5 Dariya News

ਅਨੇਕਾਂ ਸਕੂਲਾਂ ਵਿੱਚ ਪ੍ਰਿੰਸੀਪਲਾਂ ਤੇ ਲੈਕਚਰਾਰਾਂ ਦੀ ਭਾਰੀ ਘਾਟ

5 Dariya News

ਭਦੌੜ 17-Oct-2016

ਅਨੇਕਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦੇ ਨਾਲ-2 ਅਧਿਆਪਕ ਵਰਗ ਨੂੰ ਕਈ ਪ੍ਰਕਾਰ ਦੀ ਸਮੱਸਿਆਵਾਂ ਨਾਲ ਜੂਝਣਾਂ ਪੈ ਰਿਹਾ ਹੈ। ਜਿੰਨਾਂ ਸਕੂਲਾਂ ਵਿੱਚ ਪੱਕੇ ਪ੍ਰਿੰਸੀਪਲ ਨਹੀਂ ਹਨ, ਉਨ੍ਹਾਂ ਦੀਆਂ ਡੀ.ਡੀ.ਓ. ਪਾਵਰਾਂ ਹੋਰਨਾਂ ਸਕੂਲਾਂ ਦੇ ਰੈਗੂਲਰ ਪ੍ਰਿੰਸੀਪਲਾਂ ਨੂੰ ਦਿਤੀਆਂ ਜਾਣ ਕਾਰਨ, ਉਨ੍ਹਾਂ ਸਕੂਲਾਂ ਦਾ ਸਮੁੱਚਾ ਪ੍ਰਬੰਧ ਸਮੱਸਿਆਵਾਂ ਵਿੱਚ ਉੱਲਝ ਕੇ ਰਹਿ ਗਿਆ ਹੈ। ਜਿਹੜੇ ਸਕੂਲਾਂ ਵਿੱਚ ਰੈਗੂਲਰ ਪ੍ਰਿੰਸੀਪਲ ਕੰਮ ਕਰ ਰਹੇ ਹਨ, ਉਨ੍ਹਾਂ ਉੱਪਰ ਕਈ -2 ਸਕੂਲਾਂ ਦਾ ਵਾਧੂ ਬੋਝ ਲੱਦ ਕੇ ਉਨ੍ਹਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲਾਂ ਤੋਂ ਸੱਖਣੇ ਸਕੂਲਾਂ ਦੇ ਕੁੱਝ ਇੰਚਾਰਜਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪੋ-ਆਪਣੇ ਸਕੂਲਾਂ ਦੇ ਛੋਟੇ-2 ਕੰਮ ਕਰਵਾਉਣ ਲਈ 20-20 ਕਿਲੋ ਮੀਟਰ ਸਫਰ ਤਹਿ ਕਰਨਾ ਪੈਂਦਾ ਹੈ। ਸਕੂਲਾਂ ਦੇ ਕਲਰਕ, ਅਧਿਆਪਕ ਜਾਂ ਸਕੂਲ ਪ੍ਰਬੰਧਕਾਂ ਜਦੋਂ ਹੋਰ ਸਕੂਲਾਂ ਵਿੱਚ ਕੰਮ ਕਰਵਾਉਣ ਲਈ ਜਾਂਦੇ ਹਨ ਤਾਂ ਉਸ ਸਮੇਂ ਉਨ੍ਹਾਂ ਦੇ ਸਮੇਂ ਤੇ ਧਨ ਦੀ ਵੀ ਬਰਬਾਦੀ ਹੁੰਦੀ ਹੈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਕਈ ਵਾਰ ਤਾਂ ਰੈਗੂਲਰ ਪ੍ਰਿੰਸੀਪਲ ਉਨ੍ਹਾਂ ਦੇ ਕੰਮ ਕਰਨ ਲਈ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਉੱਥੇ ਬਠਾਈ ਰੱਖਦੇ ਹਨ। 

ਕਈ ਪ੍ਰਿੰਸੀਪਲ ਤਾਂ ਕੰਮ ਬਾਬਤ ਉਨ੍ਹਾਂ ਦੇ ਕਈ-2 ਚੱਕਰ ਲਗਾ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ। ਇਲਾਕੇ ਦੇ ਕਈ ਸਕੂਲਾਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਿੰਸੀਪਲਾਂ ਤੋਂ ਸੱਖਣੇ ਸਕੂਲਾਂ ਵਿੱਚ ਸੀਨੀਅਰ ਲੈਕਚਰਾਰ ਨੂੰ ਹੀ ਸਕੂਲ ਪ੍ਰਬੰਧਕ ਦੇ ਤੌਰ ਤੇ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀ ਨੀਤੀ ਅਨੁਸਾਰ ਸਕੂਲ ਪ੍ਰਬੰਧਕਾਂ ਨੂੰ ਆਪੋ - ਆਪਣੇ ਵਿਸ਼ੇ ਦੇ ਪੀਰੀਅਡ ਵੀ ਲਗਾਉਣੇ ਪੈਂਦੇ ਹਨ। ਇਸ ਦੇ ਨਾਲ ਹੀ ਸਕੂਲਾਂ ਦੀ ਜਰੂਰੀ ਡਾਕ ਤਿਆਰ ਕਰਕੇ ਵੀ ਅਧਿਕਾਰੀਆਂ ਕੋਲ ਪਹੁੰਚਾਉਣੀ ਪੈਂਦੀ ਹੈ। ਲੈਕਚਰਾਰ ਦਲ ਦੇ ਆਗੂ ਡਾ. ਹਰਿ ਭਜਨ ਅਤੇ ਵਿਜੈ ਗਰਗ ਨੇ ਦੱਸਿਆ ਕਿ ਲੈਕਚਰਾਰ ਦੇ ਘਾਟ ਅਤੇ ਰੈਗੂਲਰ ਪ੍ਰਿੰਸੀਪਲ ਨਾਂ ਹੋਣ ਕਾਰਨ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਅਧਿਆਪਕਾਂ ਨੂੰ ਵੀ ਅਨੇਕਾਂ ਸਮੱਸਿਆਵਾਂ ਨਾਲ ਦੋ - ਚਾਰ ਹੋਣਾ ਪੈ ਰਿਹਾ ਹੈ। ਲੈਕਚਰਾਰ ਆਗੂ ਨੇ ਕਿਹਾ ਕਿ ਇਲਾਕੇ ਦੇ ਅੰਦਰ ਰੈਗੂਲਰ ਪ੍ਰਿੰਸੀਪਲਾਂ ਦੀ ਭਰਤੀ ਕਰਨ ਨਾਲ ਹੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਖਾਲੀ ਅਸਾਮੀਆਂ ਨੂੰ ਤਰੱਕੀ ਕਰਕੇ ਜਲਦੀ ਤੋਂ ਜਲਦੀ ਭਰਿਆ ਜਾਵੇ। ਤਾਂ ਕੀ ਵਿਦਿਆਰਥੀਆਂ ਦੀ ਖਰਾਬ ਹੋ ਰਹੀ ਪੜ੍ਹਾਈ ਤੇ ਅਧਿਆਪਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ।