5 Dariya News

ਡਾ.ਬੀ.ਆਰ.ਅੰਬੇਦਕਰ ਛੇਵਾਂ ਵਿਸ਼ਵ ਕੱਪ ਕਬੱਡੀ-2016: ਇਰਾਨ ਵੱਲੋਂ ਜੇਤੂ ਮੁਹਿੰਮ ਜਾਰੀ, ਅਮਰੀਕਾ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਵੀ ਜਿੱਤਾਂ ਦਰਜ ਕੀਤੀਆਂ

ਪਹਿਲੀ ਵਾਰ ਖੇਡਣ ਆਈ ਸ੍ਰੀਲੰਕਾ ਦੀ ਮਹਿਲਾ ਟੀਮ ਵੱਲੋਂ ਜੇਤੂ ਸ਼ੁਰੂਆਤ

5 Dariya News

ਰਣੀਕੇ/ਅਟਾਰੀ (ਅੰਮ੍ਰਿਤਸਰ) 06-Nov-2016

ਡਾ.ਬੀ.ਆਰ. ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਅੱਜ ਚੌਥੇ ਦਿਨ ਦੇ ਮੁਕਾਬਲੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਥੋੜ੍ਹੀ ਕੁ ਦੂਰੀ 'ਤੇ ਅਟਾਰੀ ਨੇੜੇ ਸਥਿਤ ਪਿੰਡ ਰਣੀਕੇ ਦੇ ਸ਼ਹੀਦ ਜਥੇਦਾਰ ਦਲਬੀਰ ਸਿੰਘ ਰਣੀਕੇ ਸਟੇਡੀਅਮ ਵਿਖੇ ਹੋਏ। ਵਾਹਗਾ-ਅਟਾਰੀ ਨਾਲ ਲੱਗਦੇ ਪਿੰਡ ਰਣੀਕੇ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਜਿਸ ਦਾ ਸਰਹੱਦੀ ਖੇਤਰ ਦੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।ਅੱਜ ਚਾਰ ਮੁਕਾਬਲੇ ਖੇਡੇ ਗਏ ਅਤੇ ਸਾਰੇ ਮੈਚ ਫਸਵੀਂ ਟੱਕਰ ਵਾਲੇ ਰਹੇ। ਅੱਜ ਖੇਡੇ ਗਏ ਚਾਰ ਮੈਚਾਂ ਵਿੱਚੋਂ ਦੋ ਮੈਚ ਪੁਰਸ਼ ਤੇ ਦੋ ਮਹਿਲਾ ਵਰਗ ਦੇ ਖੇਡੇ ਗਏ। ਪੁਰਸ਼ ਵਰਗ ਵਿੱਚ ਇਰਾਨ ਨੇ ਇਸ ਵਿਸ਼ਵ ਕੱਪ ਦੇ ਲਗਾਤਾਰ ਦੂਜੇ ਮੈਚ ਵਿੱਚ ਜਿੱਤ ਦਰਜ ਕਰਦਿਆਂ ਆਸਟਰੇਲੀਆ ਨੂੰ 57-31 ਨਾਲ ਹਰਾਇਆ। ਦੂਜੇ ਮੈਚ ਵਿੱਚ ਅਮਰੀਕਾ ਦੀ ਟੀਮ ਨੇ ਕੀਨੀਆ ਨੂੰ 55-31 ਨਾਲ ਹਰਾਇਆ। ਮਹਿਲਾ ਵਰਗ ਵਿੱਚ ਸਿੱਖ ਗੋਰੀਆਂ ਖਿਡਾਰਨਾਂ ਨਾਲ ਸਜੀ ਅਮਰੀਕਾ ਦੀ ਟੀਮ ਨੇ ਸੀਆਰਾ ਲਿਓਨ ਨੂੰ 37-28 ਨਾਲ ਹਰਾਇਆ। ਮਹਿਲਾ ਵਰਗ ਦੇ ਦੂਜੇ ਅਤੇ ਦਿਨ ਦੇ ਆਖਰੀ ਤੇ ਚੌਥੇ ਮੈਚ ਵਿੱਚ ਸ੍ਰੀਲੰਕਾ ਤੇ ਮੈਕਸੀਕੋ ਵਿਚਾਲੇ ਸਭ ਤੋਂ ਫਸਵੀਂ ਟੱਕਰ ਦੇਖਣ ਨੂੰ ਮਿਲੀ। ਸ੍ਰੀਲੰਕਾ ਨੇ ਮੈਕਸੀਕੋ ਨੂੰ 36-24 ਨਾਲ ਹਰਾ ਕੇ ਮੈਚ ਜਿੱਤਿਆ।ਅੱਜ ਦੇ ਮੁਕਾਬਲਿਆਂ ਦੀ ਸ਼ੁਰੂਆਤ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਕੀਤੀ। ਸ. ਰਣੀਕੇ ਚਾਰੇ ਮੈਚਾਂ ਦੌਰਾਨ ਹਾਜ਼ਰ ਰਹੇ ਅਤੇ ਵਿਦੇਸ਼ੀ ਮੁਲਕਾਂ ਤੋਂ ਆਈਆਂ ਟੀਮਾਂ ਦੇ ਖਿਡਾਰੀਆਂ ਦਾ ਰਣੀਕੇ ਵਿਖੇ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਆਉਣ 'ਤੇ ਸਵਾਗਤ ਕੀਤਾ।

ਪਹਿਲਾ ਮੈਚ

ਪੁਰਸ਼ ਵਰਗ; ਇਰਾਨ ਨੇ ਆਸਟਰੇਲੀਆ ਨੂੰ 57-31 ਨਾਲ ਹਰਾਇਆ

ਰਣੀਕੇ ਵਿਖੇ ਖੇਡੇ ਗਏ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਇਰਾਨ ਨੇ ਆਸਟਰੇਲੀਆ ਨੂੰ 57-31 ਨਾਲ ਹਰਾ ਕੇ ਪੁਰਸ਼ ਵਰਗ ਦੇ ਪੂਲ ਬੀ ਵਿੱਚ ਲਗਾਤਾਰ ਦੂਜੀ ਜਿੱਤ ਕਰ ਕੇ ਪੂਲ ਵਿੱਚ ਸਿਖਰਲਾ ਸਥਾਨ ਕਾਇਮ ਰੱਖਿਆ। ਅੱਧੇ ਸਮੇਂ ਤੱਕ ਇਰਾਨ ਦੀ ਟੀਮ 28-16 ਨਾਲ ਅੱਗੇ ਸੀ। ਇਰਾਨ ਦੇ ਖਿਡਾਰੀਆਂ ਨੇ ਪੂਰੇ ਮੈਚ ਵਿੱਚ ਦਬਦਬਾ ਬਣਾਈ ਰੱਖਿਆ। ਪਹਿਲਵਾਨੀ ਦਿੱਖ ਵਾਲੇ ਇਰਾਨੀ ਖਿਡਾਰੀਆਂ ਦੀ ਜ਼ੋਰਾਵਰ ਖੇਡ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਰਾਨ ਵੱਲੋਂ ਰੇਡਰ ਜਾਵਿਦੀ ਅਤੇ ਨਦਾਫੀ ਖਾਲਿਦ ਨੇ 7-7 ਅੰਕ ਬਟੋਰੇ ਜਦੋਂ ਕਿ ਜਾਫੀ ਸਫਾਰੀ ਅਮਦ ਅਲੀਰੇਜ਼ਾ ਨੇ 5 ਜੱਫੇ ਲਾਏ। ਆਸਟਰੇਲੀਆ ਟੀਮ ਵੱਲੋਂ ਰੇਡਰ ਰਾਜ ਕੁਮਾਰ ਤੇ ਅਮਰਜੀਤ ਸਿੰਘ ਨੇ 7-7 ਅੰਕ ਲਏ ਅਤੇ ਜਾਫੀ ਬੂਟਾ ਸਿੰਘ ਨੇ 4 ਜੱਫੇ ਲਾਏ। 

ਦੂਜਾ ਮੈਚ

ਪੁਰਸ਼ ਵਰਗ; ਅਮਰੀਕਾ ਨੇ ਕੀਨੀਆ ਨੂੰ 55-31 ਨਾਲ ਹਰਾਇਆ

ਪੁਰਸ਼ ਵਰਗ ਦੇ ਪੂਲ ਬੀ ਵਿੱਚ ਅਮਰੀਕਾ ਦੀ ਟੀਮ ਨੇ ਆਪਣਾ ਪਲੇਠਾ ਮੈਚ ਖੇਡਦਿਆਂ ਕੀਨੀਆ ਦੀ ਟੀਮ ਨੂੰ 55-31 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਕੀਨੀਆ ਦੀ ਵਿਸ਼ਵ ਕੱਪ ਵਿੱਚ ਲਗਾਤਾਰ ਦੂਜੀ ਹਾਰ ਸੀ। ਇਹ ਮੈਚ ਭਾਵੇਂ ਅਮਰੀਕਾ ਨੇ ਜਿੱਤਿਆ ਪਰ ਕੀਨੀਆ ਖਿਡਾਰੀਆਂ ਨੇ ਆਪਣੀ ਜੁਝਾਰੂ ਖੇਡ ਸਦਕਾ ਦਰਸ਼ਕਾਂ ਦੇ ਦਿਲ ਜਿੱਤੇ। ਅਮਰੀਕਾ ਦੇ ਰੇਡਰਾਂ ਵੱਲੋਂ ਪਰਮਿੰਦਰ ਸਿੰਘ, ਹਰਨੇਕ ਸਿੰਘ ਤੇ ਜਤਿੰਦਰ ਸਿੰਘ ਨੇ 7-7 ਅੰਕ ਲਏ ਜਦੋਂ ਕਿ ਜਾਫੀ ਨਵਪ੍ਰੀਤ ਸਿੰਘ ਜੌਹਲ ਨੇ ਵੀ 7 ਜੱਫੇ ਲਾ ਕੇ 7 ਅੰਕ ਬਟੋਰੇ। ਕੀਨੀਆ ਦੀ ਟੀਮ ਵੱਲੋਂ ਮਕਾਗਾ ਹੌਲਿਸ ਨੇ 7 ਅੰਕ ਲਏ ਅਤੇ ਜਾਫੀ ਰੌਬਰਟ ਨੇ 3 ਜੱਫੇ ਲਏ।

ਤੀਜਾ ਮੈਚ

ਮਹਿਲਾ ਵਰਗ; ਅਮਰੀਕਾ ਨੇ ਸੀਆਰਾ ਲਿਓਨ ਨੂੰ 37-28 ਨਾਲ ਹਰਾਇਆ

ਮਹਿਲਾ ਵਰਗ ਦੇ ਪੂਲ ਬੀ ਦੇ ਅੱਜ ਖੇਡੇ ਗਏ ਦਿਨ ਦੇ ਤੀਜੇ ਮੈਚ ਵਿੱਚ ਅਮਰੀਕਾ ਦੀ ਟੀਮ ਨੇ ਸੀਆਰਾ ਲਿਓਨ ਨੂੰ 37-28 ਨਾਲ ਹਰਾਇਆ। ਇਹ ਮੈਚ ਫਸਵੀਂ ਟੱਕਰ ਵਾਲਾ ਰਿਹਾ ਹੈ ਅਤੇ ਅਮਰੀਕਾ ਦੀ ਕਪਤਾਨ ਗੁਰਅੰਮ੍ਰਿਤ ਕੌਰ ਖਾਲਸਾ ਨੇ ਕਪਤਾਨੀ ਖੇਡ ਖੇਡਦਿਆਂ ਲਗਾਤਾਰ 12 ਰੇਡਾਂ ਪਾ ਕੇ 12 ਅੰਕ ਬਟੋਰੇ। ਇਲੀਅਨ ਨੇ 6 ਅੰਕ ਲਏ ਜਦੋਂ ਕਿ ਜਾਫੀ ਫੋਬੇ ਨੇ 9 ਜੱਫੇ ਲਾਏ। ਸੀਆਰਾ ਲਿਓਨ ਵੱਲੋਂ ਰੇਡਰ ਕੋਨਟਾਹ ਰਮਾਤੂ ਨੇ 7 ਅੰਕ ਲਏ ਅਤੇ ਜਾਫੀ ਕਾਇਟ ਜਨੇਬੋ ਨੇ 4 ਜੱਫੇ ਲਾਏ। 


ਚੌਥਾ ਮੈਚ

ਮਹਿਲਾ ਵਰਗ; ਸ੍ਰੀਲੰਕਾ ਨੇ ਮੈਕਸੀਕੋ ਨੂੰ 36-24 ਨਾਲ ਹਰਾਇਆ

ਦਿਨ ਦਾ ਆਖਰੀ ਤੇ ਚੌਥਾ ਮੈਚ ਮਹਿਲਾ ਵਰਗ ਦੇ ਪੂਲ ਏ ਦੀਆਂ ਟੀਮਾਂ ਮੈਕਸੀਕੋ ਤੇ ਸ੍ਰੀਲੰਕਾ ਵਿਚਾਲੇ ਖੇਡਿਆ ਗਿਆ। ਵਿਸ਼ਵ ਕੱਪ ਵਿੱਚ ਪਹਿਲੀ ਵਾਰ ਸ਼ਮੂਲੀਅਤ ਕਰ ਰਹੀ ਸ੍ਰੀਲੰਕਾ ਦੀ ਟੀਮ ਨੇ ਬਿਹਤਰ ਸ਼ੁਰੂਆਤ ਕੀਤੀ ਅਤੇ ਮੈਕਸੀਕੋ ਨੂੰ 36-24 ਨਾਲ ਹਰਾ ਕੇ ਆਪਣਾ ਖਾਤਾ ਖੋਲ੍ਹਿਆ। ਸ਼ੁਰੂਆਤ ਵਿੱਚ ਸ੍ਰੀਲੰਕਾ ਦੀ ਟੀਮ ਨੇ ਲੀਡ ਲੈ ਲਈ ਪਰ ਫੇਰ ਮੈਕਸੀਕੋ ਵੱਲੋਂ ਵਾਪਸੀ ਕਰਦਿਆਂ ਇਕ ਵਾਰ ਸਕੋਰ 9-9 ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਸ੍ਰੀਲੰਕਾ ਨੇ ਮੁੜ ਦਬਦਬਾ ਕਾਇਮ ਕਰਦਿਆਂ ਲਗਾਤਾਰ ਅੰਕ ਬਟੋਰੇ ਅੰਤ ਤੱਕ ਲੀਡ ਕਾਇਮ ਰੱਖਦਿਆਂ ਜਿੱਤ ਦਰਜ ਕੀਤੀ। ਸ੍ਰੀਲੰਕਾ ਦੀ ਟੀਮ ਵੱਲੋਂ ਰੇਡਰ ਪੀ ਕਾਈਮੈਨ ਨੇ 7 ਤੇ ਦਮੰਯਤੀ ਨੇ 4 ਅੰਕ ਲਏ ਜਦੋਂ ਕਿ ਪਦਮਾਸ੍ਰੀ ਨੇ 6 ਤੇ ਵਿਜੇਥੋ ਨੇ 5 ਜੱਫੇ ਲਾਏ। ਮੈਕਸੀਕੋ ਦੀ ਰੇਜਰ ਐਵਾ ਐਲਗਜੈਂਡਰਾ ਤੇ ਐਨਾ ਨੇ 4-4 ਅੰਕ ਲਏ ਜਦੋਂ ਕਿ ਜਾਫੀ ਕ੍ਰਿਸਟਾ ਨੇ 7 ਜੱਫੇ ਲਾਏ