ਹਰੇਕ ਪਿੰਡ ਨੂੰ ਮਿਲੇਗੀ ਪੀਣ ਵਾਲਾ ਪਾਣੀ, ਸੀਵਰੇਜ ਅਤੇ ਪਖ਼ਾਨੇ ਦੀ ਸਹੂਲਤ- ਸੁਰਜੀਤ ਸਿੰਘ ਰੱਖੜਾ
ਹਲਕਾ ਸਾਹਨੇਵਾਲ ਦੀਆਂ 14 ਪੰਚਾਇਤਾਂ ਨੂੰ ਸੀਵਰੇਜ ਦੀ ਸਹੂਲਤ ਦੇਣ ਲਈ 21 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ
5 Dariya News (Ajay Pahwa)
ਲੁਧਿਆਣਾ 25-Sep-2016
ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਹਰੇਕ ਪਿੰਡ ਵਾਸੀ ਨੂੰ 100 ਫੀਸਦੀ ਪੀਣ ਵਾਲਾ ਪਾਣੀ, ਸੀਵਰੇਜ਼ ਅਤੇ ਪਖ਼ਾਨੇ ਦੀ ਸਹੂਲਤ ਮੁਹੱਈਆ ਕਰਵਾਏਗੀ। ਸਵੱਛ ਭਾਰਤ ਮਿਸ਼ਨ ਤਹਿਤ ਇਸ ਪ੍ਰੋਜੈਕਟ 'ਤੇ ਲਗਾਤਾਰ ਕੰਮ ਜਾਰੀ ਹੈ, ਜੋ ਕਿ 2 ਅਕਤੂਬਰ, 2017 ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵਿਚਾਰ ਅੱਜ ਹਲਕਾ ਸਾਹਨੇਵਾਲ ਦੇ ਪਿੰਡ ਮੇਹਰਬਾਨ ਵਿਖੇ 21 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।ਰੱਖੜਾ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਦੀ ਮਨਜ਼ੂਰੀ ਲਈ ਹਲਕਾ ਵਿਧਾਇਕ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਪਿੰਡ ਮੇਹਰਬਾਨ, ਜੰਗੀਰਪੁਰ ਅਤੇ ਬਾਜੜਾ ਦੀਆਂ 14 ਪੰਚਾਇਤਾਂ ਨੂੰ ਸੀਵਰੇਜ ਦੀ ਸਹੂਲਤ ਨਾਲ ਜੋੜਿਆ ਜਾਣਾ ਹੈ। ਜਿਸ ਨਾਲ ਖੇਤਰ ਦੇ 50 ਹਜ਼ਾਰ ਲੋਕਾਂ ਨੂੰ ਲਾਭ ਮਿਲੇਗਾ। ਫਿਲਹਾਲ ਇਹ ਆਬਾਦੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਕੋਈ ਵੀ ਕਮੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਸੂਬੇ ਵਿੱਚ ਰਿਕਾਰਡਤੋੜ ਵਿਕਾਸ ਕਾਰਜ ਕਰਵਾਏ ਹਨ। ਜਿਨ੍ਹਾਂ ਵਿੱਚ ਸੜਕਾਂ ਤੇ ਪੁੱਲ੍ਹਾਂ ਦਾ ਨਿਰਮਾਣ, ਰੇਲ ਓਵਰ ਬ੍ਰਿਜ, ਸਿੰੰਚਾਈ ਖੇਤਰ, ਬਿਜਲੀ ਉਤਪਾਦਨ, ਵਿਰਾਸਤੀ ਯਾਦਗਾਰਾਂ ਦੀ ਉਸਾਰੀ ਅਤੇ ਹੋਰ ਪ੍ਰੋਜੈਕਟ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਵਿਸ਼ੇਸ਼ ਯਤਨਾਂ ਸਦਕਾ ਅੱਜ ਸੂਬਾ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਖੇਤਰ ਵਿੱਚ ਦੇਸ਼ ਦਾ ਸਰਬੋਤਮ ਸੂਬਾ ਬਣਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰ ਦੇ ਲੋਕਾਂ ਨੂੰ ਸ਼ਹਿਰਾਂ ਦੀ ਤਰਜ਼ 'ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ 100 ਫੀਸਦੀ ਸ਼ੁੱਧ ਪੀਣ ਵਾਲਾ ਪਾਣੀ, ਸੀਵਰੇਜ ਅਤੇ ਪਖ਼ਾਨੇ ਦੀ ਸਹੂਲਤ ਦਾ ਕੰਮ ਚੱਲ ਰਿਹਾ ਹੈ। ਸਵੱਛ ਭਾਰਤ ਮਿਸ਼ਨ ਤਹਿਤ ਚੱਲ ਰਹੇ ਇਸ ਪ੍ਰੋਜੈਕਟ ਨੂੰ 2 ਅਕਤੂਬਰ, 2017 ਤੱਕ ਮੁਕੰਮਲ ਕਰ ਲਿਆ ਜਾਵੇਗਾ। ਸ੍ਰ. ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਚੇਰੀ ਸਿੱਖਿਆ ਨੂੰ ਉੱਚਾ ਚੁੱਕਣ ਲਈ ਵੀ ਬਹੁਤ ਉਪਰਾਲੇ ਕੀਤੇ ਹਨ, ਜਿਸ ਤਹਿਤ ਸੂਬੇ ਵਿੱਚ 13 ਨਵੀਂਆਂ ਯੂਨੀਵਰਸਿਟੀਆਂ ਸ਼ੁਰੂ ਹੋਣ ਦੇ ਨਾਲ-ਨਾਲ 19 ਨਵੇਂ ਕਾਲਜ ਵੀ ਸ਼ੁਰੂ ਕੀਤੇ ਜਾ ਰਹੇ ਹਨ।
ਇਸ ਮੌਕੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਹਲਕਾ ਸਾਹਨੇਵਾਲ ਦੇ ਤਿੰਨ ਪਿੰਡ ਮੇਹਰਬਾਨ, ਜਗੀਰਪੁਰ ਅਤੇ ਬਾਜੜਾ ਨਗਰ ਨਿਗਮ ਲੁਧਿਆਣਾ ਦੇ ਨਾਲ ਲੱਗਦੇ ਹਨ। ਇਨ੍ਹਾਂ ਪਿੰਡਾਂ ਵਿੱਚ ਕੁੱਲ 14 ਪੰਚਾਇਤਾਂ ਪੈਂਦੀਆਂ ਹਨ, ਜਿੱਥੇ ਕਿ ਸੀਵਰੇਜ਼ ਦੀ ਅਣਹੋਂਦ ਕਾਰਨ ਸਥਾਨਕ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਕੋਲ ਇਹ ਮਾਮਲਾ ਉਠਾਇਆ ਗਿਆ ਸੀ, ਜਿਸ ਉਪਰੰਤ ਇਹ ਪ੍ਰੋਜੈਕਟ ਮਨਜ਼ੂਰ ਹੋਇਆ ਹੈ।ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 21 ਕਰੋੜ ਰੁਪਏ ਦੀ ਲਾਗਤ ਨਾਲ 14 ਪੰਚਾਇਤਾਂ ਨੂੰ ਸੀਵਰੇਜ਼ ਦੀ ਸਹੂਲਤ ਨਾਲ ਜੋੜਿਆ ਜਾਵੇਗਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ 50 ਹਜ਼ਾਰ ਆਬਾਦੀ ਨੂੰ 8500 ਦੇ ਕਰੀਬ ਸੀਵਰੇਜ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਇਸ ਪੂਰੇ ਖੇਤਰ ਨੂੰ ਕਵਰ ਕਰਨ ਲਈ 164 ਕਿਲੋਮੀਟਰ ਲੰਮੀ ਸੀਵਰੇਜ ਲਾਈਨ ਵਿਛਾਈ ਜਾਵੇਗੀ। ਇਹ ਪ੍ਰੋਜੈਕਟ ਅਗਲੇ ਛੇ ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਇਸ ਖੇਤਰ ਵਿੱਚ ਵੱਡੇ ਪੱਧਰ 'ਤੇ ਗੰਦ ਨਿਕਲ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਸ੍ਰੀ ਏ. ਕੇ. ਸਿਨਹਾ, ਵਿਭਾਗ ਦੇ ਚੀਫ਼ ਇੰਜੀਨੀਅਰ ਸ੍ਰ. ਦਲਜੀਤ ਸਿੰਘ ਚੀਮਾ, ਸੀਨੀਅਰ ਯੂਥ ਅਕਾਲੀ ਆਗੂ ਸ੍ਰ. ਸਿਮਰਨਜੀਤ ਸਿੰਘ ਢਿੱਲੋਂ, ਸੀਨੀਅਰ ਅਕਾਲੀ ਆਗੂ ਗੁਰਚਰਨ ਸਿੰਘ ਮੇਹਰਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰ. ਰਣਜੀਤ ਸਿੰਘ ਮੰਗਲੀ, ਸਿੰਚਾਈ ਮੰਤਰੀ ਦੇ ਓ. ਐੱਸ. ਡੀ. ਸ੍ਰ. ਸਹਿਜਪ੍ਰੀਤ ਸਿੰਘ ਮਾਂਗਟ, ਸ੍ਰ. ਮਨਿੰਦਰ ਸਿੰਘ ਨੱਤ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।