5 Dariya News

ਪੰਜਾਬ ਸਰਕਾਰ ਦੀ ਕੋਸ਼ਿਸ਼ਾਂ ਨੂੰ ਬੂਰ ਪਿਆ , ਕੇਂਦਰ ਸਰਕਾਰ ਵਲੋਂ ਕਟਰਾ -ਅੰਮ੍ਰਿਤਸਰ-ਦਿੱਲੀ ਐਕਸਪ੍ਰੈੱਸ ਵੇਅ ਨੂੰ ਹਰੀ ਝੰਡੀ

ਕੇਂਦਰੀ ਸੜਕੀ ਆਵਾਜਾਈ ਤੇ ਕੌਮੀ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵਲੋਂ ਜਲੰਧਰ -ਅਜਮੇਰ ਐਕਸਪ੍ਰੈਸ ਵੇਅ ਨੂੰ ਵੀ ਹਰੀ ਝੰਡੀ

5 Dariya News

ਨਵੀਂ ਦਿੱਲੀ 07-Oct-2016

ਪੰਜਾਬ ਸਰਕਾਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸੂਚੀ ਅੱਜ ਉਦੋ ਹੋਰ ਵੀ ਲੰਮੇਰੀ ਹੋ ਗਈ ਜਦੋਂ ਕੇਂਦਰੀ ਸੜਕੀ ਆਵਾਜਾਈ ਤੇ ਕੌਮੀ ਰਾਜਮਾਰਗ ਮੰਤਰੀ  ਸ੍ਰੀ ਨਿਤਿਨ ਗਡਕਰੀ ਨੇ ਕਟਰਾ -ਅੰਮ੍ਰਿਤਸਰ-ਦਿੱਲੀ ਐਕਸਪ੍ਰੈੱਸ ਵੇਅ ਨੂੰ ਸਿਧਾਂਤੀਕ ਤੌਰ 'ਤੇ ਹਰੀ ਝੰਡੀ ਦੇ ਦਿੱਤੀ। ਇਹ ਐਕਸਪ੍ਰੈਸ ਵੇਅ ਵਾਆ ਜੀਂਦ-ਬਰਨਾਲਾ-ਮੋਗਾ-ਅੰਮ੍ਰਿਤਸਰ ਵਿਚੋ ਲੰਘੇਗੀ।ਇਹ ਫੈਸਲਾ ਦਿੱਲੀ ਵਿਖੇ ਹੋਈ ਇੱਕ ਮੀਟਿੰਗ ਵਿੱਚ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਸ਼ਿਰਕਤ ਕੀਤੀ।ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਇਸ ਪ੍ਰੋਜੈਕਟ ਉੱਤੇ ਅਨੁਮਾਨਿਤ ਤੌਰ ਉੱਤੇ 70 ਹਜਾਰ ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨਾਲ ਦਿੱਲੀ ਅਤੇ ਅੰਮ੍ਰਿਤਸਰ ਦੀ ਦੂਰੀ 100 ਕਿ.ਮੀ ਤੋਂ ਵੀ ਜਿਆਦਾ ਘੱਟ ਜਾਵੇਗੀ। 

ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਦਿੱਲੀ ਅਤੇ  ਅੰਮ੍ਰਿਤਸਰ ਦਾ ਫਾਸਲਾ ਤਿੰਨ ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਤੈਅ ਕੀਤਾ ਜਾ ਸਕੇਗਾ। ਪੰਜਾਬ ਨੂੰ ਇਕ ਹੋਰ ਤੋਹਫਾ ਦਿੰਦੇ ਹੋਏ ਸ੍ਰੀ ਗਡਕਰੀ ਨੇ ਜਲੰਧਰ-ਅਜਮੇਰ ਐਕਸਪ੍ਰੈਸ ਵੇਅ ਨੂੰ ਵੀ ਹਰੀ ਝੰਡੀ ਦੇ ਦਿੱਤੀ ਜੋਕਿ ਜਲੰਧਰ-ਮੋਗਾ-ਬਠਿੰਡਾ ਅਤੇ ਅਜਮੇਰ ਵਿਚੋਂ ਲੰਘੇਗੀ। ਉਪ ਮੁੱਖ ਮੰਤਰੀ ਨੇ ਇਨ੍ਹਾਂ ਦੋਵੇ ਫੈਸਲਿਆਂ ਨੂੰ ਕੌਮੀ ਅਤੇ ਪੰਜਾਬ ਦੇ ਅਰਥਚਾਰੇ ਲਈ ਇਕ ਵੱਡਾ ਹੁਲਾਰਾ ਕਰਾਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਜਲੰਧਰ- ਅਜਮੇਰ ਐਕਸਪ੍ਰੈਸ ਵੇਅ ਕਾਰਨ ਜੰਮੂ ਤੇ  ਕਾਂਡਲਾ ਦੀ ਦੂਰੀ 600 ਕਿਲੋਮੀਟਰ ਤੋਂ ਵੀ ਜਿਆਦਾ ਘੱਟ ਜਾਵੇਗੀ।ਇਸ ਐਕਸਪ੍ਰੈਸ ਵੇਅ ਉੱਤੇ ਅਨੁਮਾਨਤ 80000 ਕਰੋੜ ਰੁਪਏ ਦਾ ਖਰਚ ਆਵੇਗਾ। ਸ. ਬਾਦਲ ਨੇ ਇਨ੍ਹਾਂ ਦੋਵਾਂ ਫੈਸਲਿਆਂ ਨੂੰ ਇਤਿਹਾਸਿਕ ਦਸਦੇ ਹੋਏ ਕਿਹਾ ਕਿ ਇਹ ਦੋ ਐਕਸਪ੍ਰੈਸ ਵੇਅ ਪੰਜਾਬ ਦੇ ਲੋਕਾਂ ਲਈ ਜੀਵਨ ਰੇਖਾ ਸਿੱਧ ਹੋਣਗੇ।