5 Dariya News

ਪੰਜਾਬ ਯੂਨੀਵਰਸਟੀ ਵਿਖੇ ਸੰਸਦੀ ਜਮਹੂਰੀਅਤ -ਡਾ.ਅੰਬੇਦਕਰ ਦੇ ਵਿਚਾਰ ਸਬੰਧੀ ਸੈਮੀਨਾਰ ਕਰਵਾਈਆ ਗਿਆ

ਦੇਸ਼ ਅਤੇ ਸੰਸਦੀ ਲੋਕਤੰਤਰ ਨੂੰ ਚਲਾਉਣ ਲਈ ਡਾ. ਅੰਬੇਦਕਰ ਵਲੋਂ ਨਿਰਮਤ ਸੰਵਿਧਾਨ ਦੀ ਲੋੜ- ਰਾਜਪਾਲ ਕਪਤਾਨ ਸਿੰਘ ਸੋਲੰਕੀ

5 Dariya News

ਚੰਡੀਗੜ੍ਹ 30-Aug-2016

ਪੰਜਾਬ ਸਰਕਾਰ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ.ਅੰਬੇਦਕਰ ਦੇ 125ਵੇਂ ਜਨਮ ਦਿਵਸ ਨੂੰ ਮਨਾਉਣ ਦੇ ਉਦੇਸ਼ ਨਾਲ ਪੰਜਾਬ ਯੂਨੀਵਰਸਟੀ ਵਿਖੇ ਸੰਸਦੀ ਜਮਹੂਰੀਅਤ- ਡਾ.ਅੰਬੇਦਕਰ ਦੇ ਵਿਚਾਰ ਵਿਸ਼ੇ 'ਤੇ ਦੂਜਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਇਸ ਰਾਸ਼ਟਰੀ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਬਿਹਾਰ ਦੇ ਰਾਜਪਾਲ ਰਾਮ ਨਾਥ ਕੋਵਿੰਦ ਅਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਹਾਜਰ ਹੋਏ।ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ.ਚਰਨਜੀਤ ਸਿੰਘ ਅਟਵਾਲ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ,ਚੌਧਰੀ ਜ਼ੁਲਫਕਾਰ ਅਲੀ ਕੈਬਿਨਟ ਮੰਤਰੀ ਜੰਮੂ ਅਤੇ ਕਸ਼ਮੀਰ,ਪ੍ਰੋ.ਅਰੁਨ ਕੁਮਾਰ ਗਰੋਵਰ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਹਾਜਰ ਹੋਏ।ਇਸ ਰਾਸ਼ਟਰੀ ਸੈਮੀਨਾਰ ਵਿੱਚ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਸਾਨੂੰ ਅੱਜ ਇਹ ਦੇਖਣ ਦੀ ਲੋੜ ਹੈ ਕਿ ਬਾਬਾ ਸਾਹਿਬ ਵਲੋਂ ਰਚੇ ਗਏ ਸੰਸਦੀ ਲੋਕਤੰਤਰ ਉਤੇ ਅਸੀਂ ਕਿਸ ਪੱਧਰ ਤੇ ਖੜੇ ਹਾਂ ਅਤੇ ਸਾਨੂੰ ਬਾਬਾ ਸਾਹਿਬ ਦੇ ਕਦਮਾਂ ਉਤੇ ਚੱਲਣ ਲਈ ਸਾਨੂੰ ਭੇਦ-ਭਾਵ,ਊਚ-ਨੀਚ ਅਤੇ ਜਾਤ-ਪਾਤ ਦਾ ਖਾਤਮਾ ਕਰਨਾ ਪਵੇਗਾ ਤਾਂ ਹੀਂ ਅਸੀਂ ਸੰਸਦੀ ਲੋਕਤੰਤਰ ਦੇ ਨਾਲ-ਨਾਲ ਸਮਾਜਿਕ ਲੋਕਤੰਤਰ ਨੂੰ ਵਿਕਸਤ ਕਰ ਸਕਾਂਗੇ।ਬਾਬਾ ਸਾਹਿਬ ਨੇ ਦੇਸ਼ ਸਰਵਪੱਖੀ ਪ੍ਰਗਤੀ ਨੂੰ ਸਮਝਦੇ ਹੋਏ ਹਰ ਖੇਤਰ ਦੇ ਵਿਕਾਸ ਨੂੰ ਦੇਖਦੇ ਹੋਏ ਸੰਵਿਧਾਨ ਦਾ ਨਿਰਮਾਣ ਕੀਤਾ।

ਉਨਾਂ ਕਿਹਾ ਕਿ ਬਾਬਾ ਸਾਹਿਬ ਨੇ ਬਚਪਨ ਤੋਂ ਹੀ ਸਮਾਜਿਕ ਭੇਦ-ਭਾਵ ਦਾ ਸਾਹਮਣਾ ਕੀਤਾ ਅਤੇ ਇਕ ਵਾਰ ਬਾਬਾ ਸਾਹਿਬ ਨੂੰ ਇਕ ਬੈਲ ਗੱਡੀ ਵਾਲੇ ਨੇ ਉਨਾਂ ਦੀ ਜਾਤੀ ਕਾਰਨ ਬੈਲ ਗੱਡੀ ਤੋਂ ਉਤਾਰ ਦਿੱਤਾ ਸੀ ਇਸ ਤਰਾਂ ਦੇ ਭੇਦ-ਭਾਵ ਵਾਲੇ ਸੰਘਰਸ਼ਮਈ ਜੀਵਨ ਦੇ ਬਾਵਜੂਦ ਵੀ ਕੋਈ ਬਾਬਾ ਸਾਹਿਬ ਨੂੰ ਅੱਗੇ ਵੱਧਣ ਤੋਂ ਰੋਕ ਨਹੀਂ ਸੱਕਿਆ।ਉਨਾਂ ਕਿਹਾ ਕਿ ਇਹ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਰਾਜ ਹਿੱਤ ਅਤੇ ਜਨ ਹਿੱਤ ਦੇ ਸਮੁੱਚੇ ਵਿਕਾਸ ਲਈ ਬਾਬਾ ਸਾਹਿਬ ਵਲੋਂ ਦਰਸਾਏ ਗਏ ਰਾਹ ਉਤੇ ਚੱਲੀਏ।ਉਨਾਂ ਅੱਗੇ ਦੱਸਿਆ ਕਿ ਜਿਸ ਤਰਾਂ ਗੀਤਾ ਜੀਵਨ ਨੂੰ ਚਲਾਉਣ ਲਈ  ਅਤੇ ਪਰਿਵਾਰ ਨੂੰ ਚਲਾਉਣ ਲਈ ਰਮਾਇਣ ਸਾਡਾ ਮਾਰਗਦਰਸ਼ਨ ਕਰਦੀ ਹੈ ਠੀਕ ਉਸ ਤਰਾਂ ਹੀ ਦੇਸ਼ ਅਤੇ ਸੰਸਦੀ ਲੋਕਤੰਤਰ ਨੂੰ ਚਲਾਉਣ ਲਈ  ਡਾ. ਅੰਬੇਦਕਰ ਵਲੋਂ ਨਿਰਮਤ ਸੰਵਿਧਾਨ ਦੀ ਲੋੜ ਪੈਂਦੀ ਹੈ।ਉਨਾਂ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਸਾਡੇ ਦੇਸ਼ ਦਾ ਭੱਵਿਖ ਹੈ ਅਤੇ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਸੈਮੀਨਾਰ ਦਾ ਆਯੋਜਨ ਯੂਨੀਵਰਸਿਟੀ ਵਿਖੇ ਕੀਤਾ ਗਿਆ ਹੈ।ਇਸ ਸੈਮੀਨਾਰ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ.ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਭਾਰਤੀ ਸੰਵਿਧਾਨ ਸਭਾ ਦੀ ਪ੍ਰਧਾਨਗੀ ਕਰਦਿਆਂ ਬਾਬਾ ਸਾਹਿਬ ਨੇ ਕਈ ਮੁਲਕਾਂ ਦੇ ਸੰਵਿਧਾਨ ਅਤੇ ਰਾਜਨੀਤਿਕ ਪ੍ਰਣਾਲੀਆਂ ਦਾ ਡੂੰਘਾ ਅਧਿਐਨ ਕਰਕੇ ਪਾਈਆ ਕਿ ਭਾਰਤ ਲਈ ਲੋਕਤੰਤਰਿਕ ਪ੍ਰਣਾਲੀ ਹੀ ਉਚਿਤ ਰਹੇਗੀ ਕਿਂਊਕਿ ਇਹ ਪ੍ਰਣਾਲੀ ਹੀ ਮਹਾਤਮਾ ਬੁੱਧ ਦੇ ਸਮੇਂ ਤੋਂ ਸੰਘ ਰੂਪ ਵਿੱਚ ਪ੍ਰੱਚਲਲਿਤ ਸੀ ਅਤੇ ਦੇਸ਼ ਹਿੱਤ ਦੇ ਮਸਲੇ ਸੰਘ ਰਾਹੀਂ ਹੱਲ ਕੀਤੇ ਜਾਂਦੇ ਸਨ। ਉਨਾਂ ਕਿਹਾ ਕਿ ਬਾਬਾ ਸਾਹਿਬ ਦਾ ਯੋਗਦਾਨ ਨਾ ਕੇਵਲ ਭਾਰਤ ਦੇ ਸੰਵਿਧਾਨ ਦੇ ਨਿਰਮਾਣ ਵਿੱਚ ਹੈ ਸਗੋਂ ਕਿ ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਇੱਕ ਲੜੀ ਵਿੱਚ ਪਰੋਕੇ ਮੋਜੂਦਾ ਸ਼ਕਲ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਉਨਾਂ ਕਿਹਾ ਕਿ ਸਹੀ ਮਾਇਨਿਆਂ ਵਿੱਚ ਬਾਬਾ ਸਾਹਿਬ ਦਾ ਸੁਪਨਾ ਤਾਂ ਹੀ ਸਾਕਾਰ ਹੋ ਸਕਦਾ ਹੈ ਜੇਕਰ ਰਾਈਟ ਟੂ ਐਜੂਕੇਸ਼ਨ ਦੇ ਨਾਲ-ਨਾਲ ਰਾਈਟ ਐਜੂਕੇਸ਼ਨ ਦਾ ਅਧਿਕਾਰ ਲਾਗੂ ਕੀਤਾ ਜਾਵੇ ਅਤੇ ਦੇਸ਼ ਵਿੱਚ ਹਰ ਬੱਚਾ ਇਕਸਾਰ ਸਿੱਖਿਆ ਹਾਸਲ ਕਰ ਸਕੇ।

ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਬਾਬਾ ਸਾਹਿਬ ਕੋਲ ਵਿਦੇਸ਼ਾਂ ਵਿੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਨਾਂ ਕੋਲ ਹਜਾਰਾਂ ਸੁਨਹਰੀ ਮੋਕੇ ਸਨ ਪਰ ਉਨਾਂ ਨੇ ਦੇਸ਼ ਦੇ ਸਰਵਪੱਖੀ ਵਿਕਾਸ ਅਤੇ ਕਮਜੋਰ ਵਰਗਾਂ ਦੇ ਨਾਲ,ਔਰਤਾਂ ,ਮਜਦੂਰਾਂ ਦੇ ਹੱਕਾਂ ਦੀ ਲੜਾਈ ਲੜੀ ਅਤੇ ਬਣਦੇ ਹੱਕਾਂ ਦੇ ਕਾਨੂੰਨੀ ਅਧਿਕਾਰ ਵੀ ਮੁਹੱਈਆ ਕਰਵਾਏ।ਉਨਾਂ ਕਿਹਾ ਕਿ ਡਾ.ਅੰਬੇਦਕਰ ਨੇ ਰਿਜਰਵ ਬੈਂਕ ਆਫ ਇੰਡਿਆ,ਬਿਜਲੀ ਲਈ ਨੈਸ਼ਨਲ ਗਰਿਡ ਦੀ ਜਰੂਰਤ ਨੂੰ ਸਮਝਦੇ ਹੋਏ, ਭਾਖੜਾ ਅਤੇ ਦਮੋਦਰ ਨਦੀ ਤੇ ਡੈਮ ਬਣਵਾਏ।ਮਜਦੂਰਾਂ ਦੇ ਕੰਮ ਨੂੰ 8 ਘੰਟੇ ਤੱਕ ਸੀਮਤ ਕੀਤਾ, ਅਰਤਾਂ ਨੂੰ ਮਟਰਨਟੀ ਲੀਵ, ਵੋਟ ਦਾ ਅਧਿਕਾਰ ਅਤੇ ਸਮਾਨਤਾ ਦੇ ਅਧਿਕਾਰਾਂ ਲਈ ਅਵਾਜ ਉਠਾਕੇ ਉਨਾਂ ਦੇ ਬਣਦੇ ਹੱਕ ਮੁਹੱਈਆ ਕਰਵਾਏ।ਸੈਮੀਨਾਰ ਵਿੱਚ ਬਿਹਾਰ ਦੇ ਰਾਜਪਾਲ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਡਾ.ਅੰਬੇਦਕਰ ਆਧੁਨਿਕ ਭਾਰਤ ਦੇ ਨਿਰਮਾਤਾ,ਰਾਸ਼ਟਰ ਭਗਤ, ਦੂਰਦਰਸ਼ੀ ਅਤੇ ਭਾਰਤੀ ਜਨ ਮਾਨਸ ਵਿੱਚ ਇਸ ਤਰਾਂ ਛਾਏ ਹੋਏ ਹਨ ਜਿਸ ਲਈ ਸਾਨੂੰ ਆਪਣੀ ਹਰ ਸਮੱਸਿਆ ਲਈ ਉਨਾਂ ਦੀ ਵਿਚਾਰਧਾਰਾ ਨੂੰ  ਪੜ੍ਹਨਾ ਪੈਂਦਾ ਹੈ।ਡਾ.ਅੰਬੇਦਕਰ ਭਾਰਤ ਦੇ ਇਕੱਲੇ ਐਸੇ ਪਹਿਲੇ ਭਾਰਤੀ ਸਨ ਜਿਹਨਾਂ ਨੇ ਅਰਥ ਸ਼ਾਸਤਰ ਦੀ ਪੀ.ਐਚ.ਡੀ. ਕੀਤੀ ਅਤੇ  ਏਸ਼ੀਆ ਦੇ ਪਹਿਲੇ ਵਿਅਕਤੀ ਸਨ ਜਿਨਾਂ ਨੇ ਡਬਲ ਪੀ.ਐਚ.ਡੀ. ਦੀ ਸਿੱਖਿਆ ਹਾਸਲ ਕੀਤੀ।

ਉਨਾਂ ਅੱਗੇ ਕਿਹਾ ਕਿ ਸੰਸਦੀ ਕਾਰਗੁਜ਼ਾਰੀ ਦੀ ਉਦਾਹਰਣ ਸਾਨੂੰ ਸਾਡੇ ਇਤਿਹਾਸ ਵਿੱਚ ਵੀ ਮਿਲਦੀ ਹੈ। ਉਨਾਂ ਦੱਸਿਆ ਕਿ ਮਹਾਤਮਾ ਬੁੱਧ ਜੱਦ ਆਪਣੇ ਜੀਵਨ ਦੇ ਆਖਰੀ ਸਾਹ ਲੈ ਰਹੇ ਤਾਂ ਉਨਾਂ ਨੇ ਸੰਘ (ਉਸ ਸਮੇਂ ਦੀ ਸੰਸਦ) ਦੀ ਪ੍ਰਕਿਰਿਆ ਨੂੰ ਨਿਰੰਤਰ ਚਲਾਉਣ ਲਈ ਕਿਹਾ ਅਤੇ ਉਸ ਦੀ ਪ੍ਰਤੀਬੱਧਤਾ ਨੂੰ ਬਣਾਈ ਰੱਖਣ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਸੰਸਦ ਦੀ ਕਾਰਗੁਜਾਰੀ ਮੁਕੰਮਲ ਹੋਣ ਤੋਂ ਬਾਅਦ ਹੀ ਮੈਨੂੰ ਆ ਕੇ ਮਿਲਿਆ ਜਾਵੇ।ਬਾਬਾ ਸਾਹਿਬ ਨੇ ਹਮੇਸ਼ਾ ਅਪਾਣੇ ਵਿਚਾਰਾਂ ਦਾ ਵਿਕਾਸਪੱਖੀ ਪਰਿਵਰਤਨ ਕੀਤਾ ਹੈ ਜਿਸ ਤੋਂ ਸਾਨੂੰ ਉਹਨਾਂ ਦੇ ਵਿਚਾਰਾਂ ਤੋਂ ਵਿਚਾਰਾ ਦੀ ਪਰਿਵਰਤਨਸ਼ੀਲਤਾ ਸਿੱਖਣ ਨੂੰ ਮਿਲਦੀ ਹੈ।ਸੈਮੀਨਾਰ ਵਿੱਚ ਚੌਧਰੀ ਜ਼ੁਲਫਕਾਰ ਅਲੀ ਕੈਬਿਨਟ ਮੰਤਰੀ ਜੰਮੂ ਅਤੇ ਕਸ਼ਮੀਰ ਨੇ ਦੱਸਿਆ ਕਿ ਇਹ ਡਾ.ਅੰਬੇਦਕਰ ਦੀ ਦੇਣ ਹੈ ਕਿ ਅੱਜ ਕਮਜੋਰ ਵਰਗ ਦੇ ਲੋਕਾਂ ਨੂੰ ਵੀ ਉਨਾਂ ਦੇ ਹੱਕ ਅਤੇ ਅਧਿਕਾਰ ਮਿਲ ਰਹੇ ਹਨ।ਬਾਬਾ ਸਾਹਿਬ ਦੀ ਦੂਰਦਰਸ਼ਤਾ ਤੋਂ ਇਹ ਸਾਬਿਤ ਹੁੰਦਾ ਹੈ ਕਿ ਉਹ ਆਪਣੇ ਸਮੇਂ ਤੋਂ ਅੱਗੇ ਸਨ। ਜੋ ਉਹ ਸੋਚਦੇ ਸਨ, ਉਨ੍ਹਾਂ ਦੇ ਸਮਕਾਲੀ ਲੋਕ ਉਹ ਕਦੇ ਵੀ ਨਹੀਂ ਸੋਚ ਪਾਏ।ਬਾਬਾ ਸਾਹਿਬ ਬੁੱਧ ਭਿਕਸ਼ੂ ਸੰਘਾ ਦੇ ਆਪਣੇ ਅਧਿਐਨ ਤੋਂ ਇਕ ਸੁੰਦਰ ਉਦਾਹਰਨ ਦਿੰਦੇ ਹੋਏ ਦੱਸਦੇ ਹਨ ਕਿ ਉਸ ਸਮੇਂ ਜੋ ਸੰਘ ਸਨ ਉਹ ਅੱਜ ਦੇ ਪਾਰਲੀਆਮੈਂਟ ਵਾਂਗ ਹੀ ਸਨ ਅਤੇ ਆਧੁਨਿਕ  ਸੰਸਦੀ ਕਾਰਵਾਈਆ ਸਬੰਧਤ ਨਿਯਮਾਂ  ਬਾਰੇ ਇਹ ਸੰਘ ਭਲੀ-ਭਾਂਤੀ ਜਾÎਣੂੰ ਸਨ ।

ਬੈਠਣ ਦੀ ਤਰਤੀਬ, ਪ੍ਰਸਤਾਵ ਸਬੰਧੀ ਨਿਯਮ, ਮਤੇ, ਕੋਰਮ, ਵਿਪ, ਵੋਟਾਂ ਦੀ ਗਿਣਤੀ, ਬੈਲਟ ਦੁਆਰਾ ਵੋਟਿੰਗ, ਨਿੰਦਾ ਦਾ ਪ੍ਰਸਤਾਵ, ਕੋਰਟ ਦੁਆਰਾ ਨਿਪਟਾਏ ਹੋਏ ਮਾਮਲੇ ਨੂੰ ਦੁਬਾਰਾ ਨਾ ਉਠਾਉਣ ਆਦਿ ਸਬੰਧੀ ਨਿਯਮਾਂ ਦੀ ਪਾਲਣਾ ਵੀ ਸੰਸਦ ਵਾਂਗ ਹੀ ਕਰਦੇ ਸਨ ।ਇਸ ਰਾਸ਼ਟਰੀ ਸੈਮੀਨਾਰ ਵਿੱਚ ਬਾਬਾ ਸਾਹਿਬ ਦੇ 125ਵੇਂ ਜਨਮ ਦਿਨ ਨੂੰ ਮਨਾਉਣ ਲਈ ਗਠਿਤ ਕਮੇਟੀ ਦੇ ਕੋ-ਕਨਵੀਨਰ ਅਤੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ , ਵਿਧਾਇਕ ਸੋਮ ਪ੍ਰਕਾਸ਼, ਸਰਵਣ ਸਿੰਘ ਫਿਲੌਰ,ਜਸਟਿਸ(ਰਿਟਾ.) ਨਿਰਮਲ ਸਿੰਘ,ਦਰਸ਼ਨ ਸਿੰਘ ਕੋਟਫੱਤਾ, ਰਾਜੇਸ਼ ਬਾਘਾ, ਚੇਅਰਮੈਨ ਰਾਜ ਅਨੁਸੂਚਿਤ ਜਾਤੀਆਂ/ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਤਕਨੀਕੀ ਸੈਸ਼ਨ ਵਿੱਚ ਪ੍ਰੋ. ਰੌਣਕੀ ਰਾਮ,ਪੰਜਾਬ ਯੂਨੀਵਰਸਟੀ ਚੰਡੀਗੜ੍ਹ,ਪ੍ਰੋ.ਸੁਸ਼ਮਾ ਯਾਦਵ ਇਗਨੋ ਨਵੀਂ ਦਿੱਲੀ,ਪ੍ਰੋ. ਪਰਮਜੀਤ ਸਿੰਘ ਜੱਜ,ਗੁਰੁ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ, ਪ੍ਰੋ.ਬਲਜੀਤ ਸਿੰਘ ਜੰਮੂ ਯੂਨੀਵਰਸਟੀ,ਪ੍ਰੋ.ਜਗਰੂਪ ਸਿੰਘ,ਗੁਰੁ ਨਾਨਕ ਦੇਵ ਯੂਨੀਵਰਸਟੀ,ਸ੍ਰੀ ਅੰਮ੍ਰਿਤਸਰ ਵਲੋਂ ਤਕਨੀਕੀ ਸੈਸ਼ਨ ਵਿੱਚ ਬਾਬਾ ਸਾਹਿਬ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ।