5 Dariya News

ਬਨੂੜ ਨਹਿਰ ਡੈਮ ਰਿਕਾਰਡ ਸਮੇਂ 'ਚ ਮੁਕੰਮਲ ਕੀਤਾ: ਸ਼ਰਨਜੀਤ ਸਿੰਘ ਢਿੱਲੋਂ

75 ਕਰੋੜ ਦੀ ਲਾਗਤ ਵਾਲਾ ਪ੍ਰਾਜੈਕਟ ਨਿਰਧਾਰਿਤ ਸਮੇਂ ਤੋਂ 2 ਮਹੀਨੇ ਪਹਿਲਾਂ ਕੀਤਾ ਮੁਕੰਮਲ

5 Dariya News

ਚੰਡੀਗੜ੍ਹ 05-Nov-2016

ਘੱਗਰ ਦਰਿਆ ਤੋਂ ਛੱਤ ਬੀੜ ਚਿੜੀਆ ਘਰ ਦੇ ਪਿਛਲੇ ਪਾਸੇ ਤੋਂ ਨਿਕਲਦੀ ਬਨੂੜ ਨਹਿਰ ਨੂੰ ਘੱਗਰ ਦਰਿਆ 'ਤੇ 75 ਕਰੋੜ ਦੀ ਲਾਗਤ ਨਾਲ ਡੈਮ ਦੀ ਉਸਾਰੀ ਕਰਕੇ ਇੱਕ ਸਾਰਾ ਸਾਲ ਚੱਲਣ ਵਾਲੀ ਭਾਵ ਬਾਰਾਂਮਾਸੀ ਨਹਿਰ ਦਾ ਰੂਪ ਦਿੱਤਾ ਗਿਆ ਹੈ।ਪੰਜਾਬ ਦੇ ਸਿੰਜਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਸੂਬੇ ਭਰ 'ਚ ਉਸਾਰੀ ਅਧੀਨ ਸਿੰਜਾਈ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਮਗਰੋਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਰਿਕਾਰਡ ਸਮੇਂ 'ਚ ਮੁਕੰਮਲ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਨੂੜ ਨਹਿਰ ਡੈਮ ਪ੍ਰਾਜੈਕਟ ਨੂੰ ਮੁਕੰਮਲ ਕਰਨ ਦਾ ਨਿਰਧਾਰਿਤ ਸਮਾਂ 31 ਦਸੰਬਰ, 2016 ਭਾਵ 12 ਮਹੀਨੇ ਮਿੱਥਿਆ ਗਿਆ ਸੀ ਪਰ ਇਸ ਪ੍ਰਾਜੈਕਟ ਨੂੰ 2 ਮਹੀਨੇ ਪਹਿਲਾਂ ਭਾਵ 10 ਮਹੀਨਿਆਂ 'ਚ 31 ਅਕਤੂਬਰ, 2016 ਨੂੰ ਹੀ ਰਿਕਾਰਡ ਸਮੇਂ 'ਚ ਮੁਕੰਮਲ ਕਰ ਲਿਆ ਗਿਆ ਹੈ।ਸ. ਕਾਹਨ ਸਿੰਘ ਪੰਨੂ, ਸਕੱਤਰ ਸਿੰਜਾਈ ਵਿਭਾਗ ਪੰਜਾਬ, ਜੋ ਕਿ ਇਸ ਡੈਮ ਦੇ ਉਸਾਰੀ ਕਾਰਜਾਂ ਨੂੰ ਲਗਾਤਾਰ ਵੇਖਦੇ ਆ ਰਹੇ ਸਨ, ਨੇ ਕਿਹਾ ਕਿ ਵਿਭਾਗ ਦੇ ਇੰਜੀਨੀਅਰਾਂ ਨੇ ਸਖ਼ਤ ਮਿਹਨਤ ਕਰਕੇ ਇਸ ਪ੍ਰਾਜੈਕਟ ਨੂੰ ਸਮਾਂ ਰਹਿੰਦਿਆਂ ਮੁਕੰਮਲ ਕਰ ਲਿਆ ਹੈ। 

ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਇਸ ਨਹਿਰ ਦੀ ਕੰਕਰੀਟ ਲਾਈਨ ਦਾ ਕੰਮ ਮੁਕੰਮਲ ਹੋਣ ਉਪਰੰਤ ਨਹਿਰ 'ਚ ਪਾਣੀ ਛੱਡ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਮਗਰੋਂ ਬੰਨ੍ਹ ਤੋਂ ਨੀਚੇ ਵਾਲੇ ਇਲਾਕਿਆਂ ਵਿੱਚ ਘੱਗਰ ਕਿਨਾਰੇ ਵਸਦੇ ਕਿਸਾਨ ਜੋ ਕਿ ਘੱਗਰ ਦਾ ਪਾਣੀ ਪੰਪਾਂ ਰਾਹੀਂ ਪ੍ਰਾਪਤ ਕਰਦੇ ਹਨ, ਨੂੰ ਲਗਾਤਾਰ ਪਾਣੀ ਦੇਣਾ ਯਕੀਨੀ ਬਣਾਇਆ ਜਾਵੇਗਾ।ਸ. ਪੰਨੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਉਦੇਸ਼ 40 ਹਜ਼ਾਰ ਏਕੜ ਰਕਬੇ ਨੂੰ ਸਿੰਜਾਈ ਅਧੀਨ ਲਿਆ ਕੇ 61 ਪਿੰਡਾਂ ਦੇ 10 ਹਜ਼ਾਰ ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚਾਉਣਾ ਹੈ। ਇਸ ਪ੍ਰਾਜੈਕਟ ਨਾਲ ਕਿਸਾਨਾਂ ਨੂੰ ਘੱਗਰ ਦਰਿਆ ਡੈਮ ਦੇ ਪਾਣੀ ਦੇ ਵਹਾਅ ਰਾਹੀਂ ਲਗਾਤਾਰ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਹੋ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਇਲਾਕੇ ਦੀ ਕਿਸਾਨੀ ਨੂੰ ਬਹੁਤ ਲਾਭ ਮਿਲੇਗਾ ਕਿਉਂਜੋ ਇਸ ਖੇਤਰ 'ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ 400 ਫੁੱਟ ਥੱਲੇ ਚਲਾ ਗਿਆ ਹੈ ਅਤੇ ਜ਼ਮੀਨ ਹੇਠਲੇ ਪਾਣੀ ਦੀ ਗੁਣਵੱਤਾ ਫਸਲਾਂ ਦੇ ਉਤਪਾਦਨ ਲਈ ਉਪਯੋਗੀ ਨਹੀਂ ਹੈ।