5 Dariya News

ਕਬੱਡੀ ਦਾ ਘੇਰਾ ਕੌਮਾਂਤਰੀ ਸਰਹੱਦ ਦੇ ਪਿੰਡਾਂ ਤੱਕ ਪੁੱਜਿਆ

ਪੰਜਾਬ ਸਰਕਾਰ ਦੇ ਯਤਨਾਂ ਸਦਕਾ ਕਬੱਡੀ ਪਿੰਡਾਂ ਤੋਂ ਦੁਨੀਆਂ ਦੇ ਕੋਨੇ-ਕੋਨੇ 'ਤੇ ਪੁੱਜੀ : ਗੁਲਜ਼ਾਰ ਸਿੰਘ ਰਣੀਕੇ

5 Dariya News

ਰਣੀਕੇ/ਅਟਾਰੀ (ਅੰਮ੍ਰਿਤਸਰ) 06-Nov-2016

ਡਾ.ਬੀ.ਆਰ. ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦਾ ਕਾਫਲਾ ਅੱਜ ਭਾਰਤ-ਪਕਿਸਤਾਨ ਸਰਹੱਦ ਦੇ ਨੇੜੇ ਵਾਹਗਾ-ਅਟਾਰੀ ਦੀ ਵੱਖੀ ਵਿੱਚ ਵਸੇ ਪਿੰਡ ਰਣੀਕੇ ਪੁੱਜਿਆ। ਪੰਜਾਬ ਸਰਕਾਰ ਵੱਲੋਂ 2010 ਵਿੱਚ ਕੀਤੀ ਸ਼ੁਰੂਆਤ ਤੋਂ ਬਾਅਦ ਵਿਸ਼ਵ ਕੱਪ ਦੇ ਮੁਕਾਬਲਿਆਂ ਨੇ ਪਿਛਲੇ 6 ਸਾਲਾਂ ਵਿੱਚ ਪੰਜਾਬ ਦੇ ਹਰ ਖੇਤਰ ਨੂੰ ਕਲਾਵੇ ਵਿੱਚ ਲਿਆ ਪਰ ਅੱਜ ਪਹਿਲਾ ਮੌਕਾ ਸੀ ਜਦੋਂ ਵਿਸ਼ਵ ਕੱਪ ਦੇ ਮੈਚ ਕੌਮਾਂਤਰੀ ਸਰਹੱਦ ਤੋਂ ਢਾਈ ਕਿਲੋ ਮੀਟਰ ਦੀ ਵਿੱਥ 'ਤੇ ਖੇਡੇ ਗਏ। ਕੌਮਾਂਤਰੀ ਸਰਹੱਦ ਦੇ ਵਸਨੀਕਾਂ ਲਈ ਇਹ ਕਿਸੇ ਵੱਡੇ ਮੇਲੇ ਜਾਂ ਉਰਸ ਤੋਂ ਘੱਟ ਨਹੀਂ ਸੀ। ਕਬੱਡੀ ਦਾ ਘੇਰਾ ਹੁਣ ਕੌਮਾਂਤਰੀ ਸਰਹੱਦ ਦੇ ਪਿੰਡਾਂ ਤੱਕ ਪੁੱਜ ਗਿਆ।ਅੱਜ ਦੇ ਮੈਚਾਂ ਦੇ ਮੁੱਖ ਮਹਾਨ ਕੈਬਨਿਟ ਮੰਤਰੀ ਅਤੇ ਹਲਕਾ ਰਣੀਕੇ ਦੇ ਵਿਧਾਇਕ ਸ. ਗੁਲਜ਼ਾਰ ਸਿੰਘ ਰਣੀਕੇ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਕਬੱਡੀ ਪੰਜਾਬ ਦੇ ਪਿੰਡਾਂ ਤੋਂ ਵਿਦੇਸ਼ਾਂ ਦੇ ਮੁਲਕਾਂ ਵਿੱਚ ਪੁੱਜ ਗਈ ਹੈ ਜਿਸ ਦਾ ਸਬੂਤ ਹੈ ਕਿ ਅੱਜ ਦੇ ਮੈਚਾਂ ਵਿੱਚ ਪੰਜ ਮਹਾਂਦੀਪਾਂ ਤੋਂ ਇਰਾਨ, ਸ੍ਰੀਲੰਕਾ, ਮੈਕਸੀਕੋ, ਕੀਨੀਆ, ਸੀਆਰਾ ਲਿਓਨ, ਅਮਰੀਕਾ ਤੇ ਆਸਟਰੇਲੀਆ ਦੀਆਂ ਟੀਮਾਂ ਨੇ ਹਿੱਸਾ ਲਿਆ। 

ਉਨ੍ਹਾਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਖੇਡਾਂ ਦਾ ਵਿਭਾਗ ਵੀ ਹੈ, ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਸਰਹੱਦ ਦੇ ਇਸ ਪਿੰਡ ਨੂੰ ਕਬੱਡੀ ਦੇ ਮਹਾਂਕੁੰਭ ਦੇ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ।ਅੱਜ ਦੇ ਮੈਚਾਂ ਦੀ ਖਾਸੀਅਤ ਇਹ ਰਹੀ ਹੈ ਕਿ ਜਿੱਥੇ ਅਮਰੀਕਾ ਦੀ ਮਹਿਲਾ ਕਬੱਡੀ ਟੀਮ ਸਿੰਘ ਸਜਣ ਵਾਲੀਆਂ ਅਮਰੀਕਾ ਦੀਆਂ ਗੋਰੀਆਂ ਖਿਡਾਰਨਾਂ ਨਾਲ ਸਜੀ ਹੋਈ ਸੀ ਉਥੇ ਅਮਰੀਕਾ ਦੇ ਮੈਚਾਂ ਨੂੰ ਦੇਖਣ ਲਈ ਮੀਰੀ ਪੀਰੀ ਖਾਲਸਾ ਅਕੈਡਮੀ ਦੀਆਂ ਵਿਦਿਆਰਥਣਾਂ ਉਚੇਚੇ ਤੌਰ 'ਤੇ ਆਈਆਂ। ਇਹ ਵਿਦਿਆਰਥਣਾਂ ਅਮਰੀਕਨ ਗੋਰੀਆ ਹਨ ਅਤੇ ਸਿੱਖ ਧਰਮ ਦੇ ਫਲਸਫੇ ਤੋਂ ਪ੍ਰਭਾਵਿਤ ਹੋ ਕੇ ਸਿੰਘ ਸਜੀਆਂ ਹੋਈਆਂ ਹਨ। ਦਰਸ਼ਕ ਗੈਲਰੀ ਵਿੱਚ ਬੈਠੀਆਂ ਇਨ੍ਹਾਂ ਵਿਦਿਆਰਥਣਾਂ ਨੇ ਸਾਰੀਆਂ ਟੀਮਾਂ ਦੇ ਖਿਡਾਰੀਆਂ ਖਾਸ ਕਰ ਕੇ ਅਮਰੀਕਾ ਦੀਆਂ ਟੀਮਾਂ ਦੀ ਜਬਰਦਸਤ ਹੌਂਸਲਾ ਅਫਜ਼ਾਈ ਕੀਤੀ ਜਿਸ ਨੇ ਬਾਕੀ ਘਰੇਲੂ ਦਰਸ਼ਕਾਂ ਦਾ ਵੀ ਧਿਆਨ ਖਿੱਚਿਆ।