ਕੇਜਰੀਵਾਲ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ-ਸੇਵਾ ਸਿੰਘ ਸੇਖਵਾਂ
ਸਰ ਛੋਟੂ ਰਾਮ, ਚੌਧਰੀ ਦੇਵੀ ਲਾਲ ਤੇ ਪਰਕਾਸ਼ ਸਿੰਘ ਬਾਦਲ ਹੀ ਕਿਸਾਨਾਂ ਦੇ ਅਸਲ ਆਗੂ- ਸ਼ਰਨਜੀਤ ਸਿੰਘ ਢਿੱਲੋਂ
5 Dariya News (ਅਜੇ ਪਾਹਵਾ)
ਲੁਧਿਆਣਾ 19-Sep-2016
ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਇੰਡਸਟਰੀਅਲ ਟਰੇਨਿੰਗ ਬੋਰਡ ਦੇ ਚੇਅਰਮੈਨ ਤੇ ਸ਼ੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸੇਵਾ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਕਿਸਾਨਾਂ ਨੂੰ ਸਹੂਲਤਾਂ ਦੇਣ ਦੇ ਸਬੰਧੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਜਦਕਿ ਸੱਚਾਈ ਇਹ ਹੈ ਕਿ ਜਿਹੜੇ ਵਾਅਦੇ ਉਨ੍ਹਾਂ ਵਲੋਂ ਆਪਣੇ ਮੈਨੀਫੈਸਟੋ ਵਿਚ ਕੀਤੇ ਹਨ ਉਹ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਲਾਗੂ ਕੀਤੇ ਗਏ ਹਨ, ਜਿਸ ਵਿਚ ਵਿਆਜ ਰਹਿਤ ਕਰਜ਼ ਤੇ ਮੁਫਤ ਸਿਹਤ ਸੇਵਾਵਾਂ ਵੀ ਸ਼ਾਮਿਲ ਹਨ। ਅੱਜ ਇੱਥੇ ਪਾਰਟੀ ਦੇ ਕਿਸਾਨ ਵਿੰਗ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਮੌਕੇ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਭਾਈ ਘਨੱਈਆ ਸਿਹਤ ਯੋਜਨਾ ਤੇ ਵਿਆਜ ਰਹਿਤ ਕਰਜ਼ ਯੋਜਨਾ ਦਾ ਲਾਭ ਲੈਣ ਜਿਸ ਤਹਿਤ ਜਿੱਥੇ ਮੁਫਤ ਇਲਾਜ ਦੀ ਸਹੂਲਤ ਮਿਲ ਰਹੀ ਹੈ ਉੱਥੇ ਹੀ 50 ਹਜ਼ਾਰ ਤੱਕ ਵਿਆਜ ਰਹਿਤ ਕਰਜ਼ਾ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਦੇ ਹਿੱਤੂ ਹੋਣ ਦਾ ਡਰਾਮਾ ਰਚ ਰਹੇ ਹਨ ਜਦਕਿ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ 'ਤੇ ਪੰਜਾਬ ਦਾ ਪਾਣੀ ਖੋਹਣ ਵਿਚ ਦਿੱਲੀ ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਪੰਜਾਬ ਦੇ ਵਿਰੁੱਧ ਅਦਾਲਤ ਵਿਚ ਹਲਫਨਾਮਾ ਦਿੱਤਾ ਗਿਆ ਸੀ , ਜਿਸ ਤੋਂ ਸਾਬਿਤ ਹੋ ਗਿਆ ਸੀ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਕਿਸਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਸ. ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਨੇ ਹੀ ਕਿਸਾਨਾਂ ਦੇ ਹੱਕ ਦੀ ਗੱਲ ਹਮੇਸ਼ਾ ਕੀਤੀ ਹੈ ਉਹਨਾਂ ਦੱਸਿਆ ਕਿ ਅੱਜ 19 ਸਾਲ ਹੋ ਗਏ ਨੇ ਕਿਸਾਨਾਂ ਦੇ ਬਿਜਲੀ ਬਿੱਲ ਮੁਆਫ਼ ਕੀਤਿਆਂ ਜਿਸ ਤਹਿਤ ਸਾਲਾਨਾ 6000 ਕਰੋੜ ਰੁਪੈ ਦੀ ਮੁਫਤ ਬਿਜਲੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤੀਜੀ ਵਾਰ ਅਕਾਲੀ ਭਾਜਪਾ ਗਠਜੋੜ ਸਰਕਾਰ ਬਣਾਉਣ ਵਿੱਚ ਕਿਸਾਨ ਵਿੰਗ ਅਹਿਮ ਯੋਗਦਾਨ ਪਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਰ ਛੋਟੂ ਰਾਮ, ਚੌਧਰੀ ਦੇਵੀ ਲਾਲ ਤੋਂ ਬਾਅਦ ਦੇਸ਼ ਵਿਚ ਕੇਵਲ ਸ. ਪਰਕਾਸ਼ ਸਿੰਘ ਬਾਦਲ ਹੀ ਲੋਕ ਨੇਤਾ ਹਨ , ਜਿਨਾਂ ਨੇ ਦੇਸ਼ ਦੇ ਹਰ ਵਰਗ ਤੇ ਵਿਸ਼ੇਸ਼ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਅਨੇਕਾਂ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਮੁਫਤ ਬਿਜਲੀ ਦੇਣ ਦੀ ਸ਼ੁਰੂਆਤ ਸ. ਬਾਦਲ ਵਲੋਂ ਹੀ ਕੀਤੀ ਗਈ ਸੀ ਤੇ ਹੁਣ ਵਿਆਜ ਰਹਿਤ ਕਰਜ਼ਾ ਦੇਣਾ ਹੀ ਉਨ੍ਹਾਂ ਵਲੋਂ ਹੀ ਸ਼ੁਰੂ ਕੀਤਾ ਗਿਆ ਹੈ। ਕਿਸਾਨ ਵਿੰਗ ਜ਼ਿਲ੍ਹਾ ਲੁਧਿਆਣਾ ਦੇ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਐਸ.ਐਸ.ਬੋਰਡ ਦੇ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਹਰਪਾਲ ਸਿੰਘ ਜੱਲ੍ਹਾ, ਚਰਨ ਸਿੰਘ ਆਲਮਗੀਰ, ਯੂਥ ਅਕਾਲੀ ਦਲ ਦੇ ਆਗੂ ਹਰਪ੍ਰੀਤ ਸਿੰਘ ਸ਼ਿਵਾਲਿਕ, ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਸੁਖਵੰਤ ਸਿੰਘ ਟਿੱਲੂ ਤੇ ਜਸਬੀਰ ਸਿੰਘ ਖਾਨਪੁਰ, ਬੀਬੀ ਸੁਰਿੰਦਰ ਕੌਰ ਦਿਆਲ, ਬਾਬਾ ਜਗਰੂਪ ਸਿੰਘ ਤੇ ਹਰਸੁਰਿੰਦਰ ਸਿੰਘ ਗਿੱਲ ਹਾਜ਼ਰ ਸਨ।