ਲੁਧਿਆਣਾ ਦੇ ਚਿੜੀਆ ਘਰ ਦਾ ਹੋਵੇਗਾ ਮੁਕੰਮਲ ਨਵੀਨੀਕਰਨ-ਚੁੰਨੀ ਲਾਲ ਭਗਤ
ਹੋਰ ਜੰਗਲੀ ਜੀਵ ਲਿਆਂਦੇ ਜਾਣਗੇ ਅਤੇ ਮੱਤੇਵਾੜਾ ਵਿੱਚ ਬਣੇਗੀ 'ਲਾਇਨ ਸਫ਼ਾਰੀ' , ਵਣ ਚੇਤਨਾ ਕੇਂਦਰ ਵਿਖੇ ਜੰਗਲੀ ਜੀਵ ਸਪਤਾਹ ਸੰਬੰਧੀ ਸਮਾਰੋਹ
5 Dariya News (ਅਜੇ ਪਾਹਵਾ)
ਲੁਧਿਆਣਾ 01-Oct-2016
ਵਣ ਅਤੇ ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਵਿਭਾਗਾਂ ਬਾਰੇ ਕੈਬਨਿਟ ਮੰਤਰੀ ਚੁੰਨੀ ਲਾਲ ਭਗਤ ਨੇ ਕਿਹਾ ਹੈ ਕਿ ਲੁਧਿਆਣਾ ਸਥਿਤ ਚਿੜੀਆ ਘਰ ਦਾ ਪੂਰੀ ਤਰ੍ਹਾਂ ਨਵੀਨੀਕਰਨ ਕੀਤਾ ਜਾਵੇਗਾ, ਜਿਸ ਲਈ ਕੰਮ ਵੱਡੇ ਪੱਧਰ 'ਤੇ ਸ਼ੁਰੂ ਹੋ ਚੁੱਕਾ ਹੈ ਅਤੇ ਅਗਲੇ 2 ਸਾਲਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਪੰਜਾਬ ਸਰਕਾਰ ਕੋਲ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਇਸ ਲਈ ਜ਼ਰੂਰੀ ਬੁਨਿਆਦੀ ਢਾਂਚੇ ਦੇ ਰੱਖ ਰਖਾਵ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਇਸ ਮੌਕੇ ਉਨ੍ਹਾਂ ਟਾਈਗਰ ਸਫਾਰੀ ਦਾ ਵੀ ਦੌਰਾ ਕੀਤਾ।ਅੱਜ ਸਥਾਨਕ ਚਿੜੀਆ ਘਰ ਨਾਲ ਲੱਗਦੇ ਵਣ ਚੇਤਨਾ ਕੇਂਦਰ ਕਾਦੀਆਂ ਵਿਖੇ ਜੰਗਲੀ ਜੀਵ ਸਪਤਾਹ ਮੌਕੇ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਭਗਤ ਨੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੇ ਵਿਭਾਗ ਦੀ ਅਧੀਨਗੀ ਹੇਠ 13 ਰੱਖਾਂ ਅਤੇ 2 ਕਮਿਊਨਿਟੀ ਰਿਜ਼ਰਵ ਚੱਲ ਰਹੇ ਹਨ। ਜਿਨ੍ਹਾਂ ਦਾ ਰੱਖ ਰਖਾਵ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਲੁਧਿਆਣਾ ਸਥਿਤ ਚਿੜੀਆ ਘਰ ਨੂੰ ਸੂਬਾ ਦਾ ਸਭ ਤੋਂ ਮਹੱਤਵਪੂਰਨ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਚਿੜੀਆ ਘਰ ਦਾ ਨਵੀਨੀਕਰਨ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ 2 ਸਾਲ ਵਿੱਚ ਪੂਰਾ ਕੀਤਾ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਨਵੀਨੀਕਰਨ ਦੇ ਦੌਰਾਨ ਹੀ ਇਸ ਚਿੜੀਆ ਘਰ ਵਿੱਚ ਹੋਰ ਜੰਗਲੀ ਜੀਵਾਂ ਨੂੰ ਵੀ ਛੱਡਿਆ ਜਾਣਾ ਹੈ, ਤਾਂ ਜੋ ਇਨ੍ਹਾਂ ਨੂੰ ਦੇਖਣ ਲਈ ਦਰਸ਼ਕਾਂ ਦੀ ਗਿਣਤੀ ਵਿੱਚ ਵਾਧਾ ਹੋਵੇ।
ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਸ ਚਿੜੀਆ ਘਰ ਵਿੱਚ ਆਉਣ ਵਾਲੇ ਦਰਸ਼ਕਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ, ਜੋ ਕਿ ਇੱਕ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਵਿਖੇ ਵੀ 'ਲਾਇਨ ਸਫਾਰੀ' ਸਥਾਪਤ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਸ ਸੰਬੰਧੀ ਕੇਂਦਰ ਸਰਕਾਰ ਵੱਲੋਂ ਕਾਰਵਾਈ ਆਖ਼ਰੀ ਪੜਾਅ 'ਤੇ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੰਗਲਾਂ, ਜੰਗਲੀ ਜੀਵਾਂ ਦੀ ਸੁਰੱਖਿਆ ਲਈ ਦ੍ਰਿੜ ਵਚਨਬੱਧ ਹੈ। ਇਥੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਜੰਗਲਾਂ, ਜਾਨਵਰਾਂ ਅਤੇ ਕੁਦਰਤ ਨੂੰ ਬਚਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਇਸ ਮੌਕੇ ਉਨ੍ਹਾਂ ਨਵੀਨੀਕਰਨ ਕੰਮ ਦਾ ਨੀਂਹ ਪੱਥਰ ਰੱਖਿਆ ਅਤੇ ਚਿੜੀਆ ਘਰ ਨੂੰ ਪ੍ਰਾਪਤ ਹੋਈਆਂ 2 ਵੀਲ੍ਹ ਚੇਅਰਾਂ ਦਾ ਵੀ ਆਰੰਭ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਕਰਵਾਏ ਗਏ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਸਨਮਾਨਿਤ ਕੀਤਾ।ਸਮਾਗਮ ਦੌਰਾਨ ਮੰਚ ਸੰਚਾਲਨ ਸ੍ਰ. ਹਰਜੀਤ ਸਿੰਘ ਰਤਨ ਨੇ ਬਾਖ਼ੂਬੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਮਹਿੰਦਰ ਭਗਤ, ਪ੍ਰਧਾਨ ਮੁੱਖ ਵਣਪਾਲ ਸ੍ਰੀ ਕੁਲਦੀਪ ਕੁਮਾਰ, ਵਧੀਕ ਮੁੱਖ ਵਣਪਾਲ ਸ੍ਰੀ ਧੀਰੇਂਦਰ, ਸ੍ਰੀਮਤੀ ਨਿਧੀ ਸ੍ਰੀਵਾਸਤਵਾ ਵਣਪਾਲ ਪੰਜਾਬ, ਵਣ ਮੰਡਲ ਅਫ਼ਸਰ ਸ੍ਰੀ ਵਿਸ਼ਾਲ ਚੌਹਾਨ, ਸ੍ਰੀ ਸੰਜੇ ਕਪੂਰ, ਸ੍ਰੀ ਰਜਨੀਸ਼ ਧੀਮਾਨ, ਸ੍ਰੀ ਮਹੇਸ਼ ਸ਼ਰਮਾ, ਸ਼੍ਰੀਮਤੀ ਭੁਪਿੰਦਰ ਕੌਰ (ਸਾਰੇ ਭਾਜਪਾ ਨੇਤਾ) ਅਤੇ ਹੋਰ ਵੱਡੀ ਪੱਧਰ 'ਤੇ ਹਾਜ਼ਰ ਸਨ।