5 Dariya News

ਅਰਜਨਟੀਨਾ ਅਤੇ ਉਰੂਗੂਏ ਦੇ ਕਿਸਾਨਾਂ ਵਲੋਂ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ

ਝੋਨੇ ਦੀ ਖਰੀਦ ਲਈ ਪ੍ਰਬੰਧ ਮੁਕੰਮਲ, ਪਹਿਲੀ ਅਕਤੂਬਰ ਤੋਂ ਹੋਵੇਗੀ ਸਰਕਾਰੀ ਖਰੀਦ ਸ਼ੁਰੂ: ਜਥੇਦਾਰ ਤੋਤਾ ਸਿੰਘ

5 Dariya News

ਚੰਡੀਗੜ੍ਹ 21-Sep-2016

ਅੱਜ ਇੱਥੇ ਕਿਸਾਨ ਭਵਨ ਵਿਖੇ ਅਰਜਨਟੀਨਾ ਅਤੇ ਉਰੂਗੂਏ ਦੇ ਅਗਾਂਹ ਵਧੂ ਕਿਸਾਨਾਂ ਦੇ ਇਕ ਵਫਦ ਨੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਮੌਜੂਦੀ ਵਿਚ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਵਫਦ ਨਾਲ ਹੋਏ ਵਿਚਾਰ ਵਟਾਂਦਰੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਜਨਟੀਨਾ ਅਤੇ ਉਰੂਗੂਏ ਦੇ ਕਿਸਾਨ ਪੰਜਾਬ ਦੀਆਂ ਖੇਤੀ ਤਕਨੀਕਾਂ ਅਤੇ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੀ ਭੂਗੋਲਿਕ ਸਥਿਤੀ ਵੀ ਭਾਰਤ ਨਾਲ ਕਾਫੀ ਮਿਲਦੀ ਜੁਲਦੀ ਹੈ। ਵਿਦੇਸ਼ੀ ਕਿਸਾਨ ਵਫਦ ਨੇ ਜੱਥੇਦਾਰ ਤੋਤਾ ਸਿੰਘ ਨੂੰ ਦੱਸਿਆ ਕਿ ਭਾਰਤ ਦੀ ਤਰ੍ਹਾਂ ਹੀ ਉਨ੍ਹਾਂ ਦੇ ਦੇਸ਼ਾਂ ਵਿਚ ਵੀ ਵੱਖ-ਵੱਖ ਤਰ੍ਹਾਂ ਦੀ ਮਿੱਟੀ ਅਤੇ ਵਾਤਾਵਰਨ ਹੈ ਜਿਸ ਕਾਰਨ ਕਈ ਫਸਲਾਂ ਦੀ ਬਿਜਾਈ ਕੀਤੀ ਜਾਂਦੀ ਹੈ।ਪੰਜਾਬ ਵਿਚ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਖੇਤੀਬਾੜੀ ਮੰਤਰੀ ਨੇ ਵਿਦੇਸ਼ੀ ਵਫਦ ਨੂੰ ਦੱਸਿਆ ਕਿ ਪੰਜਾਬ ਵਿਚ ਕਿਸਾਨਾਂ ਨੂੰ ਹਰ ਸਾਲ 6000 ਕਰੋੜ ਰੁਪਏ ਤੋਂ ਜ਼ਿਆਦਾ ਦੀ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਜਿਸ ਬਾਰੇ ਜਾਣ ਕੇ ਵਿਦੇਸ਼ੀ ਵਫਦ ਨੇ ਪੰਜਾਬ ਸਰਕਾਰ ਵਲੋਂ ਖੇਤੀਬਾੜੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਵੀਂ ਸ਼ਲਾਘਾ ਕੀਤੀ।ਇਸ ਤੋਂ ਇਲਾਵਾ ਜੱਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਪੰਜਾਬ ਦੇਸ਼ ਦੇ ਕੁੱਲ ਖੇਤਰਫਲ ਦਾ ਕੇਵਲ ਡੇਢ ਫੀਸਦੀ ਹਿੱਸਾ ਹੀ ਹੈ ਜਦਕਿ ਪੂਰੇ ਦੇਸ਼ ਦੇ ਅੰਨ ਭੰਡਾਰ ਵਿਚ ਕੁੱਲ 40 ਫੀਸਦੀ ਤੋਂ ਵੱਧ ਯੋਗਦਾਨ ਪੰਜਾਬ ਦੇ ਕਿਸਾਨਾਂ ਵੱਲੋਂ ਪਾਇਆ ਜਾਂਦਾ ਹੈ।

ਜਥੇਦਾਰ ਤੋਤਾ ਸਿੰਘ ਨੇ ਅੱਗੇ ਦੱਸਿਆ ਕਿ ਦੇਸ਼ ਵਿਚ ਬਹੁਤੀਆਂ ਫਸਲਾਂ ਦੀ ਖਰੀਦ ਲਈ ਸਰਕਾਰ ਵਲੋਂ ਘੱਟੋ-ਘੱਟ ਸਮੱਰਥਨ ਮੁੱਲ ਨਿਰਧਾਰਤ ਕੀਤਾ ਜਾਂਦਾ ਹੈ ਜਦਕਿ ਜ਼ਿਆਦਾਤਰ ਵਿਦੇਸ਼ਾਂ ਵਿਚ ਅਜਿਹੀ ਕੋਈ ਵਿਵਸਥਾ ਵੇਖਣ ਨੂੰ ਨਹੀਂ ਮਿਲਦੀ, ਜਿਸ ਕਾਰਨ ਉੱਥੋਂ ਦੇ ਕਿਸਾਨਾਂ ਨੂੰ ਆਪਣੀ ਉਪਜ ਖੁੱਲ੍ਹੀ ਮੰਡੀ ਵਿਚ ਘੱਟ-ਵੱਧ ਭਾਅ 'ਤੇ ਵੇਚਣੀ ਪੈਂਦੀ ਹੈ।ਉਨ੍ਹਾਂ ਵਿਦੇਸ਼ੀ ਵਫਦ ਨੂੰ ਦੱਸਿਆਂ ਕਿ ਪੰਜਾਬ ਵਿਚ ਅਨਾਜ ਖਰੀਦ ਪ੍ਰਬੰਧ ਅਜਿਹੇ ਸਥਾਪਤ ਕੀਤੇ ਗਏ ਹਨ ਕਿ ਕਿਸੇ ਵੀ ਕਿਸਾਨ ਨੂੰ ਆਪਣੀ ਫਸਲ ਵੇਚਣ ਲਈ ਪੰਜ ਕਿਲੋਮੀਟਰ ਦੇ ਦਾਇਰੇ ਤੋਂ ਵੱਧ ਦੀ ਦੂਰੀ ਤੈਅ ਨਹੀਂ ਕਰਨੀ ਪੈਂਦੀ। ਬਾਅਦ ਵਿਚ ਵੱਖਰੇ ਰੂਪ ਵਿਚ ਜਥੇਦਾਰ ਤੋਤਾ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ ਜਿਸ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਉਨ੍ਹਾਂ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚ ਸੁੱਕੀ ਫਸਲ ਲੈ ਕੇ ਆਉਣ ਅਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਖੇਤੀ ਮੰਤਰੀ ਨੇ ਨਾਲ ਹੀ ਦੱਸਿਆ ਕਿ ਇਸ ਸਾਲ 10.7 ਮਿਲੀਅਨ ਟਨ ਕਣਕ ਦੀ ਖਰੀਦ ਸਰਕਾਰ ਨੇ ਸਿਰਫ ਪੰਦਰਾਂ ਦਿਨਾਂ ਵਿਚ ਪੂਰੀ ਕਰ ਲਈ ਸੀ ਅਤੇ ਝੋਨੇ ਦੀ ਖਰੀਦ ਵੀ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹ ਲਈ ਜਾਵੇਗੀ।ਵਿਦੇਸ਼ੋਂ ਆਏ ਕਿਸਾਨਾਂ ਦੇ ਵਫਦ ਨੂੰ ਖੇਤੀਬਾੜੀ ਮੰਤਰੀ ਨੇ ਇੱਕ ਯਾਦਗਾਰੀ ਫੋਟੋ ਭੇਟ ਕਰਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਸ੍ਰੀ ਐਨ.ਐਸ ਕਲਸੀ, ਡਾਇਰੈਕਟਰ ਖੇਤੀਬਾੜੀ ਜਸਬੀਰ ਸਿੰਘ ਬੈਂਸ ਅਤੇ ਡਾਇਰੈਕਟਰ ਬਾਗਬਾਨੀ ਡਾ. ਗੁਰਕੰਵਲ ਸਿੰਘ ਵੀ ਹਾਜ਼ਰ ਸਨ।