5 Dariya News

ਪੰਜਾਬ ਡੇਅਰੀ ਵਿਕਾਸ ਵਲੋਂ ਕਿਸਾਨਾਂ ਲਈ ਪ੍ਰੈਕਟੀਕਲ ਟ੍ਰੇਨਿੰਗ 7 ਨਵੰਬਰ ਤੋਂ ਸ਼ੁਰੂ

5 Dariya News

ਚੰਡੀਗੜ੍ਹ 27-Sep-2016

ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਸ਼ੂ ਪਾਲਣ ਨਾਲ ਸਬੰਧਤ ਪ੍ਰੈਕਟਿਕਲ ਟ੍ਰੇਨਿੰਗ 7 ਨਵੰਬਰ,2016 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਟ੍ਰੇਨਿੰਗ ਅਧੀਨ ਪੰਜਾਬ ਡੇਅਰੀ ਵਿਕਾਸ ਵਲੋਂ ਕਿਸਾਨਾਂ ਨੂੰ ਕਿੱਤਾ ਮੁਖੀ ਸਿਖਲਾਈ ਦਿੱਤੀ ਜਾਂਦੀ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੱਸਿਆ ਕਿ ਅੱਜ ਦੇ ਅਤਿ ਆਧਿਨਕ ਯੁੱਗ ਵਿੱਚ ਡੇਅਰੀ ਫਾਰਮਿੰਗ ਸਬੰਧਤ ਪਦਾਰਥਾਂ ਨੂੰ ਖਪਤਕਾਰਾਂ ਕੋਲ ਸਿੱਧੇ ਤੋਰ 'ਤੇ ਪਹੁੰਚਾਉਣ ਲਈ ਵੱਧਿਆ ਮਾਰਕਿਟਿੰਗ ਦੀ ਲੋੜ ਦੇ ਨਾਲ ਨਵੀਨਤਮ ਤਕਨੀਕਾਂ ਅਤੇ ਵਪਾਰਕ ਸਮਝ ਹੋਣਾ ਲਾਜਮੀ ਹੈ ਤਾਂ ਹੀ ਇਕ ਕਿਸਾਨ ਸਫਲ ਪਸ਼ੂ ਪਾਲਕ ਬਣ ਸਕਦਾ ਹੈ।ਉਨਾ ਦੱਸਿਆ ਕਿ ਇਹ ਟ੍ਰੇਨਿੰਗ ਵੱਖ-ਵੱਖ ਸਿਖਲਾਈ ਕੇਂਦਰਾਂ ਵਿੱਚ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਪਸ਼ੂਆਂ ਦੀ ਨਸਲ ਸੁਧਾਰ ਦੇ ਨਾਲ, ਦੁੱਧ ਨਾਲ ਬਣਨ ਵਾਲੇ ਵੱਖ-ਵੱਖ ਪਦਾਰਥਾਂ ਸਬੰਧੀ ਜਾਣਕਾਰੀ , ਪਸ਼ੂਆਂ ਦੇ ਚਾਰੇ ਅਤੇ ਅਚਾਰ ਬਣਾਉਣ ਦੀ ਵਿਧੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਟੀ ਲੁੱਧਿਆਣਾ, ਡੇਅਰੀ ਖੋਜ ਸੰਸਥਾ ਕਰਨਾਲ ਅਤੇ ਡੇਅਰੀ ਵਿਭਾਗ ਦੇ ਵਿਸ਼ਾ ਮਾਹਿਰਾਂ ਵਲੋਂ ਦਿੱਤੀ ਜਾਂਦੀ ਹੈ। ਉਨਾਂ ਅੱਗੇ ਦੱਸਿਆ ਕਿ ਸੂਬੇ ਵਿੱਚ ਜਿਆਦਾਤਰ ਕਿਸਾਨ ਡੇਅਰੀ ਵਿਕਾਸ ਵਲੋਂ ਦਿਤੀ ਜਾਣ ਵਾਲੀ ਟ੍ਰੇਨਿੰਗ ਲੈਣ ਤੋਂ ਬਾਅਦ ਹੀ ਪਸ਼ੂ ਪਾਲਣ ਨੂੰ  ਕਿੱਤਾ ਮੁੱਖੀ ਧੰਦੇ ਵਜੋਂ ਅਪਣਾਉਂਦੇ ਹਨ ਇਸ ਲਈ  ਟ੍ਰੇਨਿੰਗ ਨੂੰ ਅਗਾਂਹਵਧੂ ਪਸ਼ੂ ਪਾਲਕਾਂ ਦੇ ਡੇਅਰੀ ਫਾਰਮਾਂ ਤੇ ਆਯਜਿਤ ਕਰਨ ਦਾ ਯਤਨ ਕੀਤਾ ਜਾਂਦਾ  ਹੈ ਅਤੇ ਸਿਖਲਾਈ ਦੋਰਾਨ ਢੁੱਕਵਾਂ ਲਿਟਰੇਚਰ ਵੀ ਦਿੱਤਾ ਜਾਂਦਾ ਹੈ।   

ਇਸ ਮੌਕੇ ਤੇ ਹਾਜਰ ਸ. ਇੰਦਰਜੀਤ ਸਿੰਘ, ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਨੇ ਦੱਸਿਆ ਕਿ 7 ਨਵੰਬਰ,2016 ਤੋਂ ਸ਼ੁਰੂ ਹੋਣ ਵਾਲਾ  ਛੇ ਹਫਤਿਆ ਦੀ ਡੇਅਰੀ ਉਦਮ  ਸਿਖਲਾਈ ਦਾ ਅਗਲਾ  ਬੈਂਚ ਡੇਅਰੀ ਸਿਖਲਾਈ ਕੇਦਰ, ਬੀਜਾ(ਲੁਧਿਆਣਾ), ਚਤਾਮਲੀ(ਰੋਪੜ), ਗਿੱਲ(ਮੋਗਾ),  ਅਬੁੱਲ ਖੁਰਾਣਾ(ਸ੍ਰੀ ਮੁਕਤਸਰ ਸਾਹਿਬ), ਸਰਦੂਲਗੜ(ਮਾਨਸਾ)  ਫਗਵਾੜਾ(ਕਪੂਰਥਲਾ) ਅਤੇ ਵੇਰਕਾ (ਅੰਮ੍ਰਿਤਸਰ) ਵਿਖੇ ਸੁਰੂ ਕੀਤਾ ਜਾਵੇਗਾ। ਸਿਖਿਆਰਥੀਆਂ ਦੀ ਚੋਣ ਲਈ ਮਿਤੀ  24 ਅਕਤੂਬਰ 2016 ਨੂੰ ਸਵੇਰੇ 10 ਵਜੇ ਉਕਤ ਸਿਖਲਾਈ ਕੇਂਦਰਾਂ ਤੇ ਇੰਟਰਵਿਊ ਕੀਤੀ ਜਾਵੇਗੀ।ਘੱਟੋ ਘੱਟ 10ਵੀਂ ਪਾਸ ਨੌਜਵਾਨ ਲੜਕੇ ਲੜਕੀਆਂ ਜਿੰਨਾਂ ਦੀ ਉਮਰ 18 ਤੋਂ 45 ਸਾਲ ਦੇ ਵਿੱਚ ਹੋਵੇ ਅਤੇ ਜਿੰਨਾਂ ਦੇ ਆਪਣੇ ਕੋਲ ਘੱਟੋ-ਘੱਟ 5 ਦੁਧਾਰੂ ਪਸ਼ੂ ਹੋਣ, ਇਹ ਸਿਖਲਾਈ ਹਾਸਲ ਕਰ ਸਕਦੇ ਹਨ। ਸਿਖਲਾਈ ਲਈ ਪ੍ਰਾਸਪੈਕਟਸ ਜਿਸ ਦੀ ਕੀਮਤ 100/- ਰੁਪਏ ਹੈ, ਸਬੰਧਤ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ/ਡੇਅਰੀ ਵਿਕਾਸ ਅਫਸਰ ਅਤੇ ਸਾਰੇ  ਸਿਖਲਾਈ ਕੇਦਰਾਂ ਉੱਪਰ ਉਪਲਬੱਧ ਹਨ।  ਸਿਖਲਾਈ ਸਬੰਧੀ ਵਧੇਰੇ ਜਾਣਕਾਰੀ ਡੇਅਰੀ ਵਿਕਾਸ ਬੋਰਡ ਦੇ ਮੁੱਖ ਦਫਤਰ ਦੇ ਟੈਲੀਫੋਨ ਨੰ 0172-5035244 ਅਤੇ 0172-2700228  ਉੱਤੇ ਹਾਸਲ ਕੀਤੀ ਜਾ ਸਕਦੀ ਹੈ।