5 Dariya News

ਆਪ ਆਗੂਆਂ 'ਤੇ ਲੱਗੇ ਦੋਸ਼ਾਂ ਸਬੰਧੀ ਕਾਰਵਾਈ ਦੀ ਮੰਗ

ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਨੇ ਡੀਜੀਪੀ ਨੂੰ ਲਿਖਿਆ ਪੱਤਰ

5 Dariya News

ਚੰਡੀਗੜ੍ਹ 06-Sep-2016

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਪੰਜਾਬ ਦੀਆਂ ਔਰਤਾਂ ਦੇ ਸ਼ੋਸ਼ਣ ਦੀਆਂ ਮੀਡੀਆਂ 'ਤੇ ਚੱਲ ਰਹੀਆਂ ਖ਼ਬਰਾਂ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿੱਠੀ ਵਿਚ ਕਿਹਾ ਹੈ ਕਿ ਮਹਿਲਾ ਕਮਿਸ਼ਨ ਦੇ ਨੋਟਿਸ 'ਚ ਆਇਆ ਹੈ ਕਿ  ਪੰਜਾਬ ਰਾਜ ਤੇ ਨੈਸ਼ਨਲ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਇਕ ਸਨਸਨੀਖੇਜ਼ ਖ਼ਬਰ ਚੱਲ ਰਹੀ ਹੈ ਜਿਸ ਅਨੁਸਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਉਤੇ ਦਿੱਲੀ ਤੋਂ ਚੁਣੇ ਗਏ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਸ੍ਰੀ ਦਵਿੰਦਰ ਸਹਿਰਾਵਤ ਨੇ ਗੰਭੀਰ ਦੋਸ਼ ਲਾਏ ਹਨ ਕਿ ਇਹ ਦੋਵੇਂ ਆਗੂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਟਿਕਟ ਦਾ ਝਾਂਸਾ ਦੇ ਕੇ ਪੰਜਾਬੀ ਔਰਤਾਂ ਦਾ ਜਿਨਸੀ ਸ਼ੋਸ਼ਣ ਕਰ ਰਹੇ ਹਨ। ਬੀਬੀ ਲਾਂਡਰਾਂ ਨੇ ਕਿਹਾ ਹੈ ਕਿ ਇਸ ਸੂਬੇ ਵਿਚ ਔਰਤਾਂ ਦਾ ਰੁਤਬਾ ਬਹੁਤ ਮਾਣ ਅਤੇ ਸਤਿਕਾਰ ਵਾਲਾ ਹੈ।  ਅਜਿਹੀਆਂ ਘਟਨਾਵਾਂ ਨਾਲ ਔਰਤਾਂ ਦੇ ਮਾਣ ਅਤੇ ਸੂਬੇ ਦੇ ਮਾਣ ਮੱਤੇ ਵਿਰਸੇ 'ਤੇ  ਸੱਟ ਲੱਗਦੀ ਹੈ। ਉਨ੍ਹਾਂ ਡੀਜੀਪੀ ਨੂੰ ਕਿਹਾ ਹੈ ਕਿ ਦੋਸ਼ਾਂ ਦੀ ਗੰਭੀਰਤਾ ਨੂੰ ਵੇਖਦਿਆਂ, ਪੜਤਾਲ ਕਰਨ ਮਗਰੋਂ ਤੁਰੰਤ ਬਣਦੀ ਕਾਰਵਾਈ ਕਰ ਕੇ ਕਮਿਸ਼ਨ ਨੂੰ ਰਿਪੋਰਟ ਕੀਤੀ ਜਾਵੇ।