ਕਾਂਗਰਸ ਨੂੰ ਚੋਣਾਂ ਵਿੱਚ ਨੁਕਸਾਨ ਨਾ ਹੋਵੇ, ਇਸ ਲਈ ਟਾਇਟਲਰ ਵਰਗੇ ਦੋਸ਼ੀਆਂ ਨੂੰ ਬਚਾ ਰਹੇ ਹਨ ਮੋਦੀ ਤੇ ਬਾਦਲ : ਹਰਵਿੰਦਰ ਸਿੰਘ ਫੂਲਕਾ
ਨਰਿੰਦਰ ਮੋਦੀ ਸਰਕਾਰ ਤੋਂ ਐਸਵਾਈਐਲ ਕੇਸ ਵਾਪਿਸ ਕਿਓਂ ਨਹੀਂ ਕਰਵਾਉਂਦੇ ਬਾਦਲ : ਆਪ
5 Dariya News
02-Nov-2016
ਪੰਜਾਬ ਚੋਣਾਂ ਦੇ ਮੱਦੇਨਜਰ ਕੇਂਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ 1984 ਚ ਹੋਈ ਸਿੱਖ ਨਸਲਕੁਸ਼ੀ ਦੇ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਵਰਗੇ ਦੋਸ਼ੀਆਂ ਨੂੰ ਬਚਾ ਰਹੀ ਹੈ, ਤਾਂਕਿ ਪੰਜਾਬ ਦੀਆਂ ਚੋਣਾਂ ਵਿੱਚ ਕਾਂਗਰਸ ਦਾ ਨੁਕਸਾਨ ਨਾ ਹੋਵੇ। ਬੁੱਧਵਾਰ ਨੂੰ ਇਹ ਗੰਭੀਰ ਦੋਸ਼ ਆਮ ਆਦਮੀ ਪਾਰਟੀ (ਆਪ) ਨੇ ਲਗਾਏ ਹਨ। ਚੰਡੀਗੜ੍ਹ ਵਿੱਚ ਆਪ ਆਗੂ ਕੰਵਰ ਸੰਧੂ, ਲੀਗਲ ਸੈਲ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿੱਲ, ਸਕੱਤਰ ਗੁਲਸ਼ਨ ਛਾਬੜਾ ਅਤੇ ਐਡਵੋਕੇਟ ਦਿਨੇਸ਼ ਚੱਢਾ ਨਾਲ ਸੰਯੁਕਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦੁਆਉਣ ਲਈ 32 ਸਾਲ ਤੋਂ ਮੁਕੱਦਮੇ ਲੜਦੇ ਆ ਰਹੇ ਉਘੇ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਦੋਸ਼ ਲਗਾਇਆ ਕਿ 1984 ਦੇ ਪੀੜਤ ਸਿੱਖ ਪਰਿਵਾਰਾਂ ਨੂੰ ਨਰਿੰਦਰ ਮੋਦੀ ਦੀ ਸਰਕਾਰ ਤੋਂ ਵੀ ਇਨਸਾਫ ਦੀ ਕੋਈ ਉਮੀਦ ਨਹੀਂ ਬਚੀ, ਕਿਉਂਕਿ ਨਰਿੰਦਰ ਮੋਦੀ ਸਰਕਾਰ ਵੀ ਕਾਂਗਰਸ ਦੀਆਂ ਸਰਕਾਰਾਂ ਵਾਂਗ ਜਗਦੀਸ਼ ਟਾਇਟਲਰ ਵਰਗੇ ਦੋਸ਼ੀਆਂ ਨੂੰ ਬਚਾਉਣ ਦੇ ਰਾਹ ਪੈ ਗਈ ਹੈ।ਸੀਬੀਆਈ ਵੱਲੋਂ ਜਗਦੀਸ਼ ਟਾਇਟਲਰ ਵਿਰੁੱਧ ਜਾਂਚ ਨੂੰ ਉਸੇ ਤਰਾਂ ਲਟਕਾਇਆ ਜਾ ਰਿਹਾ ਹੈ, ਜਿਸ ਤਰਾਂ ਕਾਂਗਰਸ ਲਟਕਾਉਂਦੀ ਰਹੀ ਸੀ, ਜਦਕਿ ਦਸੰਬਰ 2015 ਵਿੱਚ ਅਦਾਲਤ ਨੇ ਸੀਬੀਆਈ ਨੂੰ ਸਖਤੀ ਨਾਲ ਨਿਰਦੇਸ਼ ਦਿੱਤੇ ਸਨ ਕਿ ਟਾਇਟਲਰ ਵਿਰੁੱਧ ਜਾਂਚ ਦੋ ਮਹੀਨਿਆਂ ਦੇ ਅੰਦਰ ਮੁਕੰਮਲ ਕੀਤੀ ਜਾਵੇ।
ਇਸ ਦੇ ਉਲਟ ਸੀਬੀਆਈ ਜਾਂਚ ਲਟਕਾਉਂਦੀ ਆ ਰਹੀ ਹੈ ਅਤੇ ਹੁਣ ਚਾਰ ਮਹੀਨੇ ਹੋਰ ਮੰਗ ਲਏ ਹਨ, ਤਾਂਕਿ ਪੰਜਾਬ ਦੀਆਂ ਚੋਣਾਂ ਤੱਕ ਜਗਦੀਸ਼ ਟਾਇਟਲਰ ਬਚਿਆ ਰਹੇ। ਫੂਲਕਾ ਨੇ ਕਿਹਾ ਕਿ ਜਦੋਂ ਤੱਕ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰ ਵਿੱਚ ਸੀ, ਉਦੋਂ ਤੱਕ 1984 ਦੇ ਸਿੱਖ ਕਤਲੇਆਮ ਦੇ ਮੁੱਦਾ ਯਾਦ ਸੀ, ਪ੍ਰੰਤੂ ਸੱਤਾ ਵਿੱਚ ਆਉਣ ਉਤੇ ਕਾਂਗਰਸ ਦੇ ਰਾਹ ਹੀ ਚੱਲ ਪਈ ਹੈ। ਉਨਾਂ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਮੋਦੀ ਸਰਕਾਰ ‘ਚ ਭਾਈਵਾਲ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਗੁਨਾਹ ਵਿੱਚ ਬਰਾਬਰ ਦਾ ਜਿੰਮੇਵਾਰ ਹੋ ਨਿਬੜਿਆ ਹੈ।ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਚੜਤ ਨੂੰ ਰੋਕਣ ਲਈ ਮੋਦੀ, ਬਾਦਲ ਅਤੇ ਕੈਪਟਨ ਅਮਰਿੰਦਰ ਸਭ ਆਪਸ ਵਿੱਚ ਮਿਲ ਗਏ ਹਨ।ਫੂਲਕਾ ਨੇ ਦਾਅਵਾ ਕੀਤਾ ਕਿ ਜਗਦੀਸ਼ ਟਾਇਟਲਰ ਦੇ ਖਿਲਾਫ ਪੁਖਤਾ ਸਬੂਤ ਹਨ ਅਤੇ ਉਸਨੂੰ ਸਜਾ ਹੋਣੀ ਤੈਅ ਹੈ, ਬਾਵਜੂਦ ਇਸਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਦੀਸ਼ ਟਾਇਟਲਰ ਅਤੇ ਕਮਲਨਾਥ ਵਰਗੇ ਦੋਸ਼ੀਆਂ ਨੂੰ ਕਲੀਨ ਚਿਟਾਂ ਵੰਡੀਆਂ ਜਾ ਰਹੀਆਂ ਹਨ।ਇਸ ਮੌਕੇ ਉਨਾਂ ਕੈਪਟਨ ਵੱਲੋਂ ਟਾਇਟਲਰ ਅਤੇ ਕਮਲਨਾਥ ਨੂੰ ਕਲੀਨ ਚਿਟਾਂ ਦੇਣ ਸਬੰਧੀ ਮੀਡੀਆ ਵਿੱਚ ਛਪੀਆਂ ਖਬਰਾਂ ਵੀ ਪੱਤਰਕਾਰਾਂ ਨੂੰ ਵਿਖਾਈਆਂ। ਫੂਲਕਾ ਨੇ ਕਿਹਾ ਕਿ 2012 ਦੀਆਂ ਚੋਣਾਂ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਜਗਦੀਸ਼ ਟਾਇਟਲਰ, ਕਮਲਨਾਥ ਅਤੇ ਸਿੱਖ ਕਤਲੇਆਮ ਦੇ ਹੋਰ ਦੋਸ਼ੀ ਕਾਂਗਰਸੀਆਂ ਨੂੰ ਕਲੀਨ ਚਿਟ ਦਿੰਦਿਆਂ ਕਿਹਾ ਸੀ ਕਿ ਇਨਾਂ ਕਾਂਗਰਸੀ ਨੇਤਾਵਾਂ ਨੂੰ ਸਿਆਸੀ ਕਾਰਨਾਂ ਕਰਕੇ ਫਸਾਇਆ ਜਾ ਰਿਹਾ ਹੈ।ਫੂਲਕਾ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਅਤੇ ਮੁੱਖ ਮੰਤਰੀ ਦੇ ਉਮੀਦਵਾਰ ਬਣਾਉਣ ਦੀ ਸੌਦੇਬਾਜੀ ਵਿੱਚ ਦੋਸ਼ੀ ਕਾਂਗਰਸੀ ਆਗੂਆਂ ਨੂੰ ਕਲੀਨ ਚਿਟਾਂ ਵੰਡਦਾ ਰਿਹਾ ਹੈ ਅਤੇ ਹੁਣ ਵੰਡ ਰਿਹਾ ਹੈ।
ਫੂਲਕਾ ਨੇ ਕਿਹਾ ਕਿ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਨਾ ਹੋਣ ਕਾਰਨ ਦੇਸ਼ ਵਿੱਚ ਇਸ ਤਰਾਂ ਦੇ ਕਤਲੇਆਮ ਦੀਆਂ ਘਟਨਾਵਾਂ ਘਟਣ ਲੱਗੀਆਂ ਹਨ, ਜੋ ਦੇਸ਼ ਦੇ ਭਵਿੱਖ ਲਈ ਬੇਹੱਦ ਖਤਰਨਾਕ ਰੁਝਾਨ ਹੈ। ਜੇਕਰ ਉਸ ਸਮੇਂ ਸਖਤ ਸੁਨੇਹਾ ਜਾਂਦਾ ਕਿ ਕਾਨੂੰਨ ਸਭ ਤੋਂ ਉਪਰ ਹੈ, ਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣ ਵਾਲੇ ਦੰਗੇ ਅਤੇ ਕਤਲੇਆਮ ਦੀਆਂ ਘਟਨਾਵਾਂ ਨਾ ਵਾਪਰਦੀਆਂ।ਫੂਲਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸੀ ਆਗੂਆਂ ਨੇ ਆਪਣੀ ਸੌੜੀ ਸਿਆਸਤ ਲਈ 1984 ਸਿੱਖ ਕਤਲੇਆਮ ਵਰਗੇ ਅਣਮਨੁੱਖੀ ਮੁੱਦੇ ਨੂੰ ਬਲੀ ਚੜਾ ਦਿੱਤਾ ਹੈ।ਇਸ ਮੌਕੇ ਕੰਵਰ ਸੰਧੂ ਨੇ ਕਿਹਾ ਕਿ ਜੇਕਰ ਨਰਿੰਦਰ ਮੋਦੀ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਲੀਡਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦੁਆਉਣ ਲਈ ਸਚਮੁੱਚ ਗੰਭੀਰ ਹੁੰਦੇ ਤਾਂ ਫਰਵਰੀ 2015 ਵਿੱਚ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਹੁਣ ਤੱਕ ਸਾਰੇ ਬੰਦ ਕੇਸਾਂ ਨੂੰ ਦੁਬਾਰਾ ਖੋਲ ਕੇ ਦੋਸ਼ੀਆਂ ਨੂੰ ਸਜਾ ਦਵਾ ਦਿੱਤੀ ਗਈ ਹੁੰਦੀ। ਕੰਵਰ ਸੰਧੂ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ 1984 ਦੇ ਸਿੱਖ ਕਤਲੇਆਮ ਦੇ ਬੰਦ ਪਏ ਕੇਸਾਂ ਨੂੰ ਮੁੜ ਖੋਲਣ ਲਈ ਸਿਟ ਬਣਾਉਣ ਦੀ ਇਜਾਜਤ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਮੋਦੀ ਸਰਕਾਰ ਅਜਿਹਾ ਕਰ ਦਿੰਦੀ ਹੈ ਤਾਂ ਅਗਲੇ 6 ਮਹੀਨਿਆਂ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਸਾਰੇ ਦੋਸ਼ੀਆਂ ਨੂੰ ਸਜਾ ਤੈਅ ਕਰਵਾ ਦੇਵੇਗੀ। ਚੋਣ ਮਨੋਰਥ ਪੱਤਰ ਕਮੇਟੀ ਦੇ ਮੁਖੀ ਵਜੋਂ ਕੰਵਰ ਸੰਧੂ ਨੇ ਦੱਸਿਆ ਕਿ ਪੰਜਾਬ ਅੰਦਰ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਅਤੇ ਬਣਦੀ ਮਦਦ ਦੇਣ ਲਈ ਆਮ ਆਦਮੀ ਪਾਰਟੀ ਆਪਣੇ ਅੰਤਿਮ ਮੈਨੀਫੈਸਟੋ ਵਿੱਚ ਆਪਣੀ ਨੀਤੀ ਅਤੇ ਨੀਅਤ ਸਪਸ਼ਟ ਕਰੇਗੀ।
ਨਰਿੰਦਰ ਮੋਦੀ ਸਰਕਾਰ ਤੋਂ ਐਸਵਾਈਐਲ ਕੇਸ ਵਾਪਿਸ ਕਿਓਂ ਨਹੀਂ ਕਰਵਾਉਂਦੇ ਬਾਦਲ : ਆਪ
ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਪ੍ਰੈਸ ਕਾਨਫਰੰਸ ਰਾਹੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਉਪਰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਪੰਜਾਬ ਦੇ ਲੋਕਾਂ ਨਾਲ ਸ਼ਰੇਆਮ ਧੋਖਾ ਕਰਨ ਦਾ ਦੋਸ਼ ਲਗਾਇਆ। ਐਚ ਐਸ ਫੂਲਕਾ, ਹਿੰਮਤ ਸ਼ੇਰਗਿੱਲ ਅਤੇ ਕੰਵਰ ਸੰਧੂ ਨੇ ਕਿਹਾ ਕਿ ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਅਰੁਣ ਜੇਟਲੀ ਅਤੇ ਅਮਿਤ ਸ਼ਾਹ ਦੀ ਹਾਜਰੀ ਵਿੱਚ ਪ੍ਰਕਾਸ਼ ਸਿੰਘ ਬਾਦਲ ਮਗਰਮੱਛ ਦੇ ਹੰਝੂ ਵਹਾਉਂਦੇ ਹੋਏ ਕਹਿ ਰਹੇ ਸਨ ਕਿ ਜੇਕਰ ਐਸਵਾਈਐਲ ਉਤੇ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਦੇ ਖਿਲਾਫ ਆਉਂਦੇ ਹੈ ਤਾਂ ਉਹ ਫੈਸਲਾ ਨਹੀਂ ਮੰਨਣਗੇ ਅਤੇ ਹਰ ‘ਕੁਰਬਾਨੀ‘ ਦੇਣ ਲਈ ਤਿਆਰ ਰਹਿਣਗੇ।ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਜੇਕਰ ਫੈਸਲਾ ਪੰਜਾਬ ਦੇ ਉਲਟ ਆਉਂਦਾ ਹੈ ਤਾਂ ਉਹ ਲੋਕ ਸਭਾ ਮੈਂਬਰੀ ਸਮੇਤ ਆਪਣੇ ਸਾਰੇ ਵਿਧਾਇਕਾਂ ਤੋਂ ਵੀ ਅਸਤੀਫੇ ਲੈ ਲੈਣਗੇ।ਆਪ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਅਤੇ ਬਾਦਲ ਅਜਿਹੀ ਬਿਆਨਬਾਜੀ ਕਰਕੇ ਕਿਸਨੂੰ ਬੇਵਕੂਫ ਬਣਾ ਰਹੇ ਹਨ?
ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਸਾਫ ਹੁੰਦੀ ਤਾਂ ਕੈਪਟਨ ਉਸ ਵੇਲੇ ਹੀ ਮੁੱਖ ਮੰਤਰੀ ਦੀ ਕੁਰਸੀ ਨੂੰ ਪੰਜਾਬ ਦੇ ਹਿੱਤਾਂ ਲਈ ਕੁਰਬਾਨ ਕਰ ਦਿੰਦਾ, ਜਦ ਉਹ ਪੰਜਾਬ ਵਿੱਚ ਮੁੱਖ ਮੰਤਰੀ ਸੀ ਅਤੇ ਕੇਂਦਰ ਵਿੱਚ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਐਸਵਾਈਐਲ ਦਾ ਮਾਮਲਾ ਸੁਪਰੀਮ ਕੋਰਟ ਨੂੰ ਰੈਫਰ ਕੀਤਾ ਸੀ। ਇਸੇ ਤਰਾਂ ਜੇਕਰ ਪ੍ਰਕਾਸ਼ ਸਿੰਘ ਬਾਦਲ ਸਚਮੁੱਚ ਪੰਜਾਬ ਦੇ ਹਿੱਤਾਂ ਲਈ ਸੁਹਿਰਦ ਹੁੰਦੇ ਤਾਂ ਆਪਣੀ ਨਰਿੰਦਰ ਮੋਦੀ ਸਰਕਾਰ ਤੋਂ ਐਸਵਾਈਐਲ ਦਾ ਕੇਸ ਸੁਪਰੀਮ ਕੋਰਟ ਵਿੱਚੋਂ ਵਾਪਿਸ ਕਰਵਾ ਲਿਆ ਹੁੰਦਾ। ਇਸ ਮੌਕੇ ਹਿੰਮਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਜੇਕਰ ਬਾਦਲਾਂ ਵਿੱਚ ਰੱਤੀ ਭਰ ਵੀ ਪੰਜਾਬ ਪ੍ਰਤੀ ਪਿਆਰ ਅਤੇ ਅਣਖ ਹੁੰਦੀ ਤਾਂ ਜਦੋਂ ਨਰਿੰਦਰ ਮੋਦੀ ਸਰਕਾਰ ਦੇ ਸੁਲਿਸਟਰ ਜਰਨਲ ਰਣਜੀਤ ਕੁਮਾਰ ਵੱਲੋਂ ਸੁਪਰੀਮ ਕੋਰਟ ‘ਚ ਐਸਵਾਈਐਲ ਦੇ ਮੁੱਦੇ ‘ਤੇ ਪੰਜਾਬ ਦੇ ਖਿਲਾਫ ਅਤੇ ਹਰਿਆਣਾ ਦੇ ਹੱਕ ਵਿੱਚ ਸਖਤ ਸਟੈਂਡ ਲਿਆ ਗਿਆ ਸੀ, ਤਾਂ ਬਾਦਲ ਇੱਕ ਮਿੰਟ ਵੀ ਭਾਜਪਾ ਦੀ ਸਰਕਾਰ ਦੇ ਭਾਈਵਾਲ ਨਾ ਰਹਿੰਦੇ ਅਤੇ ਹਰਸਿਮਰਤ ਕੌਰ ਬਾਦਲ ਨੂੰ ਮੋਦੀ ਦੀ ਕੈਬਿਨੇਟ ਵਿੱਚੋਂ ਵਾਪਿਸ ਬੁਲਾ ਕੇ ਪੰਜਾਬ ਵਿੱਚ ਵੀ ਭਾਜਪਾ ਨਾਲ ਤੋੜ ਵਿਛੋੜਾ ਕਰ ਲੈਂਦੇ, ਲੇਕਿਨ ਇਹ ਪੰਜਾਬ ਨਾਲ ਧੋਖੇ ਤੋਂ ਸਿਵਾਏ ਕੁੱਝ ਨਹੀਂ ਕਰ ਰਹੇ।
1984 ਸਿੱਖ ਨਸਲਕੁਸੀ ਵਿਰੁੱਧ ਇਨਸਾਫ ਲਈ ਆਪ ਵੱਲੋਂ ਮੋਹਾਲੀ ਵਿੱਚ ਭੁੱਖ ਹੜਤਾਲ 03-11-16 ਨੂੰ
ਆਮ ਆਦਮੀ ਪਾਰਟੀ (ਆਪ) ਵੱਲੋਂ 1984 ਵਿੱਚ ਸਿੱਖ ਨਸਲਕੁਸੀ ਦੀ 32ਵੀਂ ਬਰਸੀ ਮੌਕੇ ਪੀੜਤ ਸਿੱਖ ਪਰਿਵਾਰਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜਾਵਾਂ ਲਈ ਵੀਰਵਾਰ ਨੂੰ ਮੋਹਾਲੀ ਦੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦੇ ਸਾਹਮਣੇ ਇੱਕ ਰੋਜਾ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਆਪ ਆਗੂ ਐਚ ਐਸ ਫੂਲਕਾ, ਹਿੰਮਤ ਸਿੰਘ ਸ਼ੇਰਗਿੱਲ, ਕੰਵਰ ਸੰਧੂ ਅਤੇ ਦਿਨੇਸ਼ ਚੱਢਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੁੱਖ ਹੜਤਾਲ ਵਿੱਚ ਆਪ ਦੇ ਵਲੰਟੀਅਰਾਂ ਅਤੇ ਸਮਰਥਕਾਂ ਸਮੇਤ ਸਾਰੀ ਪ੍ਰਮੁੱਖ ਲੀਡਰਸ਼ਿੱਪ ਹਿੱਸਾ ਲਵੇਗੀ, ਜਿਨਾਂ ਵਿੱਚ ਆਪ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਸਕੱਤਰ ਗੁਲਸ਼ਨ ਛਾਬੜਾ, ਹਿੰਮਤ ਸਿੰਘ ਸ਼ੇਰਗਿੱਲ, ਕੰਵਰ ਸੰਧੂ, ਅਮਨ ਅਰੋੜਾ, ਦਿਨੇਸ਼ ਚੱਢਾ, ਕੋ-ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਸੁਖਪਾਲ ਸਿੰਘ ਖਹਿਰਾ ਆਦਿ ਸ਼ਾਮਿਲ ਹੋਣਗੇ।