5 Dariya News

ਨੌਵੇਂ ਨਵਰਾਤਰੇ ਮੌਕੇ ਮੂਰਤੀ ਨੂੰ ਜਲ੍ਹ ਪ੍ਰਵਾਹ ਕਰਨ ਆਏ ਦੋ ਪ੍ਰਵਾਸੀ ਨਹਿਰ 'ਚ ਰੁੜ੍ਹੇ

5 Dariya News (ਗੁਰਵਾਰਿਸ ਸੋਹੀ)

ਮੋਰਿੰਡਾ 11-Oct-2016

ਨੌਵੇਂ ਨਵਰਾਤਰੇ ਨੂੰ ਮਾਤਾ ਦੀ ਮੂਰਤੀ ਜਲਪ੍ਰਵਾਹ ਕਰਨ ਆਏ ਦੋ ਨੋਜਵਾਨਾਂ ਦੇ ਸਰਹਿੰਦ ਭਾਖੜਾ ਨਹਿਰ ਕਜ਼ੌਲੀ 'ਚ ਰੁੜ ਜਾਣ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੋਰਿੰਡਾ ਦੇ ਏ.ਐਸ.ਆਈ ਹਰਮੇਸ ਕੁਮਾਰ ਨੇ ਦੱਸਿਆ ਕਿ ਪਿੰਡ ਕਜ਼ੌਲੀ ਵਿੱਚੋਂ ਲੰਘਦੀ ਸਰਹਿੰਦ ਭਾਖੜਾ ਨਹਿਰ 'ਚ ਮੱਧ ਪ੍ਰਦੇਸ ਨਿਵਾਸੀ ਕੁਝ ਪ੍ਰਵਾਸੀ ਵਿਅਕਤੀ ਮਾਤਾ ਸ਼ੇਰਾਂ ਵਾਲੀ ਦੀ ਮੂਰਤੀ ਨੂੰ ਆਖ਼ਰੀ ਨਵਰਾਤਰੇ ਮੌਕੇ ਜਲਪ੍ਰਵਾਹ ਕਰਨ ਲਈ ਬੀਤੇ ਕੱਲ੍ਹ ਆਏ ਸਨ। ਜਦੋਂ ਇਹ ਪ੍ਰਵਾਸੀ ਮਾਤਾ ਦੀ ਮੂਰਤੀ ਨੂੰ ਜਲਪ੍ਰਵਾਹ ਕਰਨ ਤੋਂ ਬਾਅਦ ਵਾਪਸ ਜਾਣ ਲੱਗੇ ਤਾਂ ਰਾਜ ਕੁਮਾਰ ਆਦੀਵਾਸੀ (17 ਸਾਲ) ਪੁੱਤਰ ਰਮੇਸ਼ ਕੁਮਾਰ ਆਦੀਵਾਸੀ ਪਿੰਡ ਮੱਜਗਵਾ ਜ਼ਿਲ੍ਹਾ ਛੱਤਰਪੁਰ (ਮੱਧਪ੍ਰੇਦਸ) ਅਪਣੇ ਪੈਰ ਧੋਣ ਲਈ ਨਹਿਰ ਦੀਆਂ ਪੌੜੀਆਂ ਵਿੱਚ ਉੱਤਰ ਗਿਆ ਤਾਂ ਉਸਦਾ ਪੈਰ ਫਿਸਲ ਗਿਆ ਅਤੇ ਉਹ ਵਗਦੇ ਪਾਣੀ ਵਿੱਚ ਰੁੜ ਗਿਆ । ਜਦ ਕਿ ਉਸਨੂੰ ਬਚਾਉਣ ਲਈ ਉਸਦਾ ਸਾਥੀ ਮਾਇਆ ਦੀਨ ਆਦੀਵਾਸੀ ਪੁੱਤਰ ਦੇਵੀ ਦੀਨ ਆਦੀਵਾਸੀ ਪਿੰਡ ਕਰੜਈ ਜ਼ਿਲ੍ਹਾ ਛੱਤਰਪੁਰ ਮੱਧਪ੍ਰੇਦਸ਼ ਵੀ ਉਸਦੇ ਨਾਲ ਹੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਦੋਵੇਂ ਨੋਜਵਾਨਾਂ ਦੀ ਉਨ੍ਹਾ ਦੇ ਸਾਥੀਆਂ ਨੇ ਦੇਰ ਰਾਤ ਤੱਕ ਕਾਫ਼ੀ ਭਾਲ ਕੀਤੀ ਪ੍ਰੰਤੂ ਨਹਿਰ ਵਿੱਚ ਰੁੜ੍ਹ ਗਏ ਵਿਅਕਤੀਆਂ ਦੀ ਕੋਈ ਉੱਘ ਸੁੱਘ ਨਹੀਂ ਲੱਗੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਨਹਿਰ 'ਚ ਰੁੜ੍ਹੇ ਵਿਅਕਤੀਆਂ 'ਚੋ ਮਈਆ ਦੀਨ ਆਦੀਵਾਸੀ ਦੇ ਭਰਾ ਹਰੀ ਪ੍ਰਸ਼ਾਦ ਆਦੀਵਾਸੀ , ਰਾਜੂ , ਮੰਗਲ , ਕਰਨ , ਰਾਕੇਸ਼ ਅਤੇ ਗੌਬਿੰਦ ਨੇ ਮੋਰਿੰਡਾ ਥਾਣੇ ਵਿੱਚ ਕੱਲ੍ਹ ਸ਼ਾਮ ਵਾਪਰੀ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੋਕੇ ਦਾ ਮੁਆਇਨਾ ਕੀਤਾ ਅਤੇ ਮਈਆ ਦੀਨ ਆਦੀਵਾਸੀ ਦੇ ਭਰਾ ਹਰੀ ਪ੍ਰਸ਼ਾਦ ਆਦੀਵਾਸੀ ਦੇ ਬਿਆਨਾ ਦੇ ਅਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।