5 Dariya News

ਪੰਜਾਬ ਵੱਲੋਂ ਘਰੇਲੂ, ਕੁਦਰਤੀ ਤੇ ਪੇਂਡੂ ਮਾਹੌਲ 'ਚ ਯਾਤਰੂ ਠਹਿਰਾਅ ਨੂੰ ਹੁਲਾਰਾ ਦੇਣ ਲਈ ਸਮਝੌਤਾ ਸਹੀਬੱਧ

ਪੰਜਾਬ ਦੇ ਵੱਡ-ਆਕਾਰੀ ਫ਼ਾਰਮਾਂ, ਸ਼ਾਨਦਾਰ ਨਦੀਆਂ ਅਤੇ ਅਦੁੱਤੀ ਕੁਦਰਤੀ ਵਾਤਾਵਰਣ ਕਾਰਨ ਸੈਰ-ਸਪਾਟਾ ਉਦਯੋਗ ਲਈ ਅਸੀਮ ਸੰਭਾਵਨਾਵਾਂ: ਸੋਹਣ ਸਿੰਘ ਠੰਡਲ

5 Dariya News

ਚੰਡੀਗੜ੍ਹ 30-Sep-2016

ਪੰਜਾਬ ਸਰਕਾਰ ਵੱਲੋਂ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਕਈ ਵਿਲੱਖਣ ਪਹਿਲਕਦਮੀਆਂ ਅਤੇ ਪ੍ਰਾਪਤੀਆਂ ਕੀਤੀ ਗਈਆਂ ਹਨ। ਇਸੇ ਲੜੀ ਵਿੱਚ ਨਵਾਂ ਦਿਸਹੱਦਾ ਸਥਾਪਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਘਰੇਲੂ, ਕੁਦਰਤੀ ਅਤੇ ਪੇਂਡੂ ਮਾਹੌਲ 'ਚ ਯਾਤਰੂਆਂ ਦੇ ਠਹਿਰਾਅ ਨੂੰ ਉਤਸ਼ਾਹਤ ਕਰਨ ਲਈ ਮੱਧ ਪ੍ਰਦੇਸ਼, ਉਤਰਾਖੰਡ ਅਤੇ ਗੁਜਰਾਤ ਦੇ ਸੈਰ-ਸਪਾਟਾ ਵਿਭਾਗਾਂ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ ਜਦਕਿ ਭਾਰਤ ਦੀ ਸੈਰ-ਸਪਾਟਾ ਸਨਅਤ ਦੀ ਪ੍ਰਮੁੱਖ ਕੰਪਨੀ ਸਟੇਜ਼ਿਲਾ ਇਨ੍ਹਾਂ ਸਮਝੌਤਿਆਂ ਵਿੱਚ ਕੂਟਨੀਤਕ ਭਾਈਵਾਲ ਹੋਵੇਗੀ।ਇਸ ਸਮਝੌਤੇ ਮਗਰੋਂ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਸੈਰ-ਸਪਾਟਾ ਮੰਤਰੀ ਪੰਜਾਬ ਸ. ਸੋਹਣ ਸਿੰਘ ਠੰਡਲ ਨੇ ਕਿਹਾ ਕਿ ਪੰਜਾਬ ਕੁਦਰਤੀ ਸੋਮਿਆਂ ਨਾਲ ਵਰੋਸਾਈ ਇਕ ਅਜਿਹੀ ਧਰਤੀ ਹੈ, ਜਿੱਥੇ ਵੱਡ-ਅਕਾਰੀ ਫ਼ਾਰਮ ਹਾਊਸ, ਸ਼ਾਨਦਾਰ ਨਦੀਆਂ ਅਤੇ ਕੁਦਰਤੀ ਨਾਲਿਆਂ ਤੋਂ ਇਲਾਵਾ ਅਜਿਹੇ ਵਿਲੱਖਣ ਕੁਦਰਤੀ ਸਥਾਨ ਹਨ, ਜੋ ਕਿ ਦੁਨੀਆਂ ਭਰ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਸੈਲਾਨੀਆਂ ਲਈ ਮਨਭਾਉਂਦੇ ਸੂਬੇ ਪੰਜਾਬ ਵਿੱਚ ਅਕਤੂਬਰ ਮਹੀਨੇ ਤੋਂ ਦੁਨੀਆਂ ਭਰ ਦੇ ਯਾਤਰੂਆਂ ਦੀ ਵੱਡੀ ਗਿਣਤੀ ਵਿੱਚ ਆਮਦ ਸ਼ੁਰੂ ਹੋ ਜਾਂਦੀ ਹੈ। ਯਾਤਰੂ ਖ਼ਾਸ ਤੌਰ 'ਤੇ ਅੰਮ੍ਰਿਤਸਰ, ਚੰਡੀਗੜ੍ਹ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਦੇ ਇਰਦ-ਗਿਰਦ ਦੇ ਖੇਤਰਾਂ ਵਿੱਚ ਘੁੰਮਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਟੇਜ਼ਿਲਾ ਨਾਲ ਕੂਟਨੀਤਕ ਸਾਂਝ ਮਗਰੋਂ ਯਾਤਰੂਆਂ  ਲਈ ਘਰਾਂ ਵਿੱਚ ਠਹਿਰਾਅ ਵਾਸਤੇ ਵਧੀਆ ਕਮਰਿਆਂ ਦਾ ਪ੍ਰਬੰਧ ਪੇਸ਼ੇਵਾਰਾਨਾ ਤਰੀਕੇ ਨਾਲ ਕੀਤਾ ਜਾ ਸਕੇਗਾ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਟੇਜ਼ਿਲਾ ਕੰਪਨੀ ਜਿੱਥੇ ਦੁਨੀਆਂ ਭਰ ਦੇ ਲੋਕਾਂ ਨੂੰ ਪੰਜਾਬ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ਅਤੇ ਯਾਤਰੂਆਂ ਦੇ ਰਹਿਣ ਦੇ ਪ੍ਰਬੰਧਾਂ ਬਾਰੇ ਜਾਗਰੂਕ ਕਰੇਗੀ, ਉਥੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਵੀ ਪ੍ਰੇਰਿਤ ਕਰੇਗੀ।ਇਸ ਕੰਪਨੀ ਨਾਲ ਸਮਝੌਤੇ 'ਤੇ ਪੰਜਾਬ ਵੱਲੋਂ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸੀ.ਈ.ਉ. ਸ੍ਰੀ ਨਵਜੋਤਪਾਲ ਸਿੰਘ ਰੰਧਾਵਾ ਵੱਲੋਂ ਸਹੀ ਪਾਈ ਗਈ ਜਦਕਿ ਸਟੇਜ਼ਿਲਾ ਵੱਲੋਂ ਅੰਕਿਤ ਰਸਤੋਗੀ  ਵਾਈਸ ਪ੍ਰੈਜ਼ੀਡੈਂਟ ਮਾਰਕੀਟਪਲੇਸ ਸਟੇਜ਼ਿਲਾ ਵੱਲੋਂ ਹਸਤਾਖ਼ਰ ਕੀਤੇ ਗਏ।