ਚੋਣਾਂ ਵੇਲੇ 'ਹਿੰਸਾ ਦਾ ਹਊਆ' ਖੜ੍ਹਾ ਕਰਨਾ ਕੈਪਟਨ ਦੀ ਆਦਤ: ਮਹੇਸ਼ ਇੰਦਰ ਸਿੰਘ ਗਰੇਵਾਲ
5 Dariya News
ਚੰਡੀਗੜ੍ਹ 18-Oct-2016
ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਆਦਤ ਅਨੁਸਾਰ ਚੋਣਾਂ ਮੌਕੇ ਇਸ ਵਾਰ ਫਿਰ ਹਿੰਸਾ ਦਾ ਹਊਆ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਆਪਣੀ ਦਬਕੇ ਮਾਰਨ ਵਾਲੀ ਮਾਨਸਿਕਤਾ ਤਹਿਤ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਡਰਾ ਕੇ ਰੱਖਣਾ ਚਾਹੁੰਦਾ ਹੈ। ਇਹ ਸ਼ਬਦ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਅਕਾਲੀ ਦਲ ਦੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਸੂਬੇ 'ਚ 2017 ਵਿਧਾਨ ਸਭਾ ਚੋਣਾਂ ਦੌਰਾਨ ਪ੍ਰਗਟਾਏ ਹਿੰਸਾ ਦੇ ਤੌਖਲੇ ਬਾਰੇ ਟਿੱਪਣੀ ਕਰਦਿਆਂ ਕਹੇ। ਗਰੇਵਾਲ ਨੇ ਕਿਹਾ ਕਿ ਕੈਪਟਨ ਨੇ ਅਜਿਹੀ ਹਿੰਸਾ ਦੇ ਤੌਖਲੇ 5 ਸਾਲ ਪਹਿਲਾਂ ਵੀ ਪ੍ਰਗਟਾਏ ਸਨ ਜਦੋਂ ਪੰਜਾਬ ਦੇ ਲੋਕਾਂ ਨੇ ਬੇਹੱਦ ਅਮਨ ਤੇ ਸ਼ਾਂਤੀ ਨਾਲ ਵੋਟਾਂ ਪਾ ਕੇ ਅਕਾਲੀ-ਭਾਜਪਾ ਗਠਜੋੜ ਨੂੰ ਲਗਾਤਾਰ ਦੂਜੀ ਵਾਰ ਸੱਤਾ ਸੌਂਪੀ ਸੀ।
ਦੱਸਣਯੋਗ ਹੈ ਕਿ ਹਾਲ ਹੀ ਵਿਚ ਇੱਕ ਅੰਗਰੇਜ਼ੀ ਅਖਬਾਰ 'ਚ ਛਪੀ ਇੰਟਰਵਿਊ 'ਚ ਕੈਪਟਨ ਨੇ ਕਿਹਾ ਹੈ ਕਿ ਜਦੋਂ ਵੀ ਅਕਾਲੀ ਚੋਣਾਂ 'ਚ ਪਛੜ ਰਹੇ ਹੁੰਦੇ ਹਨ ਤਾਂ ਉਹ ਹਿੰਸਾ ਨਾਲ ਮਾਹੌਲ ਖਰਾਬ ਕਰਨ ਦੀ ਕੋæਿਸ਼ਸ਼ ਕਰਦੇ ਹਨ। ਜਿਸ ਦੌਰਾਨ ਯੂਥ ਅਕਾਲੀ ਦਲ ਅਤੇ ਵਿਦਿਆਰਥੀ ਜਥੇਬੰਦੀ ਐਸਓਆਈ ਦੇ ਨੌਜਵਾਨ ਪੋਲਿੰਗ ਬੂਥਾਂ 'ਤੇ ਧੱਕੇਸ਼ਾਹੀ ਕਰਦੇ ਹਨ। ਪਰ ਜੇ ਅਕਾਲੀ ਇਹ ਸੋਚਦੇ ਹਨ ਕਿ ਉਹ ਸਾਨੂੰ ਹਰਾ ਸਕਦੇ ਹਨ ਤਾਂ ਉਹ ਭੁਲੇਖੇ ਵਿਚ ਹਨ। ਇਸ ਤੋਂ ਇਲਾਵਾ ਕੈਪਟਨ ਨੇ ਪੁਲਿਸ ਦੀ ਨਿਰਪੱਖ ਭੂਮਿਕਾ ਬਾਰੇ ਵੀ ਤੌਖਲਾ ਜਤਾਇਆ ਹੈ।
ਸ਼ ਗਰੇਵਾਲ ਨੇ ਹੈਰਾਨੀ ਜ਼ਾਹਿਰ ਕਰਦੇ ਹੋਏ ਪੁੱਛਿਆ ਕਿ ਕੀ ਕੈਪਟਨ ਚੋਣਾਂ ਦੌਰਾਨ ਸੰਭਾਵੀ ਹਿੰਸਾ ਨੂੰ ਲੈ ਕੇ ਸੱਚਮੁੱਚ ਡਰਿਆ ਹੋਇਆ ਹੈ ਜਾਂ ਫਿਰ ਸੰਭਾਵੀ ਹਿੰਸਾ ਦੀ ਧਮਕੀ ਦੇ ਕੇ ਉਹ ਅਮਨ-ਪਸੰਦ ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ?
ਉਹਨਾਂ ਕਿਹਾ ਕਿ ਅਕਾਲੀ ਹਮੇਸ਼ਾਂ ਹੀ ਲੋਕਤੰਤਰੀ ਤਰੀਕਿਆਂ ਨਾਲ ਚੋਣਾਂ ਜਿੱਤਣ ਵਿਚ ਯਕੀਨ ਰੱਖਦੇ ਆਏ ਹਨ। ਉਹਨਾਂ ਦੇ ਯੂਥ ਵਿੰਗ ਅਤੇ ਵਿਦਿਆਰਥੀ ਵਿੰਗ ਕਦੇ ਹਿੰਸਾ ਦੇ ਰਾਹ ਨਹੀਂ ਪੈਂਦੇ। ਕੈਪਟਨ ਨੂੰ ਉਹਨਾਂ ਤੋਂ ਡਰਨ ਦੀ ਬਜਾਇ ਆਪਣੇ ਵਰਕਰਾਂ ਨੂੰ ਕੰਟਰੋਲ ਵਿਚ ਰੱਖਣਾ ਚਾਹੀਦਾ ਹੈ। ਉਹਨਾਂ ਕੈਪਟਨ ਨੂੰ ਆਪਣੇ ਰੁਤਬੇ ਅਨੁਸਾਰ ਵਿਵਹਾਰ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਆਪਣੀ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦੇ ਸਮੇਂ ਉਸ ਨੂੰ ਸੜਕਛਾਪਾਂ ਵਾਲੀ ਭਾਸ਼ਾ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਭਾਰਤੀ ਚੋਣ ਕਮਿਸ਼ਨ ਦੀ ਅਮਨ ਅਤੇ ਸ਼ਾਂਤੀ ਨਾਲ ਚੋਣਾਂ ਨੇਪਰੇ ਚਾੜ੍ਹਣ ਦੀ ਕਾਬਲੀਅਤ ਵਿਚ ਮੁਕੰਮਲ ਯਕੀਨ ਪ੍ਰਗਟਾਉਂਦਿਆਂ ਸ਼ ਗਰੇਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਆਪਣੀ ਕੰਮ ਦੀ ਜਾਣਕਾਰੀ ਹੈ। ਉਹਨਾਂ ਕੋਲ ਪੂਰੇ ਦੇਸ਼ ਅੰਦਰ ਚੋਣਾਂ ਦੇ ਕਾਰਜ ਨੂੰ ਸ਼ਾਂਤੀ ਪੂਰਬਕ ਨੇਪਰੇ ਚੜ੍ਹਾਉਣ ਦਾ ਲੰਬਾ ਤਜਰਬਾ ਹੈ। ਅਮਰਿੰਦਰ ਸਿੰਘ ਦੁਆਰਾ ਚੋਣਾਂ ਦੌਰਾਨ ਹੋਰ ਕੇਂਦਰੀ ਬਲਾਂ ਦੀ ਕੀਤੀ ਮੰਗ ਉੱਤੇ ਟਿੱਪਣੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਚੋਣ ਕਮਿਸ਼ਨ ਲੋੜ ਮੁਤਾਬਿਕ ਬਿਨਾਂ ਕਹੇ ਹੀ ਸੁਰੱਖਿਆ ਬਲਾਂ ਦੀ ਤੈਨਾਤੀ ਕਰ ਦਿੰਦਾ ਹੈ। ਕੈਪਟਨ ਨੂੰ ਚੋਣ ਕਮਿਸ਼ਨ ਨੂੰ ਸਲਾਹਾਂ ਦੇਣ ਦੀ ਥਾਂ ਉਸ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਹੜਾ ਉਸ ਦੀ ਪਾਰਟੀ ਨੇ ਉਸ ਦੇ ਜਿੰæਮੇ ਲਾਇਆ ਹੈ।