ਹਲਕਾ ਸਾਹਨੇਵਾਲ ਦੀਆਂ 14 ਪੰਚਾਇਤਾਂ ਨੂੰ ਸੀਵਰੇਜ਼ ਸਹੂਲਤ ਦੇਣ ਦੇ ਕੰਮ ਦਾ ਨੀਂਹ ਪੱਥਰ 25 ਸਤੰਬਰ ਨੂੰ
ਜਲ ਸਪਲਾਈ ਮੰਤਰੀ ਰੱਖੜਾ ਅਤੇ ਸਿੰਚਾਈ ਮੰਤਰੀ ਢਿੱਲੋਂ ਰੱਖਣਗੇ ਨੀਂਹ ਪੱਥਰ, 21 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਨਾਲ 50 ਹਜ਼ਾਰ ਆਬਾਦੀ ਨੂੰ ਮਿਲੇਗਾ ਲਾਭ
5 Dariya News (ਅਜੇ ਪਾਹਵਾ)
ਲੁਧਿਆਣਾ 24-Sep-2016
ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਹਲਕਾ ਸਾਹਨੇਵਾਲ ਦੇ ਜਾਰੀ ਵਿਕਾਸ ਕਾਰਜਾਂ ਨੂੰ ਅੱਗੇ ਤੋਰਦਿਆਂ ਤਿੰਨ ਪਿੰਡਾਂ ਮੇਹਰਬਾਨ, ਜਗੀਰਪੁਰ ਅਤੇ ਬਾਜੜਾ ਦੀਆਂ 14 ਪੰਚਾਇਤਾਂ ਨੂੰ ਸੀਵਰੇਜ਼ ਸਹੂਲਤ ਨਾਲ ਜੋੜਿਆ ਜਾ ਰਿਹਾ ਹੈ, ਜਿਸਦਾ ਨੀਂਹ ਪੱਥਰ ਰੱਖਣ ਲਈ 25 ਸਤੰਬਰ ਦਿਨ ਐਤਵਾਰ ਨੂੰ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਸੁਰਜੀਤ ਸਿੰਘ ਰੱਖੜਾ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਹਲਕਾ ਸਾਹਨੇਵਾਲ ਦੇ ਤਿੰਨ ਪਿੰਡ ਮੇਹਰਬਾਨ, ਜਗੀਰਪੁਰ ਅਤੇ ਬਾਜੜਾ ਨਗਰ ਨਿਗਮ ਲੁਧਿਆਣਾ ਦੇ ਨਾਲ ਲੱਗਦੇ ਹਨ। ਇਨ੍ਹਾਂ ਪਿੰਡਾਂ ਵਿੱਚ ਕੁੱਲ 14 ਪੰਚਾਇਤਾਂ ਪੈਂਦੀਆਂ ਹਨ, ਜਿੱਥੇ ਕਿ ਸੀਵਰੇਜ਼ ਦੀ ਅਣਹੋਂਦ ਕਾਰਨ ਸਥਾਨਕ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਕੋਲ ਇਹ ਮਾਮਲਾ ਉਠਾਇਆ ਗਿਆ ਸੀ, ਜਿਸ ਉਪਰੰਤ ਇਹ ਪ੍ਰੋਜੈਕਟ ਮਨਜ਼ੂਰ ਹੋਇਆ ਹੈ।ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 21 ਕਰੋੜ ਰੁਪਏ ਦੀ ਲਾਗਤ ਨਾਲ 14 ਪੰਚਾਇਤਾਂ ਨੂੰ ਸੀਵਰੇਜ਼ ਦੀ ਸਹੂਲਤ ਨਾਲ ਜੋੜਿਆ ਜਾਵੇਗਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ 50 ਹਜ਼ਾਰ ਆਬਾਦੀ ਨੂੰ 8500 ਦੇ ਕਰੀਬ ਸੀਵਰੇਜ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਇਸ ਪੂਰੇ ਖੇਤਰ ਨੂੰ ਕਵਰ ਕਰਨ ਲਈ 164 ਕਿਲੋਮੀਟਰ ਲੰਮੀ ਸੀਵਰੇਜ ਲਾਈਨ ਵਿਛਾਈ ਜਾਵੇਗੀ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਇਸ ਖੇਤਰ ਵਿੱਚ ਵੱਡੇ ਪੱਧਰ 'ਤੇ ਗੰਦ ਨਿਕਲ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਇੱਕ ਸੰਖੇਪ ਸਮਾਗਮ ਦੁਪਹਿਰ 12 ਵਜੇ ਪਿੰਡ ਮੇਹਰਬਾਨ ਨਾਲ ਲੱਗਦੇ ਰਾਇਲ ਕੈਸਲ ਰਿਜ਼ੋਰਟ ਵਿਖੇ ਰੱਖਿਆ ਗਿਆ ਹੈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਖੇਤਰ ਦੇ ਲੋਕ ਪਹੁੰਚ ਕੇ ਪੰਜਾਬ ਸਰਕਾਰ ਅਤੇ ਸ੍ਰ. ਸੁਰਜੀਤ ਸਿੰਘ ਰੱਖੜਾ ਦਾ ਧੰਨਵਾਦ ਕਰਨਗੇ।