਦੀ ਸ਼ਮੂਲੀਅਤ ਨਾਲ ਕਬੱਡੀ ਨੇ ਓਲੰਪਿਕ ਖੇਡਾਂ ਵਿੱਚ ਦਾਖਲੇ ਲਈ ਦਾਅਵਾ ਪੇਸ਼ ਕੀਤਾ ਹੈ ਅਤੇ ਪੰਜਾਬ ਸਰਕਾਰ ਦਾ ਨਿਸ਼ਾਨਾ ਹੈ ਕਿ ਕਬੱਡੀ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ।ਇਸ ਮੌਕੇ ਭਾਰਤੀ ਕਬੱਡੀ ਟੀਮ ਦੇ ਖਿਡਾਰੀ ਅਤੇ ਮੂਨਕ ਦੇ ਸਥਾਨਕ ਵਸਨੀਕ ਸ. ਗੁਲਜ਼ਾਰ ਸਿੰਘ ਮੂਨਕ ਦਾ ਪੰਜਾਬ ਸਰਕਾਰ ਤਰਫੋਂ ਸ. ਢੀਂਡਸਾ ਨੇ ਵਿਸ਼ੇਸ਼ ਸਨਮਾਨ ਕੀਤਾ। ਅੱਜ ਦੇ ਮੈਚਾਂ ਦੀ ਖਾਸੀਅਤ ਰਹੀ ਹੈ ਕਿ ਸਟੇਡੀਅਮ ਨੱਕੋ-ਨੱਕ ਭਰਿਆ ਰਿਹਾ। ਅੱਜ ਦੇ ਲਾਮਿਸਾਲ ਇਕੱਠ ਨੇ ਸਭ ਰਿਕਾਰਡ ਤੋੜ ਦਿੱਤੇ। ਸਟੇਡੀਅਮ ਵਿੱਚ ਦਰਸ਼ਕ ਸਮਰੱਥਾ ਤੋਂ ਵੱਧ ਬੈਠੇ ਸਨ ਅਤੇ ਜਿਨ੍ਹਾਂ ਦਰਸ਼ਕਾਂ ਨੂੰ ਸੀਟ ਨਹੀਂ ਮਿਲੀ, ਉਹ ਸਟੇਡੀਅਮ ਦੇ ਬਾਹਰ ਖੜ੍ਹੇ ਟਰੱਕਾਂ ਉਪਰ ਚੜ੍ਹ ਕ ਮੈਚ ਦੇਖਦੇ ਰਹੇ। ਅੱਜ ਦੇ ਮੈਚਾਂ ਲਈ ਸਾਬਕਾ ਸੈਨਿਕਾਂ ਦੇ ਬੈਠਣ ਲਈ ਵਿਸ਼ੇਸ਼ ਤੌਰ 'ਤੇ ਬਲਾਕ ਬਣਾਇਆ ਗਿਆ ਅਤੇ ਸਾਬਕਾ ਸੈਨਿਕਾਂ ਨੇ ਪੂਰਾ ਦਿਨ ਵਿਸ਼ੇਸ਼ ਬਲਾਕ ਵਿੱਚ ਬੈਠ ਕੇ ਮੈਚਾਂ ਦਾ ਆਨੰਦ ਮਾਣਿਆ। ਸੰਗਰੂਰ ਜ਼ਿਲੇ ਦੇ ਜੰਮਪਲ ਅਤੇ ਪ੍ਰਸਿੱਧ ਪੰਜਾਬੀ ਗਾਇਕ ਪੰਮੀ ਬਾਈ ਨੇ ਆਪਣੇ ਸਦਾਬਹਾਰ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।