5 Dariya News

ਸਰਾਭਾ ਦਾ ਹਾਈਟੈਕ ਸਪੋਰਟਸ ਪਾਰਕ ਬਣਿਆ ਖਿੱਚ ਦਾ ਕੇਂਦਰ, ਮਹਿਲਾ ਦਰਸ਼ਕਾਂ ਦਾ ਜੁੜਿਆ ਭਰਵਾਂ ਇਕੱਠ

ਸ਼ਹੀਦ ਕਰਤਾਰ ਸਿੰਘ ਸਰਾਭਾ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜਦਾ ਰਿਹਾ ਸਟੇਡੀਅਮ

5 Dariya News (ਅਜੇ ਪਾਹਵਾ)

ਸਰਾਭਾ (ਲੁਧਿਆਣਾ) 05-Nov-2016

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੱਦੀ ਪਿੰਡ ਅੱਜ ਕੌਮਾਂਤਰੀ ਕਬੱਡੀ ਨਕਸ਼ੇ 'ਤੇ ਆ ਗਿਆ ਜਦੋਂ ਪਹਿਲੀ ਵਾਰ ਵਿਸ਼ਵ ਕੱਪ ਕਬੱਡੀ ਮੁਕਾਬਲਿਆਂ ਦਾ ਗਵਾਹ ਬਣਾਇਆ। ਸਰਾਭਾ ਵਿਖੇ ਪਹਿਲੀ ਵਾਰ ਵਿਸ਼ਵ ਕੱਪ ਮੁਕਾਬਲੇ ਹੋਏ। ਡਾ.ਬੀ.ਆਰ. ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਤੀਜੇ ਦਿਨ ਦੇ ਅੱਜ ਪੰਜ ਮੁਕਾਬਲੇ ਸਰਾਭਾ ਵਿਖੇ ਖੇਡੇ ਗਏ।ਹਲਕਾ ਵਿਧਾਇਕ ਸ. ਮਨਪ੍ਰੀਤ ਸਿੰਘ ਇਆਲੀ ਵੱਲੋਂ ਵਿਦੇਸ਼ੀ ਮੁਲਕਾਂ ਦੀ ਤਰਜ਼ 'ਤੇ ਭਾਰਤ ਵਿੱਚ ਪਹਿਲੀ ਵਾਰ ਦਾਖਾ ਹਲਕੇ ਵਿੱਚ ਹਾਈ ਟੈਕ ਸਪੋਰਟਸ ਪਾਰਕ ਉਸਾਰੇ ਗਏ ਹਨ। 30 ਕਰੋੜ ਰੁਪਏ ਤੋਂ ਵੱਧ ਰਾਸ਼ੀ ਨਾਲ ਹਲਕੇ ਵਿੱਚ ਕੁੱਲ 70 ਅਜਿਹੇ ਸਪੋਰਟਸ ਪਾਰਕ ਉਸਾਰੇ ਗਏ ਹਨ ਜਿੱਥੇ ਸੈਰ ਦੇ ਨਾਲ ਖੇਡਾਂ ਲਈ ਢਾਂਚਾ ਉਸਾਰਿਆ ਗਿਆ ਹੈ। ਇਨ੍ਹਾਂ ਵਿੱਚੋਂ ਇਕ ਹਾਈ ਟੈਕ ਸਪੋਰਟਸ ਪਾਰਕ ਸਰਾਭਾ ਵਿਖੇ ਉਸਾਰਿਆ ਗਿਆ ਹੈ ਜਿਸ ਦਾ ਉਦਘਾਟਨ ਆਉਂਦੇ ਦਿਨੀਂ ਹੋਣਾ ਹੈ ਪਰ ਅੱਜ ਵਿਸ਼ਵ ਕੱਪ ਦੇ ਮੈਚਾਂ ਨਾਲ ਇਸ ਹਾਈ ਟੈਕ ਸਪੋਰਟਸ ਪਾਰਕ ਖਿੱਚ ਦਾ ਕੇਂਦਰ ਬਣ ਗਿਆ। ਬਾਹਰਲੇ ਮੁਲਕਾਂ ਤੋਂ ਆਏ ਖਿਡਾਰੀਆਂ ਨੇ ਇਸ ਖੇਡ ਮੈਦਾਨ ਦੀ ਤੁਲਨਾ ਕੈਨੇਡਾ, ਇੰਗਲੈਂਡ ਦੇ ਮੈਦਾਨਾਂ ਨਾਲ ਕੀਤੀ। 

ਹਰੇ ਘਾਹ ਵਾਲੇ ਇਸ ਹਾਈ ਟੈਕ ਸਪੋਰਟਸ ਪਾਰਕ ਵਿਖੇ ਖੇਡੇ ਗਏ ਮੈਚਾਂ ਦੌਰਾਨ ਦਰਸ਼ਕਾਂ ਦੇ ਜੁੜੇ ਭਾਰੀ ਇਕੱਠ ਨੇ ਇਸ ਸਟੇਡੀਅਮ ਨੂੰ ਚਾਰ ਚੰਨ ਲਾ ਦਿੱਤੇ। ਸ਼ਾਮ ਵੇਲੇ ਆਖਰੀ ਮੈਚ ਸਟੇਡੀਅਮ ਵਿੱਚ ਨਵੀਂ ਤਕਨੀਕ ਵਾਲੀਆਂ ਲਾਈਆਂ ਫਲੱਡ ਲਾਈਟਾਂ ਹੇਠ ਖੇਡਿਆ ਗਿਆ। ਦੂਧੀਆ ਰੌਸ਼ਨੀ ਵਿੱਚ ਖੇਡੇ ਇਸ ਮੈਚ ਵਿੱਚ ਇਰਾਨ ਦੇ ਪਹਿਲਵਾਨੀ ਦਿੱਖ ਵਾਲੇ ਖਿਡਾਰੀਆਂ ਨੇ ਆਪਣੀ ਕਲਾਬਾਜ਼ੀਆਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਅੱਜ ਦੇ ਮੈਚਾਂ ਦੌਰਾਨ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਮਹਿਲਾ ਦਰਸ਼ਕਾਂ ਦੀ ਗਿਣਤੀ ਵੱਡੀ ਗਿਣਤੀ ਵਿੱਚ ਜੁੜੀ। ਭਾਰਤ ਤੇ ਕੀਨੀਆ ਦੀਆਂ ਮਹਿਲਾ ਕਬੱਡੀ ਟੀਮਾਂ ਵਿਚਾਲੇ ਖੇਡੇ ਦਿਲਕਸ਼ ਮੈਚ ਦਾ ਮਹਿਲਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।

ਸਰਾਭਾ ਵਿਖੇ ਖੇਡੇ ਗਏ ਅੱਜ ਦੇ ਮੈਚਾਂ ਦੌਰਾਨ ਪੂਰਾ ਦਿਨ ਖੇਡ ਸਟੇਡੀਅਮ 'ਸ਼ਹੀਦ ਕਰਤਾਰ ਸਿੰਘ ਸਰਾਭਾ ਅਮਰ ਰਹੇ' ਦੇ ਨਾਅਰਿਆਂ ਨਾਲ ਸਟੇਡੀਅਮ ਗੂੰਜਦਾ ਰਿਹਾ। ਅੱਜ ਦੇ ਮੈਚ ਦੇਖਣ ਲਈ ਕਈ ਦਰਸ਼ਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੀਆਂ ਤਸਵੀਰਾਂ ਲੈ ਕੇ ਆਏ ਸਨ ਜਿਨ੍ਹਾਂ ਨੂੰ ਸਾਰਾ ਦਿਨ ਦਰਸ਼ਕ ਲਹਿਰਾਉਂਦੇ ਰਹੇ। ਖੇਡ ਸਟੇਡੀਅਮ ਦੀ ਇਕ ਨੁੱਕਰ 'ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਇਸ ਪਿੰਡ ਵਿੱਚ ਬਣਾਈ ਮੀਨਾਰ ਨੁਮਾ ਯਾਦਗਾਰ ਸਟੇਡੀਅਮ ਦੌਰਾਨ ਖਿੱਚ ਦਾ ਕੇਂਦਰ ਰਹੀ। ਖਿਡਾਰੀਆਂ ਨੇ ਇਸ ਯਾਦਗਾਰ ਮੀਨਾਰ ਅੱਗੇ ਸੈਲਫੀਆਂ ਵੀ ਲਈਆਂ।