5 Dariya News

ਸਰਕਾਰੀ ਉਪਰਾਲਿਆਂ ਸਦਕਾ ਡੀ.ਏ.ਪੀ. ਖਾਦ ਦੀ ਲਾਗਤ ਘਟੀ, ਰਾਜ ਦੇ ਕਿਸਾਨਾ ਨੂੰ ਹੋਇਆ 650 ਕਰੋੜ ਰੁਪਏ ਦਾ ਸਿੱਧਾ ਲਾਭ- ਜਥੇਦਾਰ ਤੋਤਾ ਸਿੰਘ

ਰਾਜ ਪੱਧਰੀ ਮੀਟਿੰਗ ਦੌਰਾਨ ਕੀਤੀ ਸਮੂਹ ਜਿਲ੍ਹਿਆਂ ਦੇ ਕੰਮ ਦੀ ਸਮੀਖਿਆ , ਪੀ.ਏ.ਯੂ. ਵਲੋਂ ਸਿਫਾਰਿਸ਼ ਕੀਤੇ ਬੀਜਾਂ ਦੀ ਖਰੀਦ ਕਰਨ ਵਾਲੇ ਕਿਸਾਨਾ ਨੂੰ ਸਬਸਿਡੀ ਦੇਣਾ ਯਕੀਨੀ ਬਣਾਉਣ ਸਬੰਧੀ ਦਿੱਤੇ ਆਦੇਸ਼

5 Dariya News

30-Aug-2016

ਖੇਤੀਬਾੜੀ ਵਿਭਾਗ ਪੰਜਾਬ ਵਲੋਂ ਕਿਸਾਨਾ ਨੂੰ ਡੀ.ਏ.ਪੀ. ਖਾਦ ਦੀ ਬੇਲੋੜੀ ਵਰਤੋਂ ਰੋਕਣ ਲਈ ਕੀਤੇ ਉਪਰਾਲਿਆਂ ਸਦਕਾ ਇਸ ਸਾਲ ਰਾਜ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਡੀ.ਏ.ਪੀ. ਖਾਦ ਦੀ ਵਰਤੋਂ ਵਿਚ ਭਾਰੀ ਕਮੀ ਹੋਈ ਹੈ ਜਿਸ ਸਦਕਾ ਰਾਜ ਦੇ ਕਿਸਾਨਾਂ ਦੀ 650 ਕਰੋੜ ਰੁਪਏ ਦੀ ਸਿੱਧੀ ਬਚਤ ਹੋਈ ਹੈ।ਇਹ ਜਾਣਕਾਰੀ ਜਥੇਦਾਰ ਤੋਤਾ ਸਿੰਘ, ਖੇਤੀਬਾੜੀ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ, ਪੰਜਾਬ ਨੇ ਅੱਜ ਸਥਾਨਕ ਕਿਸਾਨ ਭਵਨ ਵਿੱਚ ਸਮੂਹ ਜਿਲ੍ਹਿਆਂ ਦੇ ਖੇਤੀਬਾੜੀ ਵਿਭਾਗ ਨਾਲ ਸਬੰਧਤ ਫੀਲਡ ਵਰਕ ਦੀ ਸਮੀਖਿਆ ਕਰਨ ਉਪਰੰਤ ਦਿੱਤੀ।ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀਬਾੜੀ ਨੂੰ ਵਧੇਰੇ ਲਾਹੇਵੰਦ ਧੰਧਾ ਬਣਾਉਣ ਲਈ ਖੇਤੀ ਲਾਗਤ ਕੀਮਤਾਂ ਵਿੱਚ ਕਟੌਤੀ ਜਰੂਰੀ ਹੈ।ਉਨ੍ਹਾਂ ਦੱਸਿਆ ਕਿ ਸੰਗਠਨ ਨਿਊਟ੍ਰੀਸ਼ਨ ਮੈਨੇਜਮੈਂਟ ਪ੍ਰੋਗਰਾਮ ਤਹਿਤ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਸਬੰਧੀ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਚਲਦਿਆਂ ਇਸ ਸਾਲ ਡੀ.ਏ.ਪੀ. ਖਾਦ ਦੀ ਬੇਲੋੜੀ ਵਰਤੋਂ ਘਟੀ ਹੈ ਅਤੇ ਰਾਜ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਇਆ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਵਾਧੂ ਖਾਦ ਦੀ ਵਰਤੋ ਨਾ ਕਰਨ ਦੇ ਕਾਰਣ ਪ੍ਰਭਾਵਿਤ ਹੋਣ ਤੋਂ ਬਚੀ ਹੈ।ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਵਧ ਤੋਂ ਵਧ ਕਿਸਾਨ ਜਾਗਰੁਕਤਾ ਉਪਰਾਲੇ ਕਰਨ ਅਤੇ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਤੋਂ ਜਾਗਰੁਕ ਕਰਵਾਉਣ ਲਈ ਕਿਹਾ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਸ ਸਾਲ ਝੋਨੇ, ਮੱਕੀ ਅਤੇ ਕਪਾਹ ਹੇਠ ਬਿਜਾਈ ਦਾ ਰੱਕਬਾ ਵੱਧਿਆ ਹੈ ਅਤੇ ਬੰਪਰ ਪੈਦਾਵਾਰ ਹੋਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਫਸਲਾਂ ਦੀ ਬੰਪਰ ਪੈਦਾਵਾਰ ਕਿਸਾਨਾ ਅਤੇ ਸੂਬੇ ਦੀ ਆਰਥਿਕਤਾ ਲਈ ਲਾਹੇਵੰਦ ਸਾਬਿਤ ਹੋਵੇਗੀ।ਖੇਤੀਬਾੜੀ ਮੰਤਰੀ ਨੇ ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀ.ਏ.ਯੂ. ਵਲੋਂ ਸਿਫਾਰਿਸ਼ ਕੀਤੇ ਬੀਜਾਂ ਦੀ ਖਰੀਦ ਕਰਨ ਵਾਲੇ ਕਿਸਾਨਾ ਨੂੰ ਸਮੇਂ ਸਿਰ ਸਬਸਿਡੀ ਦੇਣਾ ਯਕੀਨੀ ਬਣਾਇਆ ਜਾਵੇ।ਇਸ ਮੌਕੇ ਵਧੀਕ ਮੁੱਖ ਸਕੱਤਰ ਪੰਜਾਬ ਸ.ਨਿਰਮਲਜੀਤ ਸਿੰਘ ਕਲਸੀ ਨੇ ਮਾਰਕੀਟ ਵਿੱਚ ਉਪਲੱਬਧ ਬੀਜਾਂ, ਖਾਦਾਂ ਅਤੇ ਕੀਟਨਾਸ਼ਕਾਂ ਦੇ ਮਿਆਰ ਦੀ ਪਰਖ ਲਈ ਸਮੇਂ ਸਮੇਂ ਤੇ ਭਰੇ ਸੈਂਪਲਾਂ ਵਿੱਚੋਂ ਗੈਰ ਮਿਆਰੀ ਨਿਕਲੇ ਸੈਂਪਲਾਂ ਦੇ ਡੀਲਰਾਂ ਵਿਰੁਧ ਬਣਦੀ ਕਾਰਵਾਈ ਵਿੱਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਤਾਂ ਜੋ ਅਜਿਹੇ ਗੈਰ ਮਿਆਰੀ ਵਸਤਾਂ ਵੇਚਣ ਵਾਲੇ ਡੀਲਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਸਕਣ।ਉਨ੍ਹਾਂ ਕਿਹਾ ਕਿ ਸੈਂਪਲਾਂ ਦੀ ਪਰਖ ਲਈ ਜੇਕਰ ਤਕਨੀਕੀ ਅਮਲੇ ਦੀ ਘਾਟ ਹੋਵੇ ਤਾਂ ਉਨ੍ਹਾਂ ਦੀਆਂ ਖਾਲੀ ਪਈਆ ਅਸਾਮੀਆਂ ਨੂੰ ਭਾਰਤ ਸਰਕਾਰ ਦੀ ਹਦਾਇਤਾਂ ਅਨੁਸਾਰ ਫੋਰਨ ਪੁਰ ਕਰਨ ਲਈ ਕਾਰਵਾਈ ਕੀਤੀ ਜਾਵੇ।ਇਸ ਮੌਕੇ ਸ੍ਰੀ ਅਨੁਰਾਗ ਵਰਮਾ ਸਕੱਤਰ ਖੇਤੀਬਾੜੀ , ਸ. ਜ਼ਸਬੀਰ ਸਿੰਘ ਡਾਇਰੈਕਟਰ ਅਤੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਰਾਜ ਦੇ ਸਮੂਹ ਜਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫਸਰ ਹਾਜਰ ਸਨ।