5 Dariya News

ਹਰਸਿਮਰਤ ਕੌਰ ਬਾਦਲ ਦੀ ਚੁਣੌਤੀ ਸਵੀਕਾਰਨ ਤੋਂ ਡਰਦੇ ਬਾਜਵਾ ਨੇ ਆਪਣੇ ਮੁਖੀ ਨੂੰ ਫਸਾਉਣ ਦੀ ਚਲਾਕੀ ਖੇਡੀ : ਅਕਾਲੀ ਦਲ

ਬਾਜਵਾ ਨੇ ਮੰਨਿਆ ਕਿ ਪੰਜਾਬ 'ਚ ਹਰਸਿਮਰਤ ਬਾਦਲ ਨੂੰ ਹਰਾਇਆ ਨਹੀਂ ਜਾ ਸਕਦਾ

5 ਦਰਿਆ ਨਿਊਜ਼

ਚੰਡੀਗੜ੍ਹ 30-Jul-2013

ਅਕਾਲੀ ਦਲ ਨੇ ਅੱਜ ਕਾਂਗਰਸ 'ਤੇ ਜਵਾਬੀ ਹਮਲਾ ਬੋਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਸ੍ਰੀ ਪ੍ਰਤਾਪ ਸਿੰਘ ਬਾਜਵਾ ਦੀ ਖਿੱਲੀ ਉਡਾਈ ਅਤੇ ਆਆ ਕਿ ਸ੍ਰੀ ਬਾਜਵਾ ਨੇ ਮੰਨ ਲਿਆ ਹੈ ਕਿ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਹੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਦੇ ਖਿਲਾਫ 'ਸੁਰੱਖਿਅਤ' ਉਮੀਦਵਾਰ ਹਨ। ਉਹ ਆਪ ਮੁਕਾਬਲੇ ਤੋਂ ਕਿਉਂ ਭੱਜ ਰਹੇ ਹਨ ਅਤੇ ਆਪਣੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਾਹੁਲ ਨੂੰ ਆਪਣੇ ਜੱਦੀ ਹਲਕੇ ਤੋਂ ਕਿਉਂ ਬਾਹਰ ਲਿਆਉਣ ਤੋਂ ਡਰਦੇ ਹਨ, ਇਸ ਤੋਂ ਉਹਨਾਂ ਦੇ ਹੌਂਸਲੇ ਦਾ ਪਤਾ ਲੱਗ ਗਿਆ ਹੈ। ਉਹਨਾਂ ਕਿਹਾ ਕਿ ਸਾਨੂੰ ਹਾਸਾ ਆ ਰਿਹਾ ਹੈ ਕਿ ਸ੍ਰੀ ਬਾਜਵਾ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਚੁਣੌਤੀ ਖੁਦ ਆਪਣੇ ਲਈ ਸਵੀਕਾਰ ਕਰਨ ਦੀ ਥਾਂ ਆਪਣੀ ਪਾਰਟੀ ਦੇ ਵੱਡੇ ਆਗੂ ਨੂੰ ਹਰਸਿਮਰਤ ਕੌਰ ਬਾਦਲ ਦਾ ਨਾਂ ਮੁਕਾਬਲੇ ਲਈ ਪੇਸ਼ ਕੀਤਾ ਹੈ।ਮੁੱਖ ਮੰਤਰੀ ਦੇ ਰਾਸ਼ਟਰੀ ਮਾਮਲਿਆਂ ਤੇ ਮੀਡੀਆ ਬਾਰੇ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਆਖਿਆ ਕਿ ਪ੍ਰਦੇਸ਼ ਕਾਂਗਰਸ ਮੁਖੀ ਵੱਲੋਂ ਰਾਹੁਲ ਗਾਂਧੀ ਦਾ ਸਿਰਫ ਅਮੇਠੀ ਤੋਂ ਹੀ ਲੜਨ ਲਈ ਜ਼ੋਰ ਦੇਣਾ ਇਸ ਗੱਲ ਦਾ ਸੂਚਕ ਹੈ ਕਿ ਉਹ ਇਹ ਮੰਨਦੇ ਹਨ ਕਿ ਰਾਹੁਲ ਗਾਂਧੀ ਰਾਸ਼ਟਰੀ ਜਾਂ ਸੂਬਾਈ ਪੱਧਰ ਦੇ ਆਗੂ ਵੀ ਨਹੀਂ ਹਨ। ਉਹਨਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੀ ਚੁਣੌਤੀ ਸਵੀਕਾਰ ਨਾ ਕਰ ਕੇ ਉਹਨਾਂ ਮੰਨ ਲਿਆ ਹੈ ਕਿ ਉਹਨਾਂ ਸਮੇਤ ਕਿਸੇ ਵੀ ਸੂਬਾਈ ਆਗੂ 'ਚ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਚੁਣੌਤੀ ਦਾ ਸਾਹਮਣਾ ਕਰਨ ਦਾ ਹੌਂਸਲਾ ਨਹੀਂ ਹੈ।

ਸ੍ਰੀ ਬੈਂਸ ਨੇ ਹੋਰ ਕਿਹਾ ਕਿ  ਸ੍ਰੀ ਬਾਜਵਾ ਦੇ ਬਿਆਨ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਇਸ ਕੌੜੀ ਸੱਚਾਈ ਨੂੰ ਕਬੂਲ ਚੁੱਕੀ ਹੈ ਕਿ ਦੇਸ਼ ਭਰ 'ਚ ਉਹ ਹੁਣ ਬੇਵਸ ਹੈ। ਉਹਨਾਂ ਕਿਹਾ ਕਿ ਹਾਲੇ ਇਹ ਸਪਸ਼ਟ ਨਹੀਂ ਹੈ ਕਿ ਰਾਹੁਲ ਗਾਂਧੀ ਸ੍ਰੀ ਬਾਜਵਾ ਦੀ ਗੱਲ ਮੰਨ ਕੇ ਆਪਣੇ ਹਲਕੇ ਤੋਂ ਬਾਹਰ ਹਰਸਿਮਰਤ ਕੌਰ ਬਾਦਲ ਦਾ ਸਾਹਮਣਾ ਕਰਨ ਲਈ ਤਿਆਰ ਹੋਣਗੇ ਕਿ ਨਹੀਂ ਕਿਉਂਕਿ ਰਾਹੁਲ ਗਾਂਧੀ ਨੂੰ ਵੀ ਆਪਣੇ ਹਲਕੇ ਦੀ ਸੁਰੱਖਿਆ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਜੇਕਰ ਬਾਜਵਾ ਨੂੰ ਸ੍ਰੀ ਰਾਹੁਲ ਗਾਂਧੀ ਦੀ ਜਿੱਤ 'ਤੇ ਇੰਨਾ ਭਰੋਸਾ ਹੁੰਦਾ ਤਾਂ ਉਹ ਸ੍ਰੀਮਤੀ ਬਾਦਲ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਖਿਲਾਫ ਦੇਸ਼ ਦੇ ਕਿਸੇ ਵੀ ਹਲਕੇ ਤੋ ਲੜਨ ਦੀ ਚੁਣੌਤੀ ਦਿੰਦੇ। ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਇੰਨਾ ਕੁ ਵਿਸ਼ਵਾਸ ਤਾਂ ਹੋਣਾ ਚਾਹੀਦਾ ਹੈ ਕਿ ਉਹ ਦੇਸ਼ ਵਿਚ ਕਿਤੋਂ ਵੀ ਜਿੱਤ ਸਕੇ ਅਤੇ ਆਪਣੇ ਹਲਕੇ ਤੋਂ ਬਾਹਰ ਵੀ ਕਿਤੋਂ ਵੀ ਚੋਣ ਲੜ ਸਕੇ।ਸ੍ਰੀ ਬੈਂਸ ਨੇ ਕਿਹਾ ਕਿ ਅਸੀਂ ਤਾਂ ਵਾਰ ਵਾਰ ਇਹ ਕਹਿੰੇਦੇ ਰਹੇ ਹਾਂ  ਉਹ ਆਪਣੇ ਹਲਕੇ ਵਿਚੋਂ ਬਾਹਰ ਨਿਕਲਣ ਦਾ ਦਮ ਨਹੀਂ ਰੱਖਦੇ ਅਤੇ ਸ੍ਰੀ ਬਾਜਵਾ ਦੇ ਬਿਆਨ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਹੈ ਜਦਕਿ ਉਹ ਰਾਹੁਲ ਗਾਂਧੀ ਨੂੰ ਨਰਿੰਦਰ ਮੋਦੀ ਵਰਗੇ ਵੱਡੇ ਆਗੂ ਦੇ ਖਿਲਾਫ ਲੜਾਉਣ ਦੇ ਫੋਕੇ ਦਾਅਵੇ ਕਰਦੇ ਹਨ। ਉਹਨਾਂ ਕਿਹਾ ਕਿ ਸ੍ਰੀ ਬਾਜਵਾ ਤੇ ਰਾਹੁਲ ਗਾਂਧੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਕ ਵਾਰ ਇੰਦਰਾ ਗਾਂਧੀ ਨੇ ਵੀ ਅਮੇਠੀ ਤੇ ਰਾਏ ਬਰੇਲੀ ਤੋਂ ਬਾਹਰ ਲੜਨ ਦਾ ਹੌਂਸਲਾ ਵਿਖਾਇਆ ਸੀ ਤੇ ਕਰਨਾਟਕਾ ਦੇ ਚਿਕਮੰਗਲੂਰ ਤੋਂ ਚੋਣ ਲੜੀ ਸੀ ।