5 Dariya News

'ਆਪ' ਦੀ ਚੌਥੀ ਲੱਤ ਕਾਂਗਰਸ ਹੀ ਬਣਦੀ ਹੈ : ਮਹੇਸ਼ਇੰਦਰ ਸਿੰਘ ਗਰੇਵਾਲ

5 Dariya News

ਚੰਡੀਗੜ੍ਹ 11-Oct-2016

ਆਮ ਆਦਮੀ ਪਾਰਟੀ ਨਾਲ ਗੰਢਤੁਪ ਕਰਨ ਦੀ ਲੋੜ ਕਾਂਗਰਸ ਨੂੰ ਹੀ ਪੈਂਦੀ ਹੁੰਦੀ ਹੈ, ਅਕਾਲੀਆਂ ਨੂੰ ਨਹੀਂ।। ਸ੍ਰੋਮਣੀ ਅਕਾਲੀ ਦਲ ਨੇ ਕਾਂਗਰਸ ਅਤੇ 'ਆਪ' ਵਰਗੀਆਂ ਮੌਕਾਪ੍ਰਸਤ ਪਾਰਟੀਆਂ ਤੋ ਹਮੇਸ਼ਾਂ ਦੂਰੀ ਬਣਾ ਕੇ ਰੱਖੀ ਹੈ, ਜੋ ਸੱਤਾ ਲਈ ਲੋਕਾਂ ਦੇ ਹਿੱਤਾਂ ਨੂੰ ਵੀ ਗਿਰਵੀ ਰੱਖਣ ਤੋਂ ਗੁਰੇਜ਼ ਨਹੀਂ ਕਰਦੀਆਂ।ਇੱਥੇ ਟਿੱਪਣੀ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸ ਪ੍ਰਧਾਨ ਦੇ ਉਸ ਇਲਜ਼ਾਮ ਦਾ ਜੁਆਬ ਦਿੰਦਿਆਂ ਕੀਤੀ, ਜਿਸ ਵਿਚ ਕੈਪਟਨ ਨੇ ਕਿਹਾ ਸੀ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਦੇ ਮਾਮਲੇ ਵਿਚ ਅਕਾਲੀ ਦਲ ਅਤੇ ਆਪ ਆਪਸੀ ਗੰਢਤੁਪ ਕਰਕੇ ਉਸ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰ ਰਹੀਆਂ ਹਨ।ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਇੰਪਰੂਵਮੈਂਟ ਘੁਟਾਲੇ ਵਿਚ ਸਰਕਾਰ ਵੱਲੋਂ ਕਲੋਜ਼ਰ ਰਿਪੋਰਟ ਦਾਖਲ ਕੀਤੇ ਜਾਣ ਬਾਰੇ ਇਹ ਭੰਡੀ ਪ੍ਰਚਾਰ ਕੀਤਾ ਸੀ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਮਿਲੀਭੁਗਤ ਹੋਣ ਕਰਕੇ ਕੈਪਟਨ ਖਿਲਾਫ ਕੇਸ ਨੂੰ ਖਤਮ ਕੀਤਾ ਜਾ ਰਿਹਾ ਹੈ।ਅਕਾਲੀ ਨੇਤਾਵਾਂ ਨੇ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ, ਅਕਾਲੀ ਦਲ ਅਤੇ ਕਾਗਰਸ ਵਿਚਕਾਰ ਕਦੇ ਵੀ ਗਠਜੋੜ ਨਹੀਂ ਹੋ ਸਕਦਾ। 

ਜਿੱਥੇ ਅਕਾਲੀ ਦਲ ਸਿੱਖਾਂ ਅਤੇ ਪੰਜਾਬੀਆਂ ਦੀ ਹਿਤੈਸ਼ੀ ਪਾਰਟੀ ਹੈ, ਉੱਥੇ ਕਾਂਗਰਸ  ਪੰਜਾਬ ਨਾਲ ਹਮੇਸ਼ਾਂ ਹੀ ਮਤਰੇਇਆ ਸਲੂਕ ਕਰਦੀ ਰਹੀ ਹੈ।ਇਸ ਤੋਂ ਇਲਾਵਾ 'ਆਪ' ਕੁੱਝ ਅਜਿਹੇ ਨਕਾਰੇ ਹੋਏ ਅਤੇ ਭਗੌੜੇ ਆਗੂਆਂ ਦੀ ਪਾਰਟੀ ਹੈ, ਜਿਹੜੇ ਆਪਣੇ ਹਿੱਤਾਂ ਤੋਂ ਉੱਪਰ ਕੁਝ ਨਹੀਂ ਸੋਚ ਸਕਦੇ। ਅਜਿਹੇ ਸੁਆਰਥੀ ਅਨਸਰਾਂ ਨਾਲ ਅਕਾਲੀ ਦਲ ਵਰਗੀ ਲੋਕ ਹਿਤੈਸ਼ੀ ਪਾਰਟੀ ਦਾ ਕੋਈ ਮੇਲ ਨਹੀਂ ਹੋ ਸਕਦਾ।ਉਹਨਾਂ ਕੈਪਟਨ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ 2014 ਵਿਚ ਜਦੋਂ ਆਪ ਨੂੰ ਦਿੱਲੀ ਵਿਚ ਬਹੁਮਤ ਨਹੀਂ ਸੀ ਮਿਲਿਆ ਤਾਂ ਕਾਂਗਰਸ ਹੀ ਉਸ ਦੀ ਥੋੜ੍ਹਚਿਰੀ ਸਰਕਾਰ ਦੀ ਚੌਥੀ ਲੱਤ ਬਣਨ ਲਈ ਅੱਗੇ ਆਈ ਸੀ। ਕਾਂਗਰਸ ਨੇ ਅਜਿਹਾ ਉਸ ਸਮੇਂ ਕੀਤਾ ਸੀ, ਜਦੋਂ ਆਪ ਵਾਲੇ ਸਰਕਾਰ ਬਣਾਉਣ ਮਗਰੋਂ ਸ਼ੀਲਾ ਦੀਖਸ਼ਿਤ ਨੂੰ ਜੇਲ੍ਹ ਭੇਜਣ ਦੀਆਂ ਗੱਲਾਂ ਕਰ ਰਹੇ ਸਨ। ਉਹਨਾਂ ਕਿਹਾ ਕਿ ਆਪ ਅਤੇ ਕਾਂਗਰਸ ਪਾਰਟੀ ਸੱਤਾ ਹਾਸਿਲ ਕਰਨ ਲਈ ਕਿਸੇ ਨਾਲ ਵੀ ਗਠਜੋੜ ਕਰ ਸਕਦੇ ਹਨ।ਅਕਾਲੀ ਨੇਤਾਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਕਰਨ ਤੋਂ ਪਹਿਲਾਂ ਆਪਣੀ ਪਾਰਟੀ ਦੀ ਆਗੂ ਰਾਜਿੰਦਰ ਕੌਰ ਭੱਠਲ ਤੋਂ ਕਲੀਨ ਚਿੱਟ ਲੈ ਕੇ ਵਿਖਾਉਣ, ਜਿਸ ਨੇ ਉਹਨਾਂ ਉੱਤੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਬੇਲੋੜੀ ਜਾਇਦਾਦ ਇਕੱਠੀ ਕਰਨ ਦੇ ਦੋਸ਼ ਲਾਏ ਸਨ। ਇਸ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਖਿਲਾਫ ਵਿਦੇਸ਼ੀ ਬੈਕਾਂ ਵਿਚ ਖਾਤਿਆਂ ਨੂੰ ਲੈ ਕੇ ਈਡੀ ਦੁਆਰਾ ਕੀਤੀ ਜਾ ਰਹੀ ਜਾਂਚ ਬਾਰੇ ਵੀ ਉਹ ਸਪੱਸ਼ਟੀਕਰਨ ਦੇਣ।