5 Dariya News

ਗੁਰਦੁਆਰਿਆਂ ਤੇ ਮੰਦਿਰਾਂ 'ਚ ਨਰੇਂਦਰ ਮੋਦੀ ਦੀ ਲੰਮੀਂ ਉਮਰ ਲਈ ਕੀਤੀ ਅਰਦਾਸ

ਭਾਜਪਾ ਨੇ ਗਰੀਬਾਂ ਦੀ ਸੇਵਾ ਕਰਕੇ ਮਨਾਇਆ 'ਸੇਵਾ ਦਿਵਸ'

5 Dariya News

ਚੰਡੀਗੜ੍ਹ 17-Sep-2016

ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 66ਵੇਂ ਜਨਮ ਦਿਨ ਮੌਕੇ ਅੱਜ ਸੂਬੇ ਦੇ ਤਕਰੀਬਨ ਇਕ ਸੌ ਤੋਂ ਵੱਧ ਧਾਰਮਿਕ ਅਸਥਾਨਾਂ ਵਿਚ ਉਨ੍ਹਾਂ ਦੀ ਲੰਮੀਂ ਉਮਰ ਦੀ ਅਰਦਾਸ ਕੀਤੀ ਗਈ ਅਤੇ ਗਰੀਬ ਤੇ ਲੋੜਵੰਦ ਲੋਕਾਂ ਦੀ ਸੇਵਾ ਕਰਕੇ ਇਸ ਦਿਨ ਨੂੰ 'ਸੇਵਾ ਦਿਵਸ' ਦੇ ਰੂਪ ਵਿਚ ਮਨਾਇਆ ਗਿਆ। ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਦੇ ਸੱਦੇ 'ਤੇ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਇਸ ਮੌਕੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਕੰਮ ਕੀਤੇ ਗਏ। ਸੂਬਾ ਸਕੱਤਰ ਵਿਨੀਤ ਜੋਸ਼ੀ ਅਨੁਸਾਰ ਅੰਮ੍ਰਿਤਸਰ 'ਚ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਰਲੀਮੈਂਟ ਮੈਂਬਰ ਸ਼ਵੇਤ ਮਲਿਕ, ਕੈਬਨਿਟ ਮੰਤਰੀ ਅਨਿਲ ਜੋਸ਼ੀ, ਜਿਲ੍ਹਾ ਪ੍ਰਧਾਨ ਰਾਜੇਸ਼ ਹਨੀ, ਮੇਅਰ ਬਖ਼ਸ਼ੀ ਰਾਮ ਅਰੋੜਾ, ਸੁਰੇਸ਼ ਮਹਾਜਨ, ਕੇਵਲ ਕੁਮਾਰ ਤੇ ਰੀਨਾ ਜੇਤਲੀ ਦੀ ਅਗਵਾਈ ਵਿਚ ਸ੍ਰੀ ਮੋਦੀ ਦੀ ਲੰਮੀਂ ਉਮਰ ਲਈ ਅਰਦਾਸ ਕੀਤੀ ਗਈ ਅਤੇ ਕੁਸ਼ਟ ਆਸ਼ਰਮ ਵਿਖੇ ਖਾਣਾ ਤੇ ਕੱਪੜੇ ਵੰਡੇ ਗਏ। ਸ੍ਰੀ ਆਨੰਦਪੁਰ ਸਾਹਿਬ ਵਿਖੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਜਿਲ੍ਹਾ ਇੰਚਾਰਜ ਜੀਵਨ ਦੱਤਾ ਤੇ ਭਾਜਪਾ ਵਰਕਰਾਂ ਨੇ ਸਵੱਛਤਾ ਮੁਹਿੰਮ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਗਰੀਬ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਭੇਂਟ ਕੀਤੀਆਂ ਗਈਆਂ।ਪਟਿਆਲਾ 'ਚ ਗੁਰਦੁਆਰਾ ਸ੍ਰੀ ਦੁਖਨਿਵਾਰਣ ਸਾਹਿਬ ਵਿਚ ਅਰਦਾਸ ਕਰਨ ਅਤੇ ਮਾਤਾ ਕਾਲੀ ਮੰਦਿਰ ਵਿਚ ਪੂਜਾ ਅਰਚਨਾ ਉਪਰੰਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਸਰਕਾਰੀ ਸਕੂਲਾਂ 'ਚ ਕਿਤਾਬਾਂ ਕਾਪੀਆਂ ਵੰਡੀਆਂ ਗਈਆਂ। ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਜਿਲ੍ਹਾ ਪ੍ਰਧਾਨ ਪਰਦੀਪ ਗਰਗ ਤੇ ਜਿਲ੍ਹਾ ਇੰਚਾਰਜ ਜਗਦੀਪ ਸੋਢੀ ਦੀ ਅਗਵਾਈ ਵਿਚ ਵਰਕਰਾਂ ਵਲੋਂ ਅਰਦਾਸ ਕੀਤੀ ਗਈ ਅਤੇ ਮੰਡੀ ਗੋਬਿੰਦਗੜ੍ਹ, ਸਰਹਿੰਦ ਤੇ ਅਮਲੋਹ 'ਚ ਸਲੱਮ ਖੇਤਰ ਵਿਚ ਬੱਚਿਆਂ ਨੂੰ ਫਲ ਵੰਡੇ ਗਏ।

ਗੁਰੂ ਰਵਿਦਾਸ ਜੀ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਖ਼ੁਰਾਲਗੜ੍ਹ ਵਿਖੇ ਵੀ ਗੁਰਬਾਣੀ ਕੀਰਤਨ ਉਪਰੰਤ ਨਰੇਂਦਰ ਮੋਦੀ ਦੇ ਜਨਮ ਦਿਨ ਮੌਕੇ ਲੰਮੀਂ ਉਮਰ ਲਈ ਅਰਦਾਸ ਕੀਤੀ ਗਈ, ਜਿਸ ਵਿਚ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਡਾ. ਕੇਵਲ ਸਿੰਘ, ਕੈਸ਼ੀਅਰ ਰਣਜੀਤ ਸਿੰਘ ਸੂਦ ਸਮੇਤ ਸਮੂਹ ਕਮੇਟੀ, ਜਿਲ੍ਹਾ ਇੰਚਾਰਜ ਜਵਾਹਰ ਖੁਰਾਣਾ, ਮੰਡਲ ਪ੍ਰਧਾਨ ਪ੍ਰਦੀਪ ਰੰਗੀਲਾ, ਉਂਕਾਰ ਸਿੰਘ ਚਾਹਲਪੁਰੀ, ਲਵਲੀ ਖੰਨਾ, ਸਰਪੰਚ ਵਿਨੋਦ ਕੁਮਾਰ ਸਮੇਤ ਲੋਕਾਂ ਨੇ ਸ਼ਮੂਲੀਅਤ ਕੀਤੀ।ਗੁਰਦੁਆਰਾ ਸਾਹਿਬ ਸ੍ਰੀ ਮੁਕਤਸਰ 'ਚ ਵੀ ਅਰਦਾਸ ਕੀਤੀ ਗਈ ਅਤੇ ਇਸ ਉਪਰੰਤ ਗਰੀਬ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਤੇ ਫ਼ਲ ਵੰਡੇ ਗਏ।  ਫਰੀਦਕੋਟ ਦੇ ਪੰਜਚਗਰਾਈਂ ਮੰਡਲ ਵਿਖੇ ਗੁਰਦੁਆਰਾ ਸਾਹਿਬ ਵਿਚ ਅਰਦਾਸ ਕੀਤੀ ਗਈ, ਜਦਕਿ ਕੋਟਕਪੂਰਾ ਵਿਚ ਦੁਰਗਾ ਸ਼ਕਤੀ ਮੰਦਿਰ 'ਚ ਫ਼ਲ ਵੰਡੇ ਗਏ। ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ, ਸਕੱਤਰ ਵਿਜੇ ਪੁਰੀ, ਸਾਬਕਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਦੀ ਅਗਵਾਈ ਵਿਚ ਵਰਕਰਾਂ ਨੇ ਅਰਦਾਸ ਵਿਚ ਸ਼ਮੂਲੀਅਤ ਕੀਤੀ।

ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਰਦਾਸ ਕਰਨ ਉਪਰੰਤ ਬਠਿੰਡਾ ਜਿਲ੍ਹੇ 'ਚ ਪ੍ਰੋਗਰਾਮ ਸ਼ੁਰੂ ਕੀਤੇ ਗਏ, ਜਿਸ ਦੌਰਾਨ ਰਾਮਪੁਰਾ ਫੂਲ, ਮੌੜ ਮੰਡੀ, ਤਲਵੰਡੀ ਸਾਬੋ 'ਚ ਜਿਲ੍ਹਾ ਇੰਚਾਰਜ ਸੁਖਵੰਤ ਪੂਨੀਆ ਤੇ ਵਰਕਰਾਂ ਨੇ ਬੱਚਿਆਂ ਨੂੰ ਫਲ ਵੰਡੇ ਗਏ। ਬਠਿੰਡਾ ਸ਼ਹਿਰ ਵਿਚ ਜਿਲ੍ਹਾ ਪ੍ਰਧਾਨ ਮੋਹਿਤ ਗੁਪਤਾ ਦੀ ਅਗਵਾਈ ਵਿਚ ਬਿਰਧ ਆਸ਼ਰਮ 'ਚ ਫਲ ਭੇਂ ਕੀਤੇ ਗਏ ਅਤੇ ਸਕੂਲੀ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਵੰਡੀਆਂ ਗਈਆਂ। ਤਰਨਤਾਰਨ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਅਰਦਾਸ ਕੀਤੀ ਗਈ।ਮੁਕੇਰੀਆਂ ਦੇ ਦਸੂਹਾ 'ਚ ਪ੍ਰਾਚੀਨ ਪਾਂਡਵ ਸਰੋਵਰ ਮੰਦਰ ਵਿਚ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਲੰਮੀਂ ਉਮਰ ਲਈ ਅਰਦਾਸ ਕੀਤੀ ਗਈ, ਜਿਥੇ ਵਿਧਾਇਕਾ ਸੁਰਜੀਤ ਕੌਰ ਸ਼ਾਹੀ, ਜਿਲ੍ਹਾ ਇੰਚਾਰਜ ਅਰੁਣ ਸ਼ਰਮਾ ਤੇ ਸੰਜੀਵ ਮਿਨਹਾਸ ਮੌਜੂਦ ਸਨ। ਅਬੋਹਰ ਵਿਚ ਜਿਲ੍ਹਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ ਦੀ ਅਗਵਾਈ 'ਚ ਬੱਚਿਆਂ ਨੂੰ ਸਵੱਛਤਾ ਅਭਿਆਨ ਸਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। 

ਸੁਲਤਾਨਪੁਰ ਲੋਧੀ, ਬਾਬਾ ਬਕਾਲਾ, ਦੇਵੀ ਤਾਲਾਬ ਮੰਦਿਰ ਜਲੰਧਰ, ਚੱਕ ਹਕੀਮ (ਫਗਵਾੜਾ) ਵਿਖੇ ਵੀ ਅਰਦਾਸ ਸਮਾਰੋਹ ਕੀਤੇ ਗਏ ਹਨ। ਗੁਰਦਾਸਪੁਰ ਦੇ ਦੀਨਾਨਗਰ ਵਿਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਅਸ਼ੋਕ ਵੈਦ, ਮੰਡਲ ਪ੍ਰਧਾਨ ਸੰਦੀਪ ਠਾਕੁਰ, ਸਕੱਤਰ ਰਾਜੇਸ਼, ਇੰਚਾਰਜ ਪ੍ਰਵੀਨ ਕੁਮਾਰੀ, ਯੁਵਾ ਮੋਰਚਾ ਪ੍ਰਧਾਨ ਪ੍ਰਵੀਨ ਠਾਕੁਰ ਤੇ ਹੋਰ ਵਰਕਰਾਂ ਨੇ ਸਕੂਲੀ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਭੇਟ ਕੀਤੀਆਂ।ਲੁਧਿਆਣਾ ਜਿਲ੍ਹੇ ਦੇ ਜੋਧਾਂ 'ਚ ਬਿਰਧ ਆਸ਼ਰਮ, ਰਾਏਕੋਟ ਦੀ ਜੈਨ ਧਰਮਸ਼ਾਲਾ ਵਿਖੇ, ਜਗਰਾਓ ਦੇ ਸਿਵਲ ਹਸਪਤਾਲ ਵਿਚ ਮਰੀਜਾਂ ਤੇ ਹੋਰਨਾਂ ਨੂੰ ਫਲ ਵੰਡੇ ਗਏ ਅਤੇ ਹਠੂਰ ਦੇ ਪ੍ਰਾਇਮਰੀ ਸਕੂਲ ਵਿਚ ਬੱਚਿਆਂ ਨੂੰ ਪੁਸਤਕਾਂ ਵੰਡੀਆਂ ਗਈਆਂ। ਸੰਗਰੂਰ ਦੇ ਜਿਲ੍ਹਾ ਇੰਚਾਰਜ ਸੁਖਵੰਤ ਸਿੰਘ ਧਨੌਲਾ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਵਲੋਂ ਚੀਮਾ, ਸੁਨਾਮ ਤੇ ਖਨੌਰੀ ਵਿਚ ਪ੍ਰੋਗਰਾਮ ਕਰਵਾਏ ਗਏ ਅਤੇ ਮੂਨਕ, ਦਿੜਬਾ, ਲਹਿਰਾਗਾਗਾ ਆਦਿ ਦੇ ਸਕੂਲਾਂ ਵਿਚ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ।