5 Dariya News

'ਕੈਪਟਨ ਕਾਂਗਰਸ ਦੀ ਡੁਬਦੀ ਬੇੜੀ ਨੂੰ ਸੰਭਾਲੇ, ਅਕਾਲੀ ਭਾਜਪਾ ਦੀ ਚਿੰਤਾ ਛੱਡੇ'

ਜਨਤਾ ਅਕਾਲੀ-ਭਾਜਪਾ ਗੱਠਜੋੜ ਦੀਆਂ ਵਿਕਾਸ ਨੀਤੀਆਂ 'ਤੇ ਲਗਾਏਗੀ ਮੋਹਰ : ਗਰੇਵਾਲ, ਜੋਸ਼ੀ

5 Dariya News

ਚੰਡੀਗੜ੍ਹ 23-Sep-2016

ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਹੈ ਕਿ ਕੈਪਟਨ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਸੰਭਾਲੇ, ਸਾਡੀ ਚਿੰਤਾ ਛੱਡ ਦੇਵੇ। ਭਾਜਪਾ ਵਿਕਾਸ ਦੀ ਰਾਜਨੀਤੀ ਕਰਦੀ ਹੈ ਅਤੇ ਹਮੇਸ਼ਾਂ ਸਿਧਾਤਾਂ 'ਤੇ ਚੱਲਦੀ ਹੈ, ਜਦਕਿ ਕਾਂਗਰਸ ਦੀ ਤਰ੍ਹਾਂ ਖਿਚੋਤਾਨ, ਤੋਹਮਤਬਾਜੀ, ਝੂਠ ਦੀ ਰਾਜਨੀਤੀ ਨਹੀਂ ਕਰਦੀ। ਕੈਪਟਨ ਵਲੋਂ ਕੀਤੀ ਟਿੱਪਣੀ ਕਿ 'ਅਕਾਲੀ-ਭਾਜਪਾ ਦੀ ਬੇੜੀ ਤਾਂ ਡੁੱਬਣ ਵਾਲੀ ਹੈ' ਉਤੇ ਪਲਟਵਾਰ ਕਰਦਿਆਂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਕੈਪਟਨ ਉਹੀ ਆਗੂ ਹਨ, ਜਿਨ੍ਹਾਂ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਬੇੜੀ ਪੰਜਾਬ ਵਿਚ ਦੋ ਵਾਰ ਡੁੱਬ ਚੁੱਕੀ ਹੈ ਅਤੇ ਤੀਜੀ ਵਾਰ ਵੀ ਡੁੱਬਣੀ ਯਕੀਨੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕੀਤੇ ਵਿਕਾਸ ਕਾਰਜਾਂ ਨੂੰ ਪ੍ਰਵਾਨ ਕਰਦਿਆਂ ਲੋਕਾਂ ਨੇ ਲਗਾਤਾਰ ਦੋ ਵਾਰ ਚੁਣਿਆ ਤੇ ਹੁਣ ਕੇਂਦਰ 'ਚ ਨਰੇਂਦਰ ਮੋਦੀ ਦੀ ਅਗਵਾਈ ਵਿਚ ਹੋਏ ਕੰਮਾਂ ਅਤੇ ਪੰਜਾਬ 'ਚ ਵਿਕਾਸ ਦੇ ਨਾਲ ਨਾਲ ਸਾਰੇ ਵਰਗਾਂ ਨੂੰ ਇਕੋਂ ਜਿਹਾ ਸਨਮਾਨ ਮਿਲਣ ਉਤੇ ਸੂਬੇ ਦੇ ਲੋਕ ਤੀਸਰੀ ਵਾਰ ਫਿਰ ਗਠਜੋੜ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।

ਹਰਜੀਤ ਸਿੰਘ ਗਰੇਵਾਲ ਤੇ ਵਿਨੀਤ ਜੋਸ਼ੀ ਨੇ ਕਾਂਗਰਸ ਦੀ ਕਾਰਜਸ਼ੈਲੀ 'ਤੇ ਪ੍ਰਸ਼ਨਚਿੰਨ ਲਗਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਅੰਦਰ ਹੀ ਇਕ ਆਗੂ ਦੇ ਸਮਰਥਕ ਦੂਜੇ ਆਗੂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ, ਅਜਿਹੇ ਮੌਕੇ ਜੋ ਆਪਣਾ ਘਰ ਨਾ ਸੰਭਾਲ ਪਾਏ, ਉਸਨੂੰ ਦੂਜਿਆਂ 'ਤੇ ਟਿੱਪਣੀ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ।ਗਰੇਵਾਲ ਤੇ ਜੋਸ਼ੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਧਾਰਮਿਕ ਯਾਦਗਾਰਾਂ ਬਣਾਈਆਂ, ਤੀਰਥ ਯਾਤਰਾਵਾਂ ਕਰਵਾਈਆਂ, ਗਰੀਬਾਂ ਤੇ ਕਿਸਾਨਾਂ ਲਈ ਕਈ ਅਹਿਮ ਸਕੀਮਾਂ ਚਲਾਈਆਂ ਗਈਆਂ, ਫਲਾਈਓਵਰ ਤੇ ਵੱਡੀਆਂ ਚੌੜੀਆਂ ਸੜਕਾਂ ਦਾ ਨਿਰਮਾਣ ਕੀਤਾ ਗਿਆ, ਖੇਡ ਸਟੇਡੀਅਮ ਉਸਾਰੇ ਗਏ ਅਤੇ ਹਰ ਖੇਤਰਾਂ 'ਚ ਵਿਕਾਸ ਕੀਤਾ ਗਿਆ। ਜਦੋਂਕਿ ਦੇਸ਼ ਦੇ ਨਕਸ਼ੇ ਤੋਂ ਲਗਭਗ ਖਤਮ ਹੋ ਚੁੱਕੀ ਕਾਂਗਰਸ ਕੋਲ ਅਪਣੀ ਪ੍ਰਾਪਤੀ ਤੇ ਵਿਜ਼ਨ ਪੇਸ਼ ਕਰਨ ਲਈ ਕੁਝ ਵੀ ਨਹੀਂ ਹੈ।