5 Dariya News

ਪੰਜਾਬ 'ਚ ਭਾਜਪਾ-ਅਕਾਲੀ ਦਲ ਗੱਠਜੋੜ ਮੁੜ ਸਰਕਾਰ ਬਣਾਏਗਾ : ਨਰੇਂਦਰ ਸਿੰਘ ਤੋਮਰ

ਆਮ ਆਦਮੀ ਪਾਰਟੀ ਦਾ ਗਰਾਫ਼ ਉਨ੍ਹਾਂ ਦੀਆਂ ਹੀ ਕਮਜ਼ੋਰੀਆਂ ਕਾਰਨ ਡਿੱਗਿਆ : ਵਿਜੇ ਸਾਂਪਲਾ

5 Dariya News

ਚੰਡੀਗੜ੍ਹ 26-Oct-2016

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵਿਸ਼ਵਾਸ਼ ਜਿਤਾਇਆ ਹੈ ਕਿ ਵਰਕਰਾਂ ਦੇ ਬਲ ਅਤੇ ਜਨਤਾ ਦੇ ਆਸ਼ੀਰਵਾਦ ਨਾਲ ਭਾਜਪਾ-ਅਕਾਲੀ ਦਲ ਗੱਠਜੋੜ ਵਿਧਾਨ ਸਭਾ ਚੋਣਾਂ ਵਿਚ ਲਗਾਤਾਰ ਤੀਸਰੀ ਵਾਰ ਜਿੱਤ ਪ੍ਰਾਪਤ ਕਰੇਗਾ। ਚੰਡੀਗੜ੍ਹ 'ਚ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਤੇ ਬਾਅਦ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਅਸੰਬਲੀ ਚੋਣ ਜਿੱਤਣਾ ਭਾਰਤੀ ਜਨਤਾ ਪਾਰਟੀ ਲਈ ਅਤਿਅੰਤ ਮਹੱਤਵਪੂਰਨ ਹੈ। ਉਨ੍ਹਾਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਵੱਡੇ ਟੀਚੇ ਪ੍ਰਾਪਤ ਕਰਨ ਲਈ ਉਹ ਆਪਣੇ ਤਮਾਮ ਗਿਲੇ ਸ਼ਿਕਵੇ ਭੁਲਾ ਦੇਣ ਅਤੇ ਨਰੇਂਦਰ ਮੋਦੀ ਦੀ ਅਗਵਾਈ ਵਿਚ ਪਾਰਟੀ ਨੂੰ ਪੰਜਾਬ ਦੀ ਤਾਕਤ ਦੇ ਕੇ ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਮੁੜ ਕੇਂਦਰ ਸਰਕਾਰ ਬਣਾਉਣੀ ਨਿਸ਼ਚਿਤ ਕੀਤੀ ਜਾਵੇ।ਭਾਜਪਾ ਦੇ ਕੱਦਾਵਰ ਆਗੂ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਦੀ ਐਨਡੀਏ ਸਰਕਾਰ ਨੇ ਤੇ ਪੰਜਾਬ ਵਿਚ ਭਾਜਪਾ-ਅਕਾਲੀ ਦਲ ਗੱਠਜੋੜ ਸਰਕਾਰ ਨੇ ਬਹੁਤ ਵਧੀਆ ਵਿਕਾਸ ਕੰਮ ਕੀਤੇ ਹਨ ਅਤੇ ਵਿਕਾਸ ਤੇ ਉਪਲੱਬਧੀਆਂ ਦੇ ਮੁੱਦੇ 'ਤੇ ਹੀ ਉਹ ਮੁੜ ਜਨਤਾ ਦਰਮਿਆਨ ਜਾਣਗੇ। ਉਨ੍ਹਾਂ ਕਿਹਾ ਕਿ 'ਸਭ ਦਾ ਸਾਥ, ਸਭ ਦਾ ਵਿਕਾਸ' ਦੇ ਨਾਅਰੇ ਨਾਲ ਮੋਦੀ ਸਰਕਾਰ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ। ਕਾਂਗਰਸ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਪੰਜਾਬ ਨੂੰ ਸਹਿਯੋਗ ਨਹੀਂ ਦਿੱਤਾ, ਜਦਕਿ ਸੰਘੀ ਵਿਵਸਥਾ ਵਿਚ ਯਕੀਨ ਕਰਨ ਵਾਲੀ ਐਨਡੀਏ ਸਰਕਾਰ ਵਿਚ ਕੇਂਦਰ ਤੇ ਪੰਜਾਬ ਮਿਲਕੇ ਵਿਕਾਸ ਕੰਮ ਕਰ ਰਹੇ ਹਨ।

ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਭਾਜਪਾ-ਅਕਾਲੀ ਦਲ ਗੱਠਜੋੜ ਪੁਰਾਣਾ ਤੇ ਮਜ਼ਬੂਤ ਹੈ, ਜਿਸਨੇ ਪੰਜਾਬ ਨੂੰ ਸੰਕਟ ਦੀ ਘੜੀ ਵਿਚੋਂ ਸਫ਼ਲਤਾ ਪੂਰਵਕ ਕੱਢਿਆ ਅਤੇ ਵਿਕਾਸ ਦੇ ਰਾਹ ਲਿਆ ਕੇ ਖੜ੍ਹਾ ਕੀਤਾ ਹੈ। ਉਨ੍ਹਾ ਕਿਹਾ ਕਿ ਜਿੰਨ੍ਹੇ ਨੈਸ਼ਨਲ ਹਾਈਵੇ ਪ੍ਰੋਜੈਕਟ ਪੰਜਾਬ ਨੂੰ ਪਿਛਲੇ ਦੋ ਸਾਲਾਂ ਵਿਚ ਮਿਲੇ ਹਨ, ਉਨ੍ਹੇ ਪਹਿਲਾਂ ਕਦੇ ਵੀ ਪ੍ਰਾਪਤ ਨਹੀਂ ਹੋਏ। ਸ੍ਰੀ ਤੋਮਰ ਨੇ ਪਾਰਟੀ ਵਰਕਰਾਂ ਵਿਚ ਜੋਸ਼ ਭਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਬਹਾਦਰ ਹਨ ਅਤੇ ਇਥੋਂ ਦੇ ਪਾਰਟੀ ਵਰਕਰ ਕਦੇ ਵੀ ਆਪਣੀ ਜਿੰਮੇਵਾਰੀ ਤੋਂ ਪਿਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਮਿਹਨਤ ਨਾਲ ਹੀ ਭਾਜਪਾ ਨੇ ਪਹਿਲਾਂ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਇਸ ਵਾਰ ਵੀ ਉਨ੍ਹਾਂ ਦੀ ਭੂਮਿਕਾ ਅਹਿਮ ਹੋਵੇਗੀ। ਸ੍ਰੀ ਤੋਮਰ ਨੇ ਕਿਹਾ ਕਿ ਡਾ. ਸਿਆਮਾ ਪ੍ਰਸ਼ਾਦ ਮੁਖਰਜੀ ਦੇ ਵਿਚਾਰਾਂ ਸਦਕਾ ਹੀ 1951 ਵਿਚ ਜਨਸੰਘ ਦਾ ਗਠਨ ਹੋਇਆ ਸੀ ਅਤੇ ਇਸੇ ਸੰਕਲਪ ਦੇ ਸਦਕਾ ਹੀ 2014 'ਚ ਭਾਜਪਾ ਨੇ 282 ਰਿਕਾਰਡ ਸੀਟਾਂ ਹਾਸਲ ਕਰਕੇ ਨਰੇਂਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਬਣਾਈ।ਹਰਿਆਣਾ ਦੇ ਕੈਬਨਿਟ ਮੰਤਰੀ ਤੇ ਪੰਜਾਬ ਭਾਜਪਾ ਦੇ ਸਹਾਇਕ ਚੋਣ ਇੰਚਾਰਜ ਕੈਪਟਨ ਅਭਿਮੰਨਿਊ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਵੀ ਸੂਬੇ ਵਿਚ ਅਜਿਹਾ ਮਾਹੌਲ ਬਣਿਆ ਸੀ ਕਿ ਭਾਜਪਾ-ਅਕਾਲੀ ਦਲ ਦੇ ਮੁੜ ਸੱਤਾ ਵਿਚ ਆਉਣ ਦੀ ਕੋਈ ਸੰਭਾਵਨਾ ਨਹੀਂ, ਲੇਕਿਨ ਪਾਰਟੀ ਵਰਕਰਾਂ ਨੇ ਇਕਜੁਟਤਾ ਨਾਲ ਬਾਜ਼ੀ ਪਲਟ ਦਿੱਤੀ। ਉਨ੍ਹਾਂ ਵਰਕਰਾਂ ਨੂੰ ਡਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਵਾਰ ਫਿਰ ਉਸੇ ਇਤਿਹਾਸ ਨੂੰ ਦਹੁਰਾਉਣਾ ਹੈ।

ਪੰਜਾਬ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਤੇ ਅਕਾਲੀ ਦਲ ਗੱਠਜੋੜ ਦੇ ਮੁੜ ਸੱਤਾ ਵਿਚ ਆਉਣ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਅੰਦਰੂਨੀ ਕਲੇਸ਼ ਦੀ ਸ਼ਿਕਾਰ ਹੈ ਅਤੇ ਆਮ ਆਦਮੀ ਪਾਰਟੀ ਦਾ ਗਰਾਫ ਉਨ੍ਹਾਂ ਦੀਆਂ ਹੀ ਕਮਜ਼ੋਰੀਆਂ ਕਾਰਨ ਡਿੱਗ ਚੁੱਕਾ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਸੱਤਾ ਵਿਰੋਧੀ ਲਹਿਰ ਹੋਣਾ ਸੁਭਾਵਿਕ ਹੁੰਦਾ ਹੈ, ਲੇਕਿਨ ਭਾਜਪਾ ਵਿਰੁਧ ਅਜਿਹੀ ਲਹਿਰ ਨਾ ਪਹਿਲਾਂ ਸੀ ਅਤੇ ਨਾ ਹੀ ਹੁਣ ਹੈ। ਉਨ੍ਹਾਂ ਕਿਹਾ ਕਿ ਭਾਜਪਾ 40 ਸਾਲ ਪੁਰਾਣੇ ਗੱਠਜੋੜ ਨੂੰ ਕਿਸੇ ਵੀ ਹਾਲਾਤ ਵਿਚ ਛੱਡਣਾ ਨਹੀਂ ਚਾਹੁੰਦੀ ਅਤੇ ਆਪਣੇ ਵਰਕਰਾਂ ਦੇ ਕੰਮ ਕਰਨ ਦੀ ਸ਼ੈਲੀ ਦੇ ਕਾਰਨ ਪੂਰੀ ਤਰ੍ਹਾਂ ਉਤਸ਼ਾਹਿਤ ਹੈ।ਨਰੇਂਦਰ ਸਿੰਘ ਤੋਮਰ, ਕੈਪਟਨ ਅਭਿਮੰਨਿਊ ਤੇ ਵਿਜੇ ਸਾਂਪਲਾ ਨੇ ਅੱਜ ਸਵੇਰੇ ਕੋਰ ਗਰੁੱਪ ਨਾਲ ਬੈਠਕ ਕੀਤੀ। ਇਸ ਤੋਂ ਬਾਅਦ ਪਾਰਟੀ ਦਫ਼ਤਰ ਵਿਚ ਅਹਿਮ ਬੈਠਕ ਹੋਈ, ਜਿਸ ਵਿਚ ਪਾਰਟੀ ਕੋਰ ਗਰੁੱਪ, ਸੂਬਾ ਅਹੁਦੇਦਾਰ, ਮੰਤਰੀ, ਵਿਧਾਇਕ, ਸੰਸਦ ਮੈਂਬਰ, ਵਿਧਾਨ ਸਭਾ ਪਾਰਟੀ ਇੰਚਾਰਜ, ਸਾਰੇ ਮੋਰਚਿਆਂ ਦੇ ਪ੍ਰਧਾਨ, ਜਿਲ੍ਹਾ ਪ੍ਰਧਾਨ, ਜਿਲ੍ਹਾ ਇੰਚਾਰਜ, ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ, ਭਾਜਪਾ ਦੇ ਮੇਅਰ, ਇੰਪਰੂਵਮੈਂਟ ਟਰੱਸਟਾਂ ਤੇ ਜਿਲ੍ਹਾ ਯੋਜਨਾ ਬੋਰਡਾਂ ਦੇ ਚੇਅਰਮੈਨ, ਜਿਲ੍ਹਾ ਪ੍ਰੀਸ਼ਦਾਂ ਦੇ ਚੇਅਰਮੈਨ, ਸੂਬਾ ਬੁਲਾਰੇ, ਵੱਖ-ਵੱਖ ਸੈਲਾਂ ਦੇ ਕਨਵੀਨਰ ਅਤੇ ਭਾਜਪਾ ਦੇ 23 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਮੰਡਲ ਪ੍ਰਧਾਨ ਸ਼ਾਮਲ ਹੋਏ। ਇਸ ਤੋਂ ਬਾਅਦ ਸੋਸ਼ਲ ਮੀਡੀਆ ਸੈਲ ਦੇ ਜਿਲ੍ਹਾ ਕਨਵੀਨਰਾਂ ਤੇ ਵਿਧਾਨ ਸਭਾ ਖੇਤਰ ਦੇ ਸੋਸ਼ਲ ਮੀਡੀਆ ਇੰਚਾਰਜਾਂ ਨਾਲ ਮੀਟਿੰਗ ਕਰਕੇ ਸਥਿਤੀ ਅਤੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ।