5 Dariya News

ਡਾ.ਬੀ.ਆਰ.ਅੰਬੇਦਕਰ ਛੇਵਾਂ ਵਿਸ਼ਵ ਕੱਪ ਕਬੱਡੀ-2016 : ਪੁਰਸ਼ ਵਰਗ ਵਿੱਚ ਇਰਾਨ ਅਤੇ ਮਹਿਲਾ ਵਰਗ ਵਿੱਚ ਭਾਰਤ ਨੇ ਸੈਮੀ ਫਾਈਨਲ ਦੀ ਟਿਕਟ ਕਟਾਈ

ਪੁਰਸ਼ ਵਰਗ ਵਿੱਚ ਇਰਾਨ ਦੀ ਜੇਤੂ ਹੈਟ੍ਰਿਕ , ਮਹਿਲਾ ਤੇ ਪੁਰਸ਼ ਵਰਗ ਵਿੱਚ ਭਾਰਤ ਦੀ ਲਗਾਤਾਰ ਦੂਜੀ ਜਿੱਤ

5 Dariya News

ਮੂਨਕ (ਸੰਗਰੂਰ) 07-Nov-2016

ਡਾ.ਬੀ.ਆਰ.ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਪੰਜਵੇਂ ਦਿਨ ਅੱਜ ਪੰਜਾਬ-ਹਰਿਆਣਾ ਸਰਹੱਦ 'ਤੇ ਸੰਗਰੂਰ ਜ਼ਿਲੇ ਦੇ ਕਸਬਾ ਮੂਨਕ ਦੇ ਸ਼ਹੀਦ ਊਧਮ ਸਿੰਘ ਸਟੇਡੀਅਮ ਵਿਖੇ ਪੰਜ ਮੈਚ ਖੇਡੇ ਗਏ। ਅੱਜ ਖੇਡੇ ਗਏ ਮੈਚਾਂ ਵਿੱਚ ਮਹਿਲਾ ਵਰਗ ਵਿੱਚ ਭਾਰਤ ਨੇ ਮੈਕਸੀਕੋ ਨੂੰ 35-21 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਨਾਲ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ। ਪੁਰਸ਼ ਵਰਗ ਦੇ ਪੂਲ 'ਏ' ਦੇ ਮੈਚਾਂ ਵਿੱਚ ਭਾਰਤ ਨੇ ਸਵੀਡਨ ਨੂੰ 58-45 ਅਤੇ ਇੰਗਲੈਂਡ ਨੇ ਕੈਨੇਡਾ ਨੂੰ 41-35 ਨਾਲ ਹਰਾ ਕੇ ਆਪਣੇ ਪੂਲ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕਰ ਕੇ ਸੈਮੀ ਫਾਈਨਲ ਲਈ ਦਾਅਵਾ ਮਜ਼ਬੂਤ ਕੀਤਾ। ਇਸੇ ਪੂਲ ਵਿੱਚ ਸੀਆਰਾ ਲਿਓਨ ਦੀ ਟੀਮ ਨੇ ਸ੍ਰੀਲੰਕਾ ਨੂੰ ਇਕਪਾਸੜ ਮੁਕਾਬਲੇ ਵਿੱਚ 70-6 ਨਾਲ ਹਰਾ ਕੇ ਪਲੇਠੀ ਜਿੱਤ ਨਾਲ ਆਪਣਾ ਖਾਤਾ ਖੋਲ੍ਹਿਆ। ਅੱਜ ਦੇ ਦਿਨ ਦੇ ਆਖਰੀ ਤੇ ਪੰਜਵੇਂ ਮੈਚ ਵਿੱਚ ਪੂਲ 'ਬੀ' ਦੀ ਟੀਮ ਇਰਾਨ ਨੇ ਅਰਜਨਟਾਈਨਾ ਨੂੰ 72-27 ਨਾਲ ਹਰਾ ਕੇ ਜੇਤੂ ਹੈਟ੍ਰਿਕ ਲਗਾਉਂਦਿਆਂ ਆਪਣੇ ਪੂਲ ਵਿੱਚੋਂ ਸੈਮੀ ਫਾਈਨਲ ਦੀ ਟਿਕਟ ਕਟਾਈ।ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਸ.ਸੁਖਦੇਵ ਸਿੰਘ ਢੀਂਡਸਾ ਨੇ ਪਹਿਲੇ ਮੈਚ ਦੀਆਂ ਟੀਮਾਂ ਭਾਰਤ ਤੇ ਸਵੀਡਨ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕਰ ਕੇ ਮੈਚਾਂ ਦੀ ਸ਼ੁਰੂਆਤ ਕੀਤੀ। ਅੱਜ ਦੇ ਮੈਚਾਂ ਦੀ ਪ੍ਰਧਾਨਗੀ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕੀਤੀ। ਇਸ ਮੌਕੇ ਵਿਧਾਇਕ ਸ. ਗੋਬਿੰਦ ਸਿੰਘ ਲੌਂਗੋਵਾਲ ਤੇ ਬਾਬੂ ਪ੍ਰਕਾਸ਼ ਚੰਦ ਗਰਗ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਸ. ਸੁਖਵੰਤ ਸਿੰਘ ਸਰਾਓ, ਪੀ.ਐਸ.ਪੀ.ਸੀ.ਐਲ. ਦੇ ਪ੍ਰਬੰਧਕੀ ਡਾਇਰੈਕਟਰ ਸ. ਗੁਰਬਚਨ ਸਿੰਘ ਬਚੀ, ਐਨ.ਆਰ.ਆਈ. ਕਮਿਸ਼ਨ ਦੇ ਮੈਂਬਰ ਸ੍ਰੀ ਕਰਨ ਘੁਮਾਣ, ਡਿਪਟੀ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ, ਏ.ਡੀ.ਸੀ. ਸ੍ਰੀਮਤੀ ਪੂਨਮਦੀਪ ਕੌਰ, ਐਸ.ਐਸ.ਪੀ. ਸ੍ਰੀ ਪ੍ਰਿਤਪਾਲ ਸਿੰਘ ਥਿੰਦ, ਐਸ.ਡੀ.ਐਮ. ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਵੀ ਹਾਜ਼ਰ ਸਨ।

ਪਹਿਲਾ ਮੈਚ

ਭਾਰਤ ਨੇ ਸਵੀਡਨ ਨੂੰ 58-45 ਨਾਲ ਹਰਾਇਆ

ਅੱਜ ਦਿਨ ਦੇ ਪਹਿਲੇ ਮੈਚ ਵਿੱਚ ਪੁਰਸ਼ ਵਰਗ ਦੇ ਪੂਲ ਏ ਦੇ ਮੈਚ ਵਿੱਚ ਭਾਰਤ ਨੇ ਸਵੀਡਨ ਨੂੰ 58-45 ਨਾਲ ਹਰਾਇਆ। ਭਾਰਤੀ ਰੇਡਰਾਂ ਵਿੱਚੋਂ ਸਥਾਨਕ ਖਿਡਾਰੀ ਗੁਲਜ਼ਾਰੀ ਮੂਣਕ ਨੇ 11 ਅਤੇ ਸੁਖਜਿੰਦਰ ਕਾਲਾ ਤੇ ਰਾਜੂ ਨੇ 10-10 ਅੰਕ ਲਏ ਜਦੋਂ ਕਿ ਜਾਫੀ ਕਰਮਜੀਤ ਸਿੰਘ ਤੇ ਰਣਜੋਧ ਸਿੰਘ ਨੇ 3-3 ਜੱਫੇ ਲਾਏ। ਸਵੀਡਨ ਵੱਲੋਂ ਰੇਡਰ ਅਕਾਸ਼ ਨੇ 11 ਤੇ ਗੁਰਵੀਰ ਸਿੰਘ ਨੇ 9 ਅੰਕ ਬਟੋਰੇ ਅਤੇ ਜਾਫੀ ਜਾਪ ਸਿੰਘ ਨੇ 3 ਜੱਫੇ ਲਾਏ।


ਦੂਜਾ ਮੈਚ

ਇੰਗਲੈਂਡ ਨੇ ਕੈਨੇਡਾ ਨੂੰ 41-35 ਨਾਲ ਹਰਾਇਆ

ਪੂਲ ਏ ਦੇ ਸਭ ਤੋਂ ਤਕੜੇ ਮੁਕਾਬਲੇ ਵਿੱਚ ਅੱਜ ਇੰਗਲੈਂਡ ਨੇ ਤਕੜੀ ਸਮਝੀ ਜਾਂਦੀ ਟੀਮ ਕੈਨੇਡਾ ਨੂੰ ਫਸਵੇਂ ਮੈਚ ਵਿੱਚ 41-35 ਨਾਲ ਹਰਾ ਕੇ ਸੈਮੀ ਫਾਈਨਲ ਲਈ ਦਾਅਵਾ ਪੇਸ਼ ਕੀਤਾ। ਇਹ ਮੈਚ ਇੰਗਲੈਂਡ ਦੇ ਜਾਫੀ ਸੰਦੀਪ ਸੰਧੂ ਨੰਗਲ ਅੰਬੀਆ ਦੇ ਨਾਂ ਰਿਹਾ ਜਿਸ ਨੇ ਜ਼ਾਹਰਾਨਾ ਖੇਡ ਦਿਖਾਉਂਦਿਆਂ 9 ਜੱਫੇ ਲਾ ਕੇ ਕੈਨੇਡਾ ਦੇ ਰੇਡਰਾਂ ਨੂੰ ਡੱਕੀ ਰੱਖਿਆ। ਇੰਗਲੈਂਡ ਦੇ ਰੇਡਰਾਂ ਵਿੱਚੋਂ ਨਰਿੰਦਰ ਸਿੰਘ ਨੇ 9 ਤੇ ਅਵਤਾਰ ਸਿੰਘ ਬੱਲ ਨੇ 8 ਅੰਕ ਲਏ। ਇੰਗਲੈਂਡ ਦੇ ਇਕ ਹੋਰ ਜਾਫੀ ਜਗਤਾਰ ਸਿੰਘ ਨੇ 6 ਜੱਫੇ ਲਾਏ। ਕੈਨੇਡਾ ਦੇ ਤਿੰਨ ਰੇਡਰਾਂ ਰਣਜੋਧ ਸਿੰਘ, ਅਮਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਕਿੰਦਾ ਬਿਹਾਰੀਪੁਰੀਆ ਨੇ 6-6 ਅੰਕ ਲਏ ਜਦੋਂ ਕਿ ਜਾਫੀ ਬਲਜੀਤ ਸਿੰਘ ਸੈਦੋਕੇ ਨੇ 5 ਤੇ ਜਸਦੀਪ ਸਿੰਘ ਨੇ 4 ਜੱਫੇ ਲਾਏ।


ਤੀਜਾ ਮੈਚਾ

ਸੀਆਰਾ ਲਿਓਨ ਨੇ ਸ੍ਰੀਲੰਕਾ ਨੂੰ 70-6 ਨਾਲ ਹਰਾਇਆ

ਪੂਲ ਏ ਦਾ ਇਹ ਮੈਚ ਪੂਰੀ ਤਰ੍ਹਾਂ ਇਕਪਾਸੜ ਰਿਹਾ ਜਿਸ ਵਿੱਚ ਸੀਆਰਾ ਲਿਓਨ ਨੇ ਪਹਿਲੀ ਵਾਰ ਖੇਡਣ ਆਈ ਸ੍ਰੀਲੰਕਾ ਦੀ ਟੀਮ ਨੂੰ 70-6 ਦੇ ਵੱਡੇ ਫਰਕ ਨਾਲ ਹਰਾ ਕੇ ਪਲੇਠੀ ਜਿੱਤ ਦਰਜ ਕੀਤੀ। ਸੀਆਰਾ ਲਿਓਨ ਵੱਲੋਂ ਮੁਰਲਈ ਨੇ 10 ਤੇ ਸੈਮੂਅਲ ਨੇ 8 ਅੰਕ ਲਏ ਜਦੋਂ ਕਿ ਜਾਫੀ ਕੁਮਾਰਾ ਨੇ 9 ਤੇ ਮੁਹੰਮਦ ਨੇ 8 ਜੱਫੇ ਲਾਏ।

ਚੌਥਾ ਮੈਚ

ਮਹਿਲਾ ਵਰਗ; ਭਾਰਤ ਨੇ ਮੈਕਸੀਕੋ ਨੂੰ 35-21 ਨਾਲ ਹਰਾਇਆ

ਮਹਿਲਾ ਵਰਗ ਵਿੱਚ ਭਾਰਤ ਦੀ ਕਬੱਡੀ ਟੀਮ ਨੇ ਮੈਕਸੀਕੋ ਨੂੰ 35-21 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਨਾਲ ਸੈਮੀ ਫਾਈਨਲ ਦੀ ਟਿਕਟ ਕਟਾਈ। ਭਾਰਤੀ ਰੇਡਰਾਂ ਵਿੱਚੋਂ ਹਰਵਿੰਦਰ ਕੌਰ ਤੇ ਸੁਖਜਿੰਦਰ ਕੌਰ ਨੇ 5-5 ਅੰਕ ਲਏ ਜਦੋਂ ਕਿ ਜਾਫ ਲਾਈਨ ਵਿੱਚੋਂ ਸੁਖਜੀਤ ਕੌਰ ਨੇ 4 ਅਤੇ ਜਸਵੀਰ ਕੌਰ ਤੇ ਮਨਪ੍ਰੀਤ ਕੌਰ ਨੇ 3-3 ਜੱਫੇ ਲਾਏ। ਮੈਕਸੀਕੋ ਦੀ ਰੇਡਰ ਤਾਨੀਆ ਤੇ ਐਲਗਜੈਂਡਰਾਂ ਨੇ 5-5 ਅੰਕ ਲਏ ਜਦੋਂ ਕਿ ਜਾਫੀ ਕ੍ਰਿਸਟਾ ਨੇ 4 ਤੇ ਕੈਰਟਾ ਨੇ 2 ਜੱਫੇ ਲਾਏ।

ਪੰਜਵਾਂ ਮੈਚ

ਇਰਾਨ ਨੇ ਅਰਜਨਟਾਈਨਾ ਨੂੰ 72-27 ਨਾਲ ਹਰਾਇਆ

ਦਿਨ ਦੇ ਪੰਜਵੇਂ ਤੇ ਆਖਰੀ ਮੈਚ ਵਿੱਚ ਪੂਲ ਬੀ ਵਿੱਚ ਇਰਾਨ ਨੇ ਅਰਜਨਟਾਈਨਾ ਨੂੰ 72-27 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਨਾਲ ਸੈਮੀ ਫਾਈਨਲ ਦੀ ਟਿਕਟ ਕਟਾ ਲਈ। ਇਰਾਨ ਦੇ ਰੇਡਰ ਜਨਧਾਰ ਨੇ 11 ਤੇ ਬਹਿਨਾਮ ਨੇ 10 ਅੰਕ ਲਏ ਜਦੋਂ ਕਿ ਜਾਫੀ ਮੁਸਤਫਾ ਨੇ 6 ਅਤੇ ਅਲੀਰੇਜ਼ਾ ਸਫਾਰੀ ਨੇ 5 ਜੱਫੇ ਲਾਏ। ਅਰਜਨਟਾਈਨਾ ਦੇ ਅਲੈਂਗਜੈਂਡਰਾ ਨੇ 8 ਤੇ ਬਰੂਨੋ ਨੇ 6 ਅੰਕ ਲਏ।