ਸ਼ਗਨ ਸਕੀਮ ਅਧੀਨ 5,55,946 ਪਰਿਵਾਰਾਂ ਨੂੰ 833.76 ਕਰੋੜ ਰੁਪਏ ਦੀ ਰਾਸ਼ੀ ਵੰਡੀ - ਗੁਲਜ਼ਾਰ ਸਿੰਘ ਰਣੀਕੇ
ਸ਼ਗਨ ਸਕੀਮਾਂ ਦੁਆਰਾ ਵੱਡੇ ਪੱਧਰ ਤੇ ਲੋੜਵੰਦ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ
5 Dariya News
ਚੰਡੀਗੜ੍ਹ 29-Sep-2016
ਪੰਜਾਬ ਸਰਕਾਰ ਨੇ ਸ਼ਗਨ ਸਕੀਮ ਨੂੰ ਸੂਬੇ ਵਿੱਚ ਸਫਲਤਾਪੂਰਵਕ ਲਾਗੂ ਕੀਤਾ ਹੈ, ਜਿਸ ਦੁਆਰਾ ਵੱਡੇ ਪੱਧਰ ਤੇ ਲੋੜਵੰਦ ਲੋਕਾਂ ਨੂੰ ਵਿਤੀ ਸਹਾਇਤਾ ਦੇ ਕੇ ਇਤਿਹਾਸ ਰਚਿਆ ਹੈ। ਇਸ ਸਕੀਮ ਅਧੀਨ ਸੂਬੇ ਦੇ ਆਰਥਿਕ ਪੱਖੋਂ ਕਮਜ਼ੋਰ ਲੋੜਵੰਦ 5,55,946 ਪਰਿਵਾਰਾਂ ਨੂੰ 833.76 ਕਰੋੜ ਰੁਪਏ ਦੀ ਰਾਸ਼ੀ ਵੰਡ ਕੇ ਵਿੱਤੀ ਸਹਾਇਤਾ ਦਿੱਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਨੁਸੂਚਿਤ ਜਾਤੀਆਂ ਅਤੇ ਪੱਛੜੀ ਸ਼੍ਰੇਣੀਆਂ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਸ਼ਗਨ ਸਕੀਮ ਅਧੀਨ ਲੋੜਵੰਦ ਪਰਿਵਾਰਾਂ ਨੂੰ ਵੱਡੇ ਪੱਧਰ ਤੇ ਵਿਤੀ ਸਹਾਇਤਾ ਦਿੱਤੀ ਹੈ ਜੋ ਅੱਜ ਤੱਕ ਕਿਸੇ ਵੀ ਸੂਬਾ ਸਰਕਾਰ ਵੱਲੋਂ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਭਲਾਈ ਵਿਭਾਗ ਦੁਆਰਾ ਚਲਾਈ ਜਾ ਰਹੀ ਸ਼ਗਨ ਸਕੀਮ ਤਹਿਤ ਲੜਕੀਆਂ ਦੇ ਵਿਆਹਾਂ ਲਈ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਸਕੀਮ ਦੇ ਸਫਲ ਤਜਰਬੇ ਨੂੰ ਦੇਖਦੇ ਹੋਏ ਇਸ ਵਿਸ਼ੇਸ਼ ਸਕੀਮ ਨੂੰ ਵਿਆਪਕ ਪੱਧਰ ਤੇ ਲਾਗੂ ਕਰਕੇ ਲੱਖਾਂ ਪਰਿਵਾਰਾਂ ਨੂੰ ਲਾਭ ਦਿੱਤਾ ਗਿਆ ਹੈ। ਭਲਾਈ ਮੰਤਰੀ ਨੇ ਦੱਸਿਆ ਕਿ ਸਕੀਮ ਤਹਿਤ ਯੋਗ ਬਿਨੈਕਾਰਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ 1 ਅਪ੍ਰੈਲ 2009 ਤੋਂ 31 ਮਾਰਚ 2016 ਤੱਕ ਦੇ ਲੱਗਭੱਗ 30,000 ਯੋਗ ਮਾਮਲੇ ਨੂੰ ਮੁੜ ਵਿਚਾਰ ਕੇ ਸ਼ਗਨ ਸਕੀਮ ਦਾ ਲਾਭ ਦਿੱਤਾ ਗਿਆ ਹੈ ਜੋ ਸੂਬਾ ਸਰਕਾਰ ਦਾ ਸ਼ਲਾਘਾ-ਯੋਗ ਫੈਸਲਾ ਸਾਬਿਤ ਹੋਇਆ ਹੈ।
ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਵਿੱਤੀ ਸਾਲ 2007-08 ਵਿੱਚ 26,658 ਲਾਭਪਾਤਰੀਆਂ ਨੂੰ 39.99 ਕਰੋੜ ਰੁਪਏ, 2008-09 ਵਿੱਚ 59,989 ਲਾਭਪਾਤਰੀਆਂ ਨੂੰ 89.98 ਕਰੋੜ ਰੁਪਏ, 2009-10 ਵਿੱਚ 23,332 ਲਾਭਪਾਤਰੀਆਂ ਨੂੰ 35.00 ਕਰੋੜ ਰੁਪਏ, 2010-11 ਵਿੱਚ 53,331 ਲਾਭਪਾਤਰੀਆਂ ਨੂੰ 80.00 ਕਰੋੜ ਰੁਪਏ, 2011-12 ਵਿੱਚ 48,284 ਲਾਭਪਾਤਰੀਆਂ ਨੂੰ 72.27 ਕਰੋੜ ਰੁਪਏ, 2012-13 ਵਿੱਚ 82,867 ਲਾਭਪਾਤਰੀਆਂ ਨੂੰ 124.30 ਕਰੋੜ ਰੁਪਏ, 2013-14 ਵਿੱਚ 80,810 ਲਾਭਪਾਤਰੀਆਂ ਨੂੰ 121.21 ਕਰੋੜ ਰੁਪਏ, 2014-15 ਵਿੱਚ 58,362 ਲਾਭਪਾਤਰੀਆਂ ਨੂੰ 87.54 ਕਰੋੜ ਰੁਪਏ, 2015-16 ਵਿੱਚ 59,979 ਲਾਭਪਾਤਰੀਆਂ ਨੂੰ 89.97 ਕਰੋੜ ਰੁਪਏ ਅਤੇ ਸਾਲ 2016-17 ਵਿੱਚ ਅਗਸਤ ਮਹੀਨੇ ਤੱਕ 62,334 ਲਾਭਪਾਤਰੀਆਂ ਨੂੰ 93.50 ਕਰੋੜ ਰੁਪਏ ਦੀ ਰਾਸ਼ੀ ਸ਼ਗਨ ਸਕੀਮ ਅਧੀਨ ਵੰਡੀ ਗਈ ਹੈ।