5 Dariya News

ਦਲਿਤ ਭਾਈਚਾਰੇ ਦੇ ਸਮਸ਼ਾਨ ਘਾਟ,ਪ੍ਰਾਈਮਰੀ ਸਕੂਲ ਤੇ ਆਂਗਨਬਾੜੀ ਨਜ਼ਦੀਕ ਬਣੀ ਹੱਡਾ ਰੋੜੀ ਨੂੰ ਚੁਕਾਇਆ ਜਾਵੇ : ਪਿੰਡ ਵਾਸੀ

5 Dariya News (ਗੁਰਵਾਰਿਸ ਸੋਹੀ)

ਮੋਰਿੰਡਾ 04-Oct-2016

ਨਜ਼ਦੀਕੀ ਪਿੰਡ ਸਮਰੋਲੀ ਦੇ ਦਲਿਤ ਪਰਿਵਾਰਾਂ ਨਾਲ ਸਬੰਧਤ ਕੁਝ ਵਿਅਕਤੀਆਂ ਨੇ ਐਸ.ਸੀ. ਭਾਈਚਾਰੇ ਦੀ ਸਮਸ਼ਾਨ ਘਾਟ ਨਜ਼ਦੀਕ ਬਣੀ ਹੱਡਾ ਰੋੜੀ ਨੂੰ ਚੁਕਵਾਉਣ ਲਈ ਪੰਜਾਬ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੀੜਤਾਂ ਬਹਾਦਰ ਸਿੰਘ ਸਾਬਕਾ ਪੰਚ , ਸੁਖ਼ਦਰਸ਼ਨ ਸਿੰਘ , ਨਾਜ਼ਰ ਸਿੰਘ ਚੇਅਰਮੈਨ ਐਲੀਮੈਂਟਰੀ ਸਕੂਲ ਕਮੇਟੀ , ਮਨਦੀਪ ਸਿੰਘ , ਜਸਬੀਰ ਕੌਰ , ਸ਼ਿੰਗਾਰ ਕੌਰ , ਹਰਜਿੰਦਰ ਕੌਰ ਸਾਬਕਾ ਪੰਚ , ਹਰਵਿੰਦਰ ਕੌਰ ਗੁਰਮੀਤ ਕੌਰ , ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਸੀ.ਐਮ.ਓ ਰੂਪਨਗਰ ਨੂੰ ਲਿਖ਼ਤੀ ਦਰਖ਼ਾਸਤ ਦੇ ਕੇ ਆਏ ਹੋਏ ਸਨ। ਜਿਸ 'ਤੇ ਕਾਰਵਾਈ ਕਰਦੇ ਹੋਏ ਹਰਿੰਦਰ ਕੌਰ ਬਲਾਕ ਵਿਕਾਸ ਅਫ਼ਸਰ ਮੋਰਿੰਡਾ ਨੇ ਅੱਜ ਪਿੰਡ ਸਮਰੋਲੀ ਵਿੱਚ ਬਣੀ ਦਲਿਤ ਭਾਈਚਾਰੇ ਦੀ ਸਮਸ਼ਾਨ ਘਾਟ ਦਾ ਦੌਰਾ ਕੀਤਾ। ਉਪਰੋਤਕ ਵਿਅਕਤੀਆਂ ਨੇ ਦੱਸਿਆ ਕਿ ਦਲਿਤ ਭਾਈਚਾਰੇ ਮ੍ਰਿਤਕਾਂ ਦਾ ਅੰਤਿਮ ਸਸਕਾਰ ਕਰਨ ਲਈ ਬਣਾਈ ਹੋਈ ਸਮਸ਼ਾਨ ਘਾਟ ਦੇ ਨਜ਼ਦੀਕ ਹੀ ਹੱਡਾ ਰੋੜੀ ਬਣੀ ਹੋਈ ਹੈ ਜਿਸ ਕਾਰਨ ਜਦੋਂ ਕਿਸੇ ਦਲਿਤ ਪਰਿਵਾਰ ਦੇ ਵਿਅਕਤੀ ਦੀ ਮੋਤ ਹੋ ਜਾਂਦੀ ਹੈ ਤਾਂ ਉਸਦੇ ਅੰਤਿਮ ਸੰਸਕਾਰ ਮੌਕੇ ਪਿੰਡ ਵਾਸੀਆਂ ਅਤੇ ਸਾਕ ਸਬੰਧੀਆਂ ਨੂੰ ਹੱਡਾ ਰੋੜੀ ਤੋਂ ਆਉਣ ਵਾਲੀ ਬਦਬੂ ਕਾਰਨ ਬਹੁਤ ਜ਼ਿਆਦਾ ਮੁਸ਼ਕਿਲ ਪੇਸ ਆਉਂਦੀ ਹੈ। ਸਫ਼ਾਈ ਨਾ ਹੋਣ ਕਾਰਨ ਮਾਸ ਖਾਣ ਦੇ ਆਦੀ ਖੂੰਖਾਰ ਕੁੱਤੇ ਵੀ ਇੱਥੇ ਅਕਸਰ ਹੀ ਘੁੰਮਦੇ ਰਹਿੰਦੇ ਹਨ। ਜਿਸ ਕਾਰਨ ਨਜ਼ਦੀਕ ਆਂਗਨਬਾੜੀ ਸਕੂਲ ਅਤੇ ਪ੍ਰਾਈਮਰੀ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਕੁੱਤਿਆਂ ਦੇ ਕੱਟਣ ਅਤੇ ਬੀਮਾਰੀ ਫੈਲਣ ਦਾ ਡਰ ਹਮੇਸ਼ਾਂ ਹੀ ਬਣਿਆ ਰਹਿੰਦਾ ਹੈ। ਉਪਰੋਤਕ ਦਰਖ਼ਾਸਤ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਹੱਡਾ ਰੋੜੀ ਨੂੰ ਦਲਿਤ ਭਾਈਚਾਰੇ ਦੇ ਸਮਸ਼ਾਨ ਘਾਟ ਨਜ਼ਦੀਕ ਤੋਂ ਚੁਕਾਇਆ ਜਾਵੇ। ਦੂਜੇ ਪਾਸੇ ਜਦੋਂ ਇਸ ਸਬੰਧੀ ਪਰਮਜੀਤ ਸਿੰਘ ਸਰਪੰਚ ਪਿੰਡ ਸਮਰੋਲੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਦੇ ਸਰਪੰਚ ਦੀ ਮੌਤ ਹੋ ਜਾਣ ਤੋਂ ਬਾਅਦ ਪਿੰਡ ਵਾਸੀਆਂ ਨੇ ਮੈਨੂੰ ਸਰਬ ਸੰਮਤੀ ਨਾਲ ਸਿਰਫ਼ ਇੱਕ ਮਹੀਨਾ ਪਹਿਲਾਂ ਹੀ ਸਰਪੰਚ ਚੁਣਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਦੋ ਤਿੰਨ ਦਲਿਤ ਪਰਿਵਾਰ ਹੀ ਹੱਡਾ ਰੋੜੀ ਨੂੰ ਚੁਕਵਾਉਣ ਦੀ ਗੱਲ ਕਹਿ ਰਹੇ ਹਨ ਜਦ ਕਿ ਬਹੁ ਗਿਣਤੀ ਪਿੰਡ ਵਾਸੀ ਹੱਡਾ ਰੋੜੀ ਨੂੰ ਉਸੇ ਥਾਂ ਰੱਖ ਕੇ ਸਮਸ਼ਾਨ ਘਾਟ ਨੂੰ ਇੱਕ ਕਰਨ ਦੀ ਗੱਲ ਕਰ ਰਹੇ ਹਨ। ਸਰਪੰਚ ਪਰਮਜੀਤ ਨੇ ਕਿਹਾ ਕਿ ਬਲਾਕ ਅਫ਼ਸਰ ਹਰਿੰਦਰ ਕੌਰ ਨੇ ਅੱਜ ਇਸ ਥਾਂ ਦਾ ਦੌਰਾ ਵੀ ਕੀਤਾ ਹੈ ਅਤੇ ਉਨ੍ਹਾਂ ਮੈਨੂੰ ਇਸਦੀ ਸਫ਼ਾਈ ਕਰਵਾਉਣ ਲਈ ਵੀ ਆਖ਼ਿਆ ਹੈ। 

ਕੀ ਕਹਿੰਦੇ ਹਨ ਬਲਾਕ ਵਿਕਾਸ ਅਫ਼ਸਰ .. ..   

ਜਦੋਂ ਹਰਿੰਦਰ ਕੌਰ ਬਲਾਕ ਵਿਕਾਸ ਅਫ਼ਸਰ ਮੋਰਿੰਡਾ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਐਸ.ਐਮ.ਓ ਰੂਪਨਗਰ ਤੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਹੈ ਜਿਸ ਅਨੁਸਾਰ ਅੱਜ ਪਿੰਡ ਸਮਰੋਲੀ ਦਾ ਦੌਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉਹ ਪਿੰਡ ਸਮਰੋਲੀ ਵਿੱਖੇ ਮੌਕਾ ਦੇਖ ਕੇ ਆਏ ਹਨ ਅਤੇ ਕੁਝ ਦਿਨਾਂ ਬਾਅਦ ਉਹ ਪਿੰਡ ਦਾ ਆਮ ਇਜਲਾਸ ਬੁਲਾਉਣਗੇ। ਉਨਾਂ ਦੱਸਿਆ ਕਿ ਆਮ ਇਜਲਾਸ ਵਿੱਚ ਸਾਰੇ ਪਿੰਡ ਵਾਸੀਆਂ ਨੂੰ ਸੂਚਨਾ ਦੇ ਕੇ ਸੱਦਿਆ ਜਾਵੇਗਾ ਅਤੇ ਸਾਰੇ ਨਗਰ ਨਿਵਾਸੀਆਂ ਦੀ ਸਲਾਹ ਅਨੁਸਾਰ ਫੈਸਲਾ ਲਿਆ ਜਾਵੇਗਾ।