5 Dariya News

ਕੇਂਦਰੀ ਰਾਜ ਮੰਤਰੀ ਵੱਲੋਂ ਪਿੰਡ ਕੋਟਲੀ ਵਿਖੇ ਸੂਰ ਫਾਰਮ ਦਾ ਦੌਰਾ

ਕੇਂਦਰ ਸਰਕਾਰ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਵਿੰਭਿੰਨਤਾ ਲਿਆਉਣ ਲਈ ਵਚਨਬੱਧ-ਗਿਰੀਰਾਜ ਸਿੰਘ

5 Dariya News

ਦੋਰਾਹਾ (ਲੁਧਿਆਣਾ) 06-Oct-2016

ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਬਾਰੇ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਗਿਰੀਰਾਜ ਸਿੰਘਧ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇਸ਼ ਦੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਵਿਭਿੰਨਤਾ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਪੰਜਾਬੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀ ਵਿਭਿੰਨਤਾ ਨੂੰ ਅਪਨਾਉਣ ਤਾਂ ਜੋ ਉਨ੍ਹਾਂ ਦੀ ਆਰਥਿਕਤਾ ਨੂੰ ਹੋਰ ਹੁਲਾਰਾ ਮਿਲ ਸਕੇ। ਇਹ ਵਿਚਾਰ ਅੱਜ ਉਨ੍ਹਾਂ ਪਿੰਡ ਕੋਟਲੀ ਵਿਖੇ ਕਿਸਾਨ ਸੁਖਵਿੰਦਰ ਸਿੰਘ ਦੇ ਇੰਡੋ-ਕੈਨੇਡੀਅਨ ਸਵਾਈਨ ਬਰੀਡਰ ਫਾਰਮ ਦਾ ਦੌਰਾ ਕਰਨ ਦੌਰਾਨ ਪ੍ਰਗਟ ਕੀਤੇ। ਰਾਜ ਪੁਰਸਕਾਰ ਜੇਤੂ ਕਿਸਾਨ ਸੁਖਵਿੰਦਰ ਸਿੰਘ ਵੱਲੋਂ ਸਾਲ 1999 ਵਿੱਚ ਸਿਰਫ਼ ਤਿੰਨ ਸੂਰਾਂ ਨਾਲ ਸ਼ੁਰੂ ਇਸ ਫਾਰਮ ਵਿੱਚ ਇਸ ਵੇਲੇ 300 ਤੋਂ ਵਧੇਰੇ ਸੂਰਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਉਸਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਕਲੱਬ ਦੀ ਸਹਾਇਤਾ ਨਾਲ ਸਾਲ 2011 ਵਿੱਚ ਕੈਨੇਡਾ ਤੋਂ ਸੂਰਾਂ ਦੀ ਨਸਲ ਦੇ ਸ਼ੁਕਰਾਣੂ ਲਿਆਂਦੇ ਸਨ। ਜਿਸ ਦੇ ਨਤੀਜੇ ਵਜੋਂ ਉਹ ਅੱਜ ਦਿੱਲੀ, ਚੰਡੀਗੜ੍ਹ ਅਤੇ ਲੁਧਿਆਣਾ ਦੀਆਂ ਵੱਡੀਆਂ ਕੰਪਨੀਆਂ ਅਤੇ ਦੁਕਾਨਾਂ ਨੂੰ ਮੀਟ ਦੀ ਸਪਲਾਈ ਕਰ ਰਿਹਾ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਇਸ ਫਾਰਮ ਦੇ ਦੌਰੇ ਦਾ ਮਕਸਦ ਹੈ ਕਿ ਸੁਖਵਿੰਦਰ ਸਿੰਘ ਵਰਗੇ ਕਿਸਾਨਾਂ ਨੂੰ ਅਜਿਹੇ ਸਹਾਇਕ ਧੰਦਿਆਂ ਅਤੇ ਖੇਤੀ ਵਿਭਿੰਨਤਾ ਵੱਲ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਕਰਕੇ ਉਨ੍ਹਾਂ ਦੇ ਮੰਤਰਾਲੇ ਵੱਲੋਂ ਅਜਿਹੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ, ਜਿਨ੍ਹਾਂ ਦਾ ਕਿਸਾਨਾਂ ਨੂੰ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਜਿਹੇ ਕਿਸਾਨਾਂ ਨੂੰ ਆਪਣੇ ਉਤਪਾਦਾਂ ਦੀ ਪ੍ਰਮੋਸ਼ਨ, ਖੋਜ, ਵਿਕਾਸ ਅਤੇ ਮਸ਼ੀਨਰੀ ਸਥਾਪਤ ਕਰਨ ਲਈ ਭਾਰੀ ਸਬਸਿਡੀ ਵੀ ਦਿੰਦੀ ਹੈ। ਉਨ੍ਹਾਂ ਕਿਸਾਨ ਸੁਖਵਿੰਦਰ ਸਿੰਘ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਹੋਰ ਕਿਸਾਨ ਵੀ ਇਸ ਦਿਸ਼ਾ ਵਿੱਚ ਅੱਗੇ ਵਧਣ। ਇਸ ਮੌਕੇ ਕਿਸਾਨ ਸੁਖਵਿੰਦਰ ਸਿੰਘ ਨੇ ਸ੍ਰੀ ਗਿਰੀਰਾਜ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਉਨ੍ਹਾਂ ਦਾ ਫਾਰਮ ਦੌਰਾ ਕਰਨ 'ਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਵਿੰਦਰ ਅਰੋੜਾ ਤੇ ਸ੍ਰ. ਬਿਕਰਮ ਸਿੰਘ ਚੀਮਾ, ਸ੍ਰ. ਜਸਵੰਤ ਸਿੰਘ ਛਾਪਾ ਅਤੇ ਹੋਰ ਹਾਜ਼ਰ ਸਨ। ਇਸ ਉਪਰੰਤ ਸ੍ਰੀ ਗਿਰੀਰਾਜ ਸਿੰਘ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਹਰੀਭਾਈ ਪ੍ਰਾਥੀਭਾਈ ਚੌਧਰੀ ਨੇ ਜ਼ਿਲ੍ਹਾ ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪ੍ਰਸਤਾਵਿਤ ਲੁਧਿਆਣਾ ਫੇਰੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।