5 Dariya News

ਡਾ.ਬੀ.ਆਰ.ਅੰਬੇਦਕਰ ਛੇਵਾਂ ਵਿਸ਼ਵ ਕੱਪ ਕਬੱਡੀ-2016 : ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਵੱਲੋਂ ਜੇਤੂ ਸ਼ੁਰੂਆਤ

ਇਰਾਨ, ਇੰਗਲੈਂਡ ਤੇ ਕੈਨੇਡਾ ਦੀਆਂ ਟੀਮਾਂ ਨੇ ਵੀ ਹਾਸਲ ਕੀਤੀਆਂ ਜਿੱਤਾਂ

5 Dariya News (ਅਜੇ ਪਾਹਵਾ)

ਸਰਾਭਾ (ਲੁਧਿਆਣਾ) 05-Nov-2016

ਡਾ.ਬੀ.ਆਰ. ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਅੱਜ ਤੀਜੇ ਦਿਨ ਦੇ ਮੁਕਾਬਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੱਦੀ ਪਿੰਡ ਸਰਾਭਾ ਦੇ ਹਾਈ ਟੈਕ ਸਪੋਰਟਸ ਪਾਰਕ ਵਿਖੇ ਖੇਡੇ ਗਏ। ਸਰਾਭਾ ਪਿੰਡ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਜਿਸ ਦਾ ਘਰੇਲੂ ਦਰਸ਼ਕਾਂ ਵੱਲੋਂ ਭਰਵੇਂ ਇਕੱਠ ਨਾਲ ਸਵਾਗਤ ਕੀਤਾ ਗਿਆ। ਸਭ ਤੋਂ ਵੱਡੀ ਗੱਲ ਮਹਿਲਾ ਦਰਸ਼ਕਾਂ ਦੀ ਭਰਵੀਂ ਗਿਣਤੀ ਦੇਖਣ ਨੂੰ ਮਿਲੀ। ਅੱਜ ਇਥੇ ਪੰਜ ਮੈਚ ਖੇਡ ਗਏ। ਭਾਰਤ ਦੀਆਂ ਪੁਰਸ਼ ਤੇ ਮਹਿਲਾ ਵਰਗ ਦੀਆਂ ਕਬੱਡੀ ਟੀਮਾਂ ਨੇ ਅੱਜ ਆਪਣੇ ਪਲੇਠੇ ਮੈਚ ਖੇਡਦਿਆਂ ਜੇਤੂ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਪੁਰਸ਼ ਵਰਗ ਦੇ ਤਿੰਨ ਹੋਰ ਮੈਚਾਂ ਵਿੱਚ ਇਰਾਨ, ਇੰਗਲੈਂਡ ਤੇ ਕੈਨੇਡਾ ਦੀਆਂ ਟੀਮਾਂ ਨੇ ਵੀ ਜਿੱਤਾਂ ਹਾਸਲ ਕੀਤੀਆਂ। ਅੱਜ ਦੇ ਮੁਕਾਬਲਿਆਂ ਦੀ ਸ਼ੁਰੂਆਤ ਵਿਧਾਇਕ ਸ. ਮਨਪ੍ਰੀਤ ਸਿੰਘ ਇਆਲੀ ਨੇ ਇੰਗਲੈਂਡ ਤੇ ਸਵੀਡਨ ਦੀਆਂ ਟੀਮਾਂ ਜਿਨ੍ਹਾਂ ਵਿਚਾਲੇ ਦਿਨ ਦਾ ਪਹਿਲਾ ਖੇਡ ਮੈਚ ਖੇਡਿਆ ਗਿਆ, ਨਾਲ ਜਾਣ-ਪਛਾਣ ਕਰ ਕੇ ਕੀਤੀ। ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਵਿਧਾਇਕ ਸ. ਰਣਜੀਤ ਸਿੰਘ ਢਿੱਲੋਂ, ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ. ਸੰਤਾ ਸਿੰਘ ਉਮੈਦਪੁਰੀ, ਪੰਜਾਬ ਟਰੇਡਰਜ਼ ਬੋਰਡ ਦੇ ਵਾਈਸ ਚੇਅਰਮੈਨ ਸ੍ਰੀ ਮਦਨ ਲਾਲ ਬੱਗਾ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ. ਤਜਿੰਦਰ ਸਿੰਘ ਮਿੱਡੂਖੇੜਾ, ਬਲਾਕ ਸਮਿਤੀ ਚੇਅਰਮੈਨ ਸ. ਹਰਬੀਰ ਸਿੰਘ ਇਆਲੀ, ਹਰਕਿੰਦਰ ਸਿੰਘ ਇਆਲੀ, ਜ਼ਿਲਾ ਪ੍ਰੀਸ਼ਦ ਮੈਂਬਰ ਸ. ਹਰਪ੍ਰੀਤ ਸਿੰਘ ਸ਼ਿਵਾਲਿਕ, ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਹੁਲ ਗੁਪਤਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਐਸ.ਐਸ.ਪੀ. ਲੁਧਿਆਣਾ ਦਿਹਾਤੀ ਸ੍ਰੀ ਉਪਿੰਦਰਜੀਤ ਸਿੰਘ ਘੁੰਮਣ, ਸਹਾਇਕ ਡਾਇਰੈਕਟਰ (ਖੇਡਾਂ) ਸ੍ਰੀ ਕਰਤਾਰ ਸਿੰਘ ਸੈਂਹਬੀ ਵੀ ਹਾਜ਼ਰ ਸਨ।

ਪਹਿਲਾ ਮੈਚ :ਇੰਗਲੈਂਡ ਨੇ ਸਵੀਡਨ ਨੂੰ 57-23 ਨਾਲ ਹਰਾਇਆ

ਸਰਾਭਾ ਦੇ ਹਾਈ ਟੈਕ ਅਲਟਰਾ ਮਾਡਰਨ ਪਾਰਕ ਵਿਖੇ ਅੱਜ ਦਿਨ ਦੇ ਪਹਿਲੇ ਮੈਚ ਵਿੱਚ ਪੁਰਸ਼ ਵਰਗ ਦੇ ਪੂਲ ਏ ਦਾ ਮੈਚ ਇੰਗਲੈਂਡ ਤੇ ਸਵੀਡਨ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਇੰਗਲੈਂਡ ਨੇ ਸ਼ੁਰੂਆਤ ਤੋਂ ਹੀ ਲੀਡ ਬਣਾ ਕੇ ਰੱਖੀ ਜੋ ਅੰਤ ਵਿੱਚ ਜੇਤੂ ਸਾਬਤ ਹੋਈ। ਇੰਗਲੈਂਡ ਨੇ 57-23 ਨਾਲ ਮੈਚ ਜਿੱਤ ਕੇ ਆਪਣਾ ਖਾਤਾ ਖੋਲ੍ਹਿਆ। ਇੰਗਲੈਂਡ ਵੱਲੋਂ ਰੇਡਰ ਅਵਤਾਰ ਸਿੰਘ ਤੇ ਗੁਰਦੀਪ ਸਿੰਘ ਨੇ 10-10 ਅਤੇ ਨਰਵਿੰਦਰ ਸਿੰਘ ਨੇ 9 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਕਮਲਦੀਪ ਰਿਆੜ ਨੇ 11 ਅਤੇ ਪਰਮਜੀਤ ਸਿੰਘ ਨੇ 4 ਜੱਫੇ ਲਾਏ।

ਦੂਜਾ ਮੈਚ :ਭਾਰਤ ਨੇ ਸੀਆਰਾ ਲਿਓਨ ਨੂੰ 46-38 ਨਾਲ ਹਰਾਇਆ

ਲਗਾਤਾਰ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਭਾਰਤ ਦੀ ਟੀਮ ਨੇ ਆਪਣਾ ਪਹਿਲਾ ਮੈਚ ਖੇਡਦਿਆਂ ਸੀਆਰਾ ਲਿਓਨ ਦੀ ਟੀਮ ਨੂੰ 46-38 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਸੀਆਰਾ ਲਿਓਨ ਦੀ ਟੀਮ ਪਿਛਲੇ ਵਿਸ਼ਵ ਕੱਪ ਨਾਲੋਂ ਇਸ ਵਾਰ ਬਿਹਤਰ ਖੇਡ ਅਤੇ ਆਪਣੇ ਤੋਂ ਤਾਕਤਵਾਰ ਟੀਮ ਭਾਰਤ ਨੂੰ ਚੰਗੀ ਟੱਕਰ ਦਿੱਤਾ ਜਿਸ ਦੀ ਦਰਸ਼ਕਾਂ ਨੇ ਖੂਬ ਦਾਦ ਦਿੱਤੀ। ਭਾਰਤੀ ਟੀਮ ਵੱਲੋਂ ਰੇਡਰ ਸੁਲਤਾਨ, ਜਸਨਪ੍ਰੀਤ ਸਿੰਘ ਰਾਜੂ ਤੇ ਮਨਜੋਤ ਸਿੰਘ ਨੇ 8-8 ਅਤੇ ਜਗਮੋਹਨ ਸਿੰਘ ਨੇ 7 ਅੰਕ ਹਾਸਲ ਕੀਤੇ ਜਦੋਂ ਕਿ ਜਾਫ ਲਾਈਨ ਵਿੱਚੋਂ ਕਪਤਾਨ ਖੁਸ਼ਦੀਪ ਸਿੰਘ ਖੁਸ਼ੀ ਨੇ 3 ਤੇ ਰਣਜੋਧ ਸਿੰਘ ਨੇ 2 ਜੱਫੇ ਲਾਏ। ਸੀਆਰਾ ਲਿਓਨ ਦੀ ਟੀਮ ਵੱਲੋਂ ਰੇਡਰ ਬਿਗੀ ਬੁਆਏ ਨੇ 9 ਤੇ ਮਨੀ ਨੇ 8 ਅੰਕ ਲਏ ਅਤੇ ਜਾਫੀ ਕੈਮਬੈਂਲ ਨੇ 1 ਜੱਫਾ ਲਾਇਆ।

ਤੀਜਾ ਮੈਚ :ਕੈਨੇਡਾ ਨੇ ਸ੍ਰੀਲੰਕਾ ਨੂੰ 60-27 ਨਾਲ ਹਰਾਇਆ

ਵਿਸ਼ਵ ਕੱਪ ਵਿੱਚ ਤਕੜਾ ਦਾਅਵਾ ਪੇਸ਼ ਕਰਨ ਉਤਰੀ ਕੈਨੇਡਾ ਦੀ ਟੀਮ ਨੇ ਅੱਜ ਆਪਣੇ ਪਹਿਲੇ ਮੈਚ ਵਿੱਚ ਸ੍ਰੀਲੰਕਾ ਨੂੰ 60-27 ਦੇ ਵੱਡੇ ਫਰਕ ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ। ਕੈਨੇਡਾ ਦੇ ਰੇਡਰ ਇੰਦਰਜੀਤ ਸਿੰਘ ਨੇ 14, ਰਣਜੋਧ ਸਿੰਘ ਨੇ 10 ਤੇ ਅਮਨ ਕੁੰਡੀ ਨੇ 9 ਅੰਕ ਲਏ ਜਦੋਂ ਕਿ ਜਾਫੀ ਜਸਦੀਪ ਸਿੰਘ ਤੇ ਸੰਦੀਪ ਸਿੰਘ ਨੇ 5-5 ਅਤੇ ਬਲਜੀਤ ਸਿੰਘ ਸੈਦੋਕੇ ਨੇ 4 ਜੱਫੇ ਲਾਏ।

ਚੌਥਾ ਮੈਚ :ਮਹਿਲਾ ਵਰਗ, ਭਾਰਤ ਨੇ ਕੀਨੀਆ ਨੂੰ 45-15 ਨਾਲ ਹਰਾਇਆ

ਮਹਿਲਾ ਵਰਗ ਵਿੱਚ ਪਿਛਲੇ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਆਪਣੇ ਪਲੇਠੇ ਮੁਕਾਬਲੇ ਵਿੱਚ ਕੀਨੀਆ ਨੂੰ ਭਾਵੇਂ 45-15 ਨਾਲ ਹਰਾ ਕੇ ਪੂਰੇ ਅੰਕ ਬਟੋਰੇ ਪਰ ਕੀਨੀਆਈ ਖਿਡਾਰਨਾਂ ਵੱਲੋਂ ਦਿਖਾਈ ਖੇਡ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਭਾਰਤ ਦੀ ਸਟਾਰ ਰੇਡਰ ਰਾਮ ਬਤੇਰੀ ਨੂੰ ਪਹਿਲੀ ਹੀ ਰੇਡ 'ਤੇ ਕੀਨੀਆ ਦੀ ਜਾਫੀ ਨੇ ਜੱਫਾ ਲਾ ਕੇ ਸਟੇਡੀਅਮ ਵਿੱਚ ਸਨਸਨੀ ਫੈਲਾ ਦਿੱਤੀ ਸੀ ਪਰ ਬਾਅਦ ਵਿੱਚ ਭਾਰਤੀ ਟੀਮ ਨੇ ਆਸਾਨੀ ਨਾਲ ਮੈਚ ਜਿੱਤ ਲਿਆ। ਭਾਰਤੀ ਟੀਮ ਵੱਲੋਂ ਰੇਡਰ ਮੀਨਾ ਤੇ ਹਰਵਿੰਦਰ ਸਿੰਘ ਨੇ 6-6 ਅਤੇ ਕਰਮੀ ਨੇ 5 ਅੰਕ ਬਟੋਰੇ ਜਦੋਂ ਕਿ ਜਾਫੀ ਖੁਸ਼ਬੂ ਤੇ ਸੁਖਦੀਪ ਕੌਰ ਨੇ 4-4 ਤੇ ਜਸਬੀਰ ਕੌਰ ਨੇ 3 ਜੱਫੇ ਲਾਏ। ਕੀਨੀਆ ਦੀ ਰੇਡਰ ਲਿਲੀਅਨ, ਈ ਸਟਰਾ ਨਿਜੁਲ ਤੇ ਸੋਫੀਆ ਨੇ 4-4 ਅੰਕ ਬਟੋਰੇ ਅਤੇ ਜਦੋਂ ਕਿ ਜਾਫੀ ਨਿਦਿਆ ਲੀਹ ਵੈਸਬਰੀ ਨੇ 2 ਜੱਫੇ ਲਾਏ।

ਪੰਜਵਾਂ ਮੈਚ :ਇਰਾਨ ਨੇ ਤਨਜ਼ਾਨੀਆ ਨੂੰ 62-23 ਨਾਲ ਹਰਾਇਆ

ਪਿਛਲੇ ਵਿਸ਼ਵ ਕੱਪ ਵਿੱਚ ਤੀਜੇ ਸਥਾਨ 'ਤੇ ਆ ਕੇ ਕਬੱਡੀ ਪ੍ਰੇਮੀਆਂ ਦੇ ਦਿਲ ਜਿੱਤਣ ਵਾਲੀ ਇਰਾਨ ਦੀ ਕਬੱਡੀ ਟੀਮ ਨੇ ਇਸ ਵਾਰ ਆਪਣਾ ਤਕੜਾ ਦਾਅਵਾ ਪੇਸ਼ ਕਰਦਿਆਂ ਪਹਿਲੇ ਮੈਚ ਵਿੱਚ ਸ੍ਰੀਲੰਕਾ ਨੂੰ ਇਕਪਾਸੜ ਮੁਕਾਬਲੇ ਵਿੱਚ 62-23 ਨਾਲ ਹਰਾ ਕੇ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ। ਇਰਾਨ ਦੇ ਰੇਡਰ ਮੁਗਾਦੀਨ ਮੁਹੰਮਦ ਨੇ 8 ਤੇ ਨਦਾਫੀ ਖਲੀਫਾ ਨੇ 7 ਅੰਕ ਲਏ ਜਦੋਂ ਕਿ ਜਾਫੀ ਸ਼ਾਹਰਾਈ ਨਸੀਮ ਨੇ 5 ਜੱਫੇ ਲਾਏ। ਤਨਜ਼ਾਨੀਆ ਦੇ ਰੇਡਰ ਬੈਂਜਾਮੈਨ ਨੇ 7 ਅੰਕ ਲਏ।