'ਚਿੱਟਾ ਰਾਵਣ' ਕਾਂਗਰਸ ਲਈ 'ਚਿੱਟਾ ਕੱਫਣ' ਸਾਬਿਤ ਹੋਵੇਗਾ: ਮਹੇਸ਼ ਇੰਦਰ ਸਿੰਘ ਗਰੇਵਾਲ
5 Dariya News
ਚੰਡੀਗੜ੍ਹ 15-Oct-2016
ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਲਾਹਾ ਲੈਣ ਲਈ ਸਾਡੀ ਸਦੀਆਂ ਪੁਰਾਣੀ ਰਾਵਣ ਜਲਾਉਣ ਦੀ ਸੱਭਿਆਚਾਰਕ ਵਿਰਾਸਤ ਦਾ ਮਜ਼ਾਕ ਉਡਾਇਆ ਹੈ। ਉਸ ਦਾ 'ਚਿੱਟਾ ਰਾਵਣ' ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਲਈ 'ਚਿੱਟਾ ਕੱਫਣ' ਸਾਬਿਤ ਹੋਵੇਗਾ। ਇਹ ਸ਼ਬਦ ਅਕਾਲੀ ਦਲ ਦੇ ਤਰਜਮਾਨ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਇੱਥੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਹੇ। ਉਹ ਕੈਪਟਨ ਅਮਰਿੰਦਰ ਸਿੰਘ ਦੁਆਰਾ ਆਪਣੀ ਪਾਰਟੀ ਮੈਂਬਰਾਂ ਨੂੰ ਪੰਜਾਬ ਦੇ 117 ਹਲਕਿਆਂ ਵਿਚ 'ਚਿੱਟੇ ਰਾਵਣ' ਜਲਾਉਣ ਲਈ ਦਿੱਤੇ ਹੁਕਮ ਉੱਤੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਸਨ। ਉਹਨਾਂ ਕਿਹਾ ਕਿ ਕਾਂਗਰਸ ਨੂੰ ਰੋਸ ਵਿਖਾਵਾ ਕਰਨ ਦਾ ਪੂਰਾ ਅਧਿਕਾਰ ਹੈ, ਪਰ ਇਸ ਵਾਸਤੇ ਉਹਨਾਂ ਨੂੰ ਸਾਡੀ ਸਦੀਆਂ ਪੁਰਾਣੀ ਸੱਭਿਆਚਾਰਕ ਵਿਰਾਸਤ ਨਾਲ ਛੇੜਖਾਣੀ ਨਹੀਂ ਕਰਨੀ ਚਾਹੀਦੀ।
ਉਹਨਾਂ ਕਿਹਾ ਕਿ ਸਾਨੂੰ ਵਿਭਿੰਨ ਭਾਈਚਾਰਿਆਂ ਵਾਲੇ ਦੇਸ਼ ਨੂੰ ਸਾਂਝੀ ਸੱਭਿਆਚਾਰਕ ਵਿਰਾਸਤ ਨੇ ਇੱਕ ਧਾਗੇ ਵਿਚ ਬੰਨ੍ਹ ਕੇ ਰੱਖਿਆ ਹੈ। ਇਸ ਸੱਭਿਆਚਾਰਕ ਵਿਰਾਸਤ ਦਾ ਮਜ਼ਾਕ ਉਡਾਉਣਾ ਮੂਰਖਤਾ ਦੀ ਨਿਸ਼ਾਨੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਕੈਪਟਨ ਸਾਹਮਣੇ ਦਿਸਦੀ ਹਾਰ ਨੂੰ ਵੇਖ ਕੇ ਆਪਣਾ ਦਿਮਾਗੀ ਸਤੁੰਲਨ ਖੋ ਬੈਠਿਆ ਹੈ।ਕਾਂਗਰਸ ਪਾਰਟੀ ਦੁਆਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਅੱਗੇ ਦਿੱਤੇ ਜਾ ਰਹੇ ਧਰਨੇ ਉੱਤੇ ਟਿੱਪਣੀ ਕਰਦਿਆਂ ਸ਼ ਗਰੇਵਾਲ ਨੇ ਕਿਹਾ ਕਿ ਸਮਝ ਨਹੀਂ ਆ ਰਹੀ ਕਿ ਕੈਪਟਨ ਅਤੇ ਉਹਨਾਂ ਦੀ ਕੰਪਨੀ ਇਸ ਧਰਨੇ ਰਾਂਹੀ ਕੀ ਹਾਸਿਲ ਕਰਨਾ ਚਾਹੁੰਦੇ ਹਨ। ਪਿੰਡਾਂ ਵਿਚ ਜਾਕੇ ਲੋਕਾਂ ਨਾਲ ਰਾਬਤਾ ਬਣਾਉਣ ਦੀ ਥਾਂ ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਚੰਡੀਗੜ੍ਹ ਵਿਚ ਇੱਕ ਟੈਂਟ ਅੰਦਰ ਦੁਬਕੀ ਬੈਠੀ ਹੈ। ਜੇ ਉਹਨਾਂ ਨੂੰ ਇਹ ਸਭ ਕਰਨਾ ਠੀਕ ਲੱਗ ਰਿਹਾ ਹੈ ਤਾਂ ਸਾਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ।