5 Dariya News

ਹਰੇਕ ਬੱਚੇ ਨੂੰ ਸਿੱਖਿਅਤ ਕਰਨ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ-ਅਚਾਰੀਆ ਦੇਵਵ੍ਰਤ

ਨਿਸ਼ਕਾਮ ਵਿਦਿਆ ਮੰਦਿਰ ਵਿਖੇ ਸ੍ਰੀ ਰਤਨ ਚੰਦ ਓਸਵਾਲ ਯਾਦਗਾਰੀ ਕੰਪਿਊਟਰ ਸੈਂਟਰ ਦਾ ਉਦਘਾਟਨ

5 Dariya News (ਅਜੇ ਪਾਹਵਾ)

ਲੁਧਿਆਣਾ 03-Sep-2016

ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਚਾਰੀਆ ਦੇਵਵ੍ਰਤ ਨੇ ਅੱਜ ਸਥਾਨਕ ਈ. ਡਬਲਿਊ. ਐੱਸ. ਕਲੋਨੀ ਵਿਖੇ ਚੱਲ ਰਹੇ ਨਿਸ਼ਕਾਮ ਵਿਦਿਆ ਮੰਦਿਰ ਵਿੱਚ ਕੰਪਿਊਟਰ ਸੈਂਟਰ ਦਾ ਉਦਘਾਟਨ ਕੀਤਾ। ਇਹ ਸੈਂਟਰ ਸ੍ਰੀ ਰਤਨ ਚੰਦ ਓਸਵਾਲ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਵਰਧਮਾਨ ਗਰੁੱਪ ਆਫ਼ ਕੰਪਨੀਜ਼ ਦੇ ਚੇਅਰਮੈਨ ਸ੍ਰੀ ਐੱਸ. ਪੀ. ਓਸਵਾਲ, ਕਈ ਪ੍ਰਮੁੱਖ ਸਖ਼ਸ਼ੀਅਤਾਂ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਹਾਜ਼ਰ ਸਨ। ਇਸ ਸਕੂਲ ਵਿੱਚ 1400 ਤੋਂ ਵਧੇਰੇ ਗਰੀਬ ਬੱਚਿਆਂ ਨੂੰ ਮੁਫ਼ਤ ਪੜਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਇਹ ਕੰਪਿਊਟਰ ਸੈਂਟਰ ਵਰਧਮਾਨ ਗਰੁੱਪ ਵੱਲੋਂ ਆਪਣੀ ਵਪਾਰਕ ਸਮਾਜਿਕ ਜਿੰਮੇਵਾਰੀ (ਸੀ. ਐੱਸ. ਆਰ.) ਗਤੀਵਿਧੀ ਅਧੀਨ ਸ਼ੁਰੂ ਕੀਤਾ ਗਿਆ ਹੈ। ਜਿੱਥੇ ਕਿ ਗਰੀਬ ਘਰਾਂ ਦੇ ਬੱਚੇ ਕੰਪਿਊਟਰ ਸਿੱਖਿਆ ਲੈਣ ਦੇ ਨਾਲ-ਨਾਲ ਹੋਰ ਕਈ ਕੋਰਸ ਵੀ ਕਰ ਸਕਣਗੇ। ਕੰਪਨੀ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਇੱਕ ਆਵਾਜ਼ਮੁਕਤ ਜੈੱਨਰੇਟਰ ਸੈੱਟ, ਵਾਟਰ ਕੂਲਰ, ਪੱਖੇ ਦੇਣ ਦੇ ਨਾਲ-ਨਾਲ ਸਕੂਲ ਦੀ ਸਾਰੀ ਇਮਾਰਤ ਨੂੰ ਰੰਗ ਰੋਗਨ ਵੀ ਕਰਵਾਇਆ ਗਿਆ ਹੈ। 

ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਅਚਾਰੀਆ ਦੇਵਵ੍ਰਤ, ਜੋ ਕਿ ਖੁਦ ਅਧਿਆਪਕ ਖੇਤਰ ਨਾਲ ਜੁੜੇ ਰਹੇ ਹਨ, ਨੇ ਕਿਹਾ ਕਿ ਕਈ ਗੈਰ ਸਰਕਾਰੀ ਸੰਗਠਨ ਅਤੇ ਕੰਪਨੀਆਂ ਆਪਣੀਆਂ ਵਪਾਰਕ ਸਮਾਜਿਕ ਜਿੰਮੇਵਾਰੀਆਂ ਤਹਿਤ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਹਨ, ਜੋ ਕਿ ਇੱਕ ਵਧੀਆ ਪਿਰਤ ਹੈ। ਉਨ੍ਹਾਂ ਕਿਹਾ ਕਿ ਹਰੇਕ ਬੱਚੇ ਨੂੰ ਭਾਵੇਂਕਿ ਉਹ ਕਿਸੇ ਵੀ ਵਰਗ ਨਾਲ ਸੰਬੰਧਤ ਕਿਉਂ ਨਾ ਹੋਵੇ ਉਸਨੂੰ ਸਿੱਖਿਆ ਮਿਲਣੀ ਚਾਹੀਦੀ ਹੈ। ਇਸ ਲਈ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਹਨ। ਹਰੇਕ ਬੱਚੇ ਦੇ ਜੀਵਨ ਨੂੰ ਉੱਪਰ ਚੁੱਕਣ ਲਈ ਕੰਪਿਊਟਰ ਸਿੱਖਿਆ ਦਾ ਬਹੁਤ ਅਹਿਮ ਰੋਲ ਰਹਿੰਦਾ ਹੈ। ਉਨ੍ਹਾਂ ਇਸ ਖੇਤਰ ਵਿੱਚ ਅਣਥੱਕ ਸੇਵਾ ਦੇ ਰਹੇ ਨਿਸ਼ਕਾਮ ਸੇਵਾ ਆਸ਼ਰਮ ਨੂੰ ਵਧਾਈ ਦਿੱਤੀ। 

ਸ੍ਰੀ ਓਸਵਾਲ ਨੇ ਭਰੋਸਾ ਦਿੱਤਾ ਕਿ ਉਹ ਸਮਾਜਿਕ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਆਸ਼ਰਮ ਦੇ ਪ੍ਰਮੁੱਖ ਸਵਾਮੀ ਸਰਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸ਼ਹਿਰ ਵਿੱਚ ਅਜਿਹੇ 6 ਸਕੂਲ ਚਲਾਏ ਜਾ ਰਹੇ ਹਨ, ਜਿੱਥੇ ਕਿ 4000 ਤੋਂ ਵਧੇਰੇ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸੰਸਥਾ ਵੱਲੋਂ ਇੱਕ ਬਾਲ ਆਸ਼ਰਮ, ਅਡਾਪਸ਼ਨ ਏਜੰਸੀ, ਬਿਰਧ ਆਸ਼ਰਮ, ਹਸਪਤਾਲ, ਕੰਪਿਊਟਰ ਸੈਂਟਰ, ਫੈਸ਼ਨ ਅਤੇ ਸਿਲਾਈ ਕੇਂਦਰ ਚਲਾਏ ਜਾ ਰਹੇ ਹਨ। ਇਸ ਮੌਕੇ ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰ. ਸੰਤਾ ਸਿੰਘ ਉਮੈਦਪੁਰੀ, ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਸ੍ਰੀ ਸ਼ਕਤੀ ਸ਼ਰਮਾ, ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਸੁਨੀਤਾ ਅਗਰਵਾਲ, ਡਿਪਟੀ ਮੇਅਰ ਸ੍ਰੀ ਆਰ. ਡੀ. ਸ਼ਰਮਾ, ਭਾਜਪਾ ਆਗੂ ਸ੍ਰੀ ਪ੍ਰਵੀਨ ਬਾਂਸਲ, ਸ੍ਰੀ ਰਾਕੇਸ਼ ਜੈਨ, ਸ੍ਰੀ ਜੇ. ਪੀ. ਸ਼ਰਮਾ ਅਤੇ ਹੋਰ ਹਾਜ਼ਰ ਸਨ।