5 Dariya News

ਪਿੰਡ ਚਚਰਾੜੀ 'ਚ ਬਣਿਆ ਹਾਕੀ ਦਾ ਖੇਡ ਮੈਦਾਨ ਮਿਤੀ 20 ਅਕਤੂਬਰ ਨੂੰ ਹੋਵੇਗਾ ਖਿਡਾਰੀਆਂ ਦੇ ਸਪੁਰਦ

5 Dariya News

ਜਗਰਾਉਂ 19-Oct-2016

ਪਿੰਡ ਚਚਰਾੜੀ 'ਚ 35 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਹਾਕੀ ਦਾ ਆਧੁਨਿਕ ਖੇਡ ਮੈਦਾਨ  ਮਿਤੀ 20 ਅਕਤੂਬਰ ਦਿਨ ਵੀਰਵਾਰ ਨੂੰ ਖਿਡਾਰੀਆਂ ਦੇ ਸਪੁਰਦ ਹੋਵੇਗਾ। ਵਿਧਾਨ ਸਭਾ ਹਲਕਾ ਦਾਖਾ 'ਚ ਪੈਂਦੇ 70 ਪਿੰਡਾਂ 'ਚ ਕੌਮਾਂਤਰੀ ਖੇਡ ਮੈਦਾਨ ਬਣਾਉਣ ਦੇ ਮਿਥੇ ਟੀਚੇ ਤਹਿਤ ਇਹ 7ਵਾਂ ਖੇਡ ਮੈਦਾਨ ਹੋਵੇਗਾ, ਜੋ ਪੂਰੀ ਤਰ੍ਹਾਂ ਤਿਆਰੀ ਹੋ ਚੁੱਕਾ ਹੈ, ਇਸ ਤੋਂ ਪਹਿਲਾਂ ਪਿੰਡ ਗੁਜਰਵਾਲ, ਢੈਪਈ, ਜਾਂਗਪੁਰ, ਧੂਰਕੋਟ, ਸਹੌਲੀ ਅਤੇ ਰੁੜਕਾ ਵਿਖੇ ਵੀ ਖੇਡ ਮੈਦਾਨ ਤਿਆਰ ਹੋ ਚੁੱਕੇ ਹਨ, ਜਿੰਨਾਂ ਨੂੰ ਉਦਘਾਟਨ ਤੋਂ ਬਾਅਦ ਖਿਡਾਰੀਆਂ ਤੋਂ ਇਲਾਵਾ ਪਿੰਡ ਦੇ ਲੋਕ ਲਈ ਸੈਰ ਤੇ ਛੋਟੇ ਬੱਚਿਆਂ ਦੇ ਮਨੋਰੰਜਨ ਲਈ ਵੀ ਵਰਤ ਰਹੇ ਹਨ, ਕਿਉਂਕਿ ਇਸ ਪ੍ਰੋਜੈਕਟ ਦਾ ਨਾਂਅ ਆਧੁਨਿਕ ਖੇਡ ਮੈਦਾਨ ਕਮ ਪਾਰਕ ਹੈ, ਜਿਥੇ ਕੌਮਾਂਤਰੀ ਖੇਡਾਂ ਦੇ ਮੈਦਾਨਾਂ ਤੋਂ ਇਲਾਵਾ ਚੁਫੇਰੇ ਸੈਰ ਲਈ ਫੁੱਟਪਾਥ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਲੇ, ਓਪਨ ਜਿੰਨ ਤੇ ਹੋਰ ਸਾਧਨਾਂ ਦਾ ਪ੍ਰਬੰਧ ਹੈ।ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਪਿੰਡਾਂ 'ਚ ਬਣਾਏ ਜਾ ਰਹੇ ਇਹ ਕੌਮਾਂਤਰੀ ਪੱਧਰ ਦੀਆਂ ਖੇਡਾਂ ਦੇ ਮੈਦਨਾਂ 'ਚ ਹਾਕੀ ਤੋਂ ਇਲਾਵਾ, ਫੁੱਟਬਾਲ, ਕ੍ਰਿਕਟ, ਵਾਲੀਬਾਲ, ਬਾਸਕਟਬਾਲ, ਬੈਡਮਿੰਟਨ ਅਤੇ ਕਬੱਡੀ ਦੇ ਮੈਦਾਨ ਵੀ ਸ਼ਾਮਿਲ ਹਨ ਤੇ ਹਰ ਪਿੰਡ 'ਚ ਨੌਜਵਾਨ ਦੀ ਰੁਚੀ ਨੂੰ ਦੇਖਦਿਆਂ ਖੇਡ ਮੈਦਾਨ ਦੀ ਉਸਾਰੀ ਕੀਤੀ ਜਾ ਰਹੀ ਹੈ। ਦੇਖਿਆ ਜਾਵੇ ਤਾਂ ਪਿੰਡ ਚਚਰਾੜੀ ਦਾ ਨਾਂਅ ਹਾਕੀ ਦੇ ਖੇਤਰ 'ਚ ਮੋਹਰੀ ਪਿੰਡ ਵਜੋਂ ਆਉਂਦਾ ਹੈ ਤੇ ਇਸ ਪਿੰਡ ਦੇ ਹਾਕੀ ਖਿਡਾਰੀਆਂ ਨੂੰ ਪੂਰੇ ਪੰਜਾਬ 'ਚ ਪੇਂਡੂ ਖੇਡ ਮੇਲਿਆਂ 'ਚ ਨਾਮਣਾ ਦਰਜ ਕਰਨ ਦਾ ਵੀ ਮਾਣ ਮਿਲ ਰਿਹਾ। ਵਿਧਾਇਕ ਇਯਾਲੀ ਦਾ ਕਹਿਣਾ ਹੈ ਕਿ ਪਿੰਡਾਂ 'ਚ ਅੰਤਰਰਾਸ਼ਟਰੀ ਖੇਡਾਂ ਦੇ ਮੈਦਾਨਾਂ ਦੀ ਉਸਾਰੀ ਪੂਰੇ ਦੇਸ਼ 'ਚ ਹੀ ਵੱਖਰਾ ਪ੍ਰੋਜੈਕਟ ਹੈ ਤੇ ਪਿੰਡਾਂ 'ਚ ਅਜਿਹੇ ਖੇਡ ਮੈਦਾਨਾਂ ਦੀ ਉਸਾਰੀ ਖਿਡਾਰੀਆਂ ਲਈ ਕੌਮਾਂਤਰੀ ਖੇਡਾਂ ਨਾਲ ਜੁੜਨ ਤੇ ਅੱਗੇ ਵਧਣ ਦਾ ਮੌਕਾ ਪੇਸ਼ ਕਰਦੀ ਹੈ।ਉਨ੍ਹਾਂ ਦੱਸਿਆ ਕਿ ਜਿਥੇ-ਜਿਥੇ ਵੀ ਖੇਡ ਮੈਦਾਨ ਬਣੇ ਹਨ, ਉਥੇ ਖੇਡ ਮੈਦਾਨ 'ਚ ਸਵੇਰੇ 4 ਵਜੇ ਤੋਂ ਰਾਤ 11 ਵਜੇ ਤੱਕ ਖਿਡਾਰੀਆਂ ਦੇ ਨਾਲ-ਨਾਲ ਬਜੁਰਗਾਂ, ਔਰਤਾਂ ਤੇ ਬੱਚਿਆਂ ਦੀ ਵੀ ਆਮਦ ਬਣੀ ਰਹਿੰਦੀ, ਕਿਉਂਕਿ ਹਰ ਕੋਈ ਵਿਹਲੇ ਸਮੇਂ ਆਪਣਾ ਸਮਾਂ ਖੇਡ ਮੈਦਾਨ 'ਚ ਹੀ ਗੁਜਾਰਨ ਨੂੰ ਪਹਿਲ ਦੇ ਰਿਹਾ ਹੈ। ਹਰੇ ਭਰੇ ਮਹੌਲ ਵਾਲੇ ਪਿੰਡ ਚਚਰਾੜੀ ਦੇ ਖੇਡ ਮੈਦਾਨ ਨੂੰ ਹਾਕੀ ਤੋਂ ਇਲਾਵਾ ਫੁੱਟਬਾਲ ਜਾਂ ਕਬੱਡੀ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਖੇਡ ਮੈਦਾਨ ਦੇ ਇਕ ਪਾਸੇ ਬੱਚਿਆਂ ਲਈ ਝੂਲੇ, ਓਪਨ ਜਿੰਮ ਤੇ ਮਨੋਰੰਜਨ ਦੇ ਹੋਰ ਸਾਧਨ ਹਨ ਤੇ ਬਜੁਰਗਾਂ ਤੇ ਔਰਤਾਂ ਲਈ ਸੈਰ ਵਾਸਤੇ ਫੁੱਟਪਾਥ, ਮਨਮੋਹਨ ਦ੍ਰਿਸ਼ ਪੇਸ਼ ਕਰਦੀਆਂ ਚੁਫੇਰੇ ਲਾਈਟਾਂ ਤੇ ਫੁੱਟ ਲਾਈਟਾਂ ਤੋਂ ਇਲਾਵਾ ਸ਼ਾਮ ਵੇਲੇ ਚੱਲਦੇ ਚੱਲਦੇ ਪਾਣੀ ਦੇ ਫੁਆਰੇ ਵੀ ਵਿਲੱਖਣ ਦ੍ਰਿਸ਼ ਪੇਸ਼ ਕਰਦੇ ਹਨ। ਵਿਧਾਇਕ ਇਯਾਲੀ ਅਨੁਸਾਰ ਇਸ ਖੇਡ ਮੈਦਾਨ ਦਾ ਮਿਤੀ 20 ਅਕਤੂਬਰ ਨੂੰ 4 ਵਜੇ ਉਦਘਾਟਨ ਹੋਵੇਗਾ, ਜਿਥੇ ਹਾਕੀ ਖਿਡਾਰੀਆਂ ਦਾ ਸੋਅ ਮੈਚ ਵੀ ਹੋਵੇਗਾ।