5 Dariya News

ਸੂਰਾਂ ਵਲੋਂ ਮੱਕੀ ਦੇ ਕੀਤੇ ਉਜਾੜੇ ਕਾਰਨ ਕੰਢੀ ਦੇ ਕਿਸਾਨ ਪ੍ਰੇਸ਼ਾਨ

5 Dariya News (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ 28-Aug-2016

ਇਸ ਤਹਿਸੀਲ ਅਧੀਨ ਅਤੇ ਨੇੜੇ ਦੇ ਹੋਰ ਕੰਢੀ ਇਲਾਕੇ ਵਜੋਂ ਜਾਣੇ ਜਾਂਦੇ ਖੇਤਰ ਦੀ ਸਮੁੱਚੀ ਖੇਤੀ ਜਿੱਥੇ ਕੁਦਰਤੀ ਆਫਤਾਂ ਦੀ  ਸ਼ਿਕਾਰ ਰਹਿੰਦੀ ਹੈ ਉੱਥੇ ਹੀ ਜੰਗਲੀ ਜਾਨਵਰਾਂ ਦੇ ਉਜਾੜੇ ਕਾਰਨ ਇਸ ਇਲਾਕੇ ਦੇ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਵਧੀਆਂ ਰਹਿੰਦੀਆਂ ਹਨ। ਇਸ ਤਹਿਸੀਲ ਵਿਚ ਵੀ ਹਾੜ੍ਹੀ ਅਤੇ ਸਾਉਣੀ ਦੀਆਂ ਵੱਖ-ਵੱਖ ਫਸਲਾਂ ਉੱਤੇ ਹਰ ਵੇਲੇ ਜੰਗਲੀ ਗੋਨਾਂ ,ਸੂਰਾਂ ,ਗਿੱਦੜਾਂ ਅਤੇ ਹੋਰ ਜਾਨਵਰਾਂ ਦੀ ਕਰੋਪੀ ਕਾਰਨ ਕਿਸਾਨਾਂ ਨੂੰ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿਕਰਯੋਗ ਹੈ ਕਿ ਇਸ ਖੇਤਰ ਵਿਚਲੇ ਮੱਕੀ ਦੇ ਕਾਸ਼ਤਕਾਰ  ਅੱਜ ਕੱਲ੍ਹ ਜੰਗਲੀ ਸੂਰਾਂ ਵਲੋਂ ਇਸ ਕੀਤੀ ਜਾ ਰਹੀ ਬਰਬਾਦੀ ਕਾਰਨ ਬੇਹੱਦ ਪ੍ਰੇਸ਼ਾਨ ਹਨ। ਇਸ ਇਲਾਕੇ ਦੇ ਅਨੇਕਾਂ ਪਿੰਡਾਂ ਵਿਚਲੇ ਕਿਸਾਨਾਂ ਨੂੰ ਬਰਸਾਤ ਦੇ ਇਸ ਮੌਸਮ  ਵਿਚ ਰਾਤ ਵੇਲੇ ਫਸਲ ਦੀ ਰਾਖੀ ਲਈ ਜਾਣਾ ਪੈਂਦਾ ਹੈ ਜੋ ਕਿ ਮੁਸ਼ਕਿਲਾਂ ਭਰਿਆ ਹੁੰਦਾ ਹੈ।  ਇਸ ਤਹਿਸੀਲ ਦੇ ਬੀਤ ਇਲਾਕੇ ਦਾ ਕਾਫੀ ਰਕਬਾ ਜੰਗਲੀ ਹੋਣ ਕਰਕੇ ਇਨ੍ਹਾਂ ਕਿਸਾਨਾਂ ਲਈ ਆਪਣੇ ਖੇਤਾਂ ਦੀ ਰਾਖੀ ਕਰਨੀ ਇਕ ਚੁਣੌਤੀ ਬਣੀ ਰਹਿੰਦੀ ਹੈ। ਕਿਸਾਨਾਂ ਅਨੁਸਾਰ ਮੀਂਹ 'ਤੇ ਆਧਾਰਿਤ ਇਹ ਇਲਾਕਾ ਹਾੜ੍ਹੀ ਦੀ ਫਸਲ ਲਈ ਪੂਰੀ ਤਰ੍ਹਾਂ ਘਾਟੇ ਵਾਲਾ ਰਹਿੰਦਾ ਹੈ ਜਦ ਕਿ ਸਾਉਣੀ ਦੀ ਫਸਲ ਜੰਗਲੀ ਜਾਨਵਰਾਂ ਦੀ ਬਰਬਾਦੀ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਕਿਸਾਨ ਹਰ ਵੇਲੇ ਆਰਥਿਕ ਸੰਕਟ ਦੇ ਸ਼ਿਕਾਰ ਰਹਿੰਦੇ ਹਨ। 

ਉਨ੍ਹਾਂ ਦੱਸਿਆ ਕਿ ਇਸ ਵੇਲੇ ਹਰ ਖੇਤ ਵਿਚ ਕਿਸਾਨ ਦਾ ਇਕ ਮਣ੍ਹਾ ਹੈ ਜਿੱਥੇ ਸ਼ਾਮ ਪੈਂਦਿਆਂ ਹੀ ਕਿਸਾਨ ਪੁੱਜ ਜਾਂਦੇ ਹਨ ਅਤੇ ਪੂਰੀ ਰਾਤ ਖੇਤਾਂ ਦੀ ਰਾਖੀ ਕਰਦੇ ਹਨ। ਇੱਥੇ ਜਿਕਰਯੋਗ ਹੈ ਕਿ ਖੇਤਰ ਦੇ ਕੁਝ ਪਿੰਡਾਂ ਗੱਜਰ,ਹਾਜੀਪੁਰ,ਰਾਮਪੁਰ,ਬਿਲੜੋਂ,ਬੀਰਮਪੁਰ ਆਦਿ ਦੇ ਕਿਸਾਨਾਂ ਨੇ ਪੈਸੇ ਇਕੱਠੇ ਕਰਕੇ ਸਾਰੇ ਪਿੰਡਾਂ ਦੇ ਕਾਸ਼ਤਕਾਰੀ ਰਕਬੇ ਦੀ ਰਾਖੀ ਲਈ ਵਿਸ਼ੇਸ਼ ਰਾਖਿਆਂ ਦੀ ਟੋਲੀ ਨੂੰ ਜਥੇਬੰਦ ਕੀਤਾ ਹੋਇਆ ਹੈ ਪਰ ਗਰੀਬ ਕਿਸਾਨਾਂ ਕੋਲ ਇਨ੍ਹਾਂ ਰਾਖਿਆਂ ਨੂੰ ਪੈਸੇ ਨਾ ਦੇਣ ਹੋਣ ਕਰਕੇ ਉਨ੍ਹਾਂ ਦੀ ਖੇਤੀ ਦਾਅ 'ਤੇ ਲੱਗੀ ਰਹਿੰਦੀ ਹੈ। ਇਸ ਸਬੰਧੀ ਸੀ.ਪੀ.ਆਈ.(ਐਮ) ਦੇ ਆਗੂ ਦਰਸ਼ਨ ਸਿੰਘ ਮੱਟੂ,ਕਾ. ਮਹਾਂ ਸਿੰਘ ਰੌੜੀ ਅਤੇ ਪੰਜਾਬ ਕਿਸਾਨ ਸਭਾ ਦੇ ਸਕੱਤਰ ਗੁਰਨੇਕ    ਸਿੰਘ ਨੇ ਕਿਹਾ ਕਿ ਸਰਕਾਰਾਂ ਆਵਾਰਾਂ ਪਸ਼ੂਆਂ ਉÎਤੇ ਵੀ ਰਾਜਨੀਤੀ ਕਰ ਰਹੀਆਂ ਹਨ ਜਦ ਕਿ ਕਿਸਾਨਾਂ ਦੇ ਉਜਾੜੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ।  ਉਨ੍ਹਾਂÎ ਕਿਹਾ ਕਿ ਕਿਸਾਨ ਪੱਖੀ ਹੋਣ ਦੇ ਦਾਅਵੇ ਕਰਨ ਵਾਲੀ ਮੌਜੂਦਾ ਰਾਜ ਸਰਕਾਰ ਨੇ ਕਦੇ ਵੀ ਕੰਢੀ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਨਹੀਂ ਸਮਝਿਆ ਅਤੇ ਵੋਟਾਂ ਤੋਂ ਪਹਿਲਾਂ ਝੂਠੇ ਦਾਅਵੇ ਕਰਕੇ ਕਿਸਾਨਾਂ ਦੀਆਂ ਵੋਟਾਂ ਲੈਣ ਦੇ ਹੱਥਕੰਢੇ ਆਪਣਾ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਕਿਸਾਨ ਨੂੰ ਅÎਜ ਤੱਕ ਜੰਗਲੀ ਜਾਨਵਰਾਂ ਦੇ ਉਜਾੜੇ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ। ਇਸ ਸਬੰਧੀ ਡੀ.ਐਫ.ਓ. ਜਗਤਾਰ ਸਿੰਘ ਸੰਧੂ ਨੇ ਕਿਹਾ ਕਿ ਇਹ ਮੁੱਦਾ ਸੱਚਮੁੱਚ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਵਾਰ  ਖੇਤਾਂ ਨੂੰ ਜਾਲ ਅਤੇ ਕੰਢੇਦਾਰ ਤਾਰ ਲਾਉਣ ਲਈ ਸਬਸਿਡੀ ਦਿੱਤੀ ਜਾ ਰਹੀ ਹੈ ਜਿਸਦਾ ਕਿਸਾਨ ਲਾਭ ਉਠਾ ਸਕਦੇ ਹਨ।