5 Dariya News

ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਕੇਜਰੀਵਾਲ ਨੇ ਪੰਜਾਬੀਆਂ ਤੇ ਸਿੱਖਾਂ ਵਿਚ ਖਾਨਾਜੰਗੀ ਵਾਲੇ ਹਾਲਾਤ ਪੈਦਾ ਕੀਤੇ : ਸ਼੍ਰੋਮਣੀ ਅਕਾਲੀ ਦਲ

ਯੂ.ਪੀ. ਦੇ ਗੁੰਡੇ ਤੇ ਹਰਿਆਣਵੀ ਆਕਾਵਾਂ ਨੂੰ ਪੰਜਾਬੀ ਕਦੇ ਬਰਦਾਸ਼ਤ ਨਹੀ ਕਰ ਸਕਦੇ-ਹਰਚਰਨ ਸਿੰਘ ਬੈਂਸ

5 Dariya News

ਚੰਡੀਗੜ੍ਹ 28-Aug-2016

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਤਗੜਾ ਹਮਲਾ ਕਰਦੇ ਹੋਏ ਉਸ ਨੂੰ ਆਪਣੇ ਆਪ ਉੱਤੇ ਉਸ ਦੀ ਹੀ ਪਾਰਟੀ ਦੇ ਆਗੂਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਜਵਾਬ ਮੰਗਿਆ ਜਿਨ੍ਹਾ ਰਾਹੀ ਇਹ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਸਹੇਜਦੇ ਹੋਏ ਸਿੱਖਾਂ ਅਤੇ ਪੰਜਾਬੀਆਂ ਵਿੱਚ ਪਾੜੋ ਤੇ ਰਾਜ ਕਰੋ ਨੀਤੀ ਤਹਿਤ  ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰ ਰਿਹਾ ਹੈ।ਸ਼ੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਹਰਚਰਨ ਸਿੰਘ ਬੈਂਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਸੂਰਬੀਰ ਬਿਰਤੀ ਵਾਲੇ ਯੋਧੇ ਹਨ ਜੋ ਕਿਸੇ ਵੀ ਹਾਲਤ ਵਿੱਚ ਆਪਣੇ ਉੱਪਰ ਯੂ.ਪੀ. ਦੇ ਗੁੰਡਿਆਂ ਅਤੇ ਹਰਿਆਣਾ ਦੇ ਸਿਆਸੀ ਆਕਾਵਾਂ ਨੂੰ ਰਾਜ ਕਰਦੇ ਹੋਏ ਸਹਿਨ ਨਹੀ ਕਰ ਸਕਦੇ।ਕੇਜਰੀਵਾਲ ਲਈ ਇਹ ਹੀ ਠੀਕ ਹੋਵੇਗਾ ਕਿ ਉਹ ਪੰਜਾਬ ਪੰਜਾਬੀਆਂ ਦੇ ਹਵਾਲੇ ਹੀ ਰਹਿਣ ਦੇਵੇ ਨਾ ਕਿ ਆਪਣੀ ਸਿਆਸੀ ਇੱਛਾ ਪੂਰਤੀ ਲਈ ਭਰਾ ਨੂੰ ਭਰਾ ਲੜਾ ਕੇ ਪੰਜਾਬ ਵਿੱਚ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰੇ।ਕੇਜਰੀਵਾਲ ਦਾ ਪੰਜਾਬ ਵਿੱਚ ਮੁੱਖ ਮੰਤਰੀ ਬਣਨ ਦਾ ਸੁਪਨਾ ਉਸ ਸਮੇਂ ਜਗ ਜਾਹਰ ਹੋ ਗਿਆ ਜਦੋ ਉਸ ਦੇ ਹਲਕੇ ਕਿਰਦਾਰ ਵਾਲੇ ਤੇ ਰੀੜ ਰਹਿਤ ਬੁਲਾਰੇ ਭਗਵੰਤ ਮਾਨ ਨੂੰ ਮੂਰਖਾਨਾ ਅੰਦਾਜ ਵਿੱਚ ਇਹ ਬਿਆਨ ਦਾਗ ਦਿੱਤਾ ਕਿ ਪੰਜਾਬੀ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਦਾ ਚਾਹੁੰਦੇ ਹਨ। 

ਬੈਂਸ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੀ ਸਿਆਸੀ ਲਾਲਸਾ ਦੀ ਪੂਰਤੀ ਲਈ ਪੰਜਾਬ ਦੀ ਸਥਿਤੀ ਦਾ ਜਾਇਜਾ ਲੈਣ ਲਈ ਭਗਵੰਤ ਮਾਨ ਨੂੰ ਇਕ ਪਿਆਦੇ ਵਜੋ ਵਰਤਿਆ ਹੈ।ਉਨ੍ਹਾਂ ਕਿਹਾ ਕਿ ਇਹ ਜਾਣਕੇ ਬੜਾ ਹੀ ਸਦਮਾ ਲੱਗਾ ਕਿ ਕਿਸ ਤਰ੍ਹਾਂ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੀ ਚੜਦੀ ਕਲਾ, ਸੂਰਬੀਰਤਾ ਤੇ ਸਵੈ-ਮਾਣ ਨੂੰ ਸੱਟ ਮਾਰਦਾ ਹੋਇਆ ਆਪਣੇ ਸਿਆਸੀ ਆਕਾ ਕੇਜਰੀਵਾਲ ਦਾ ਭੋਪੂੰ ਬਣਨ ਵਿਚ ਮਾਣ ਮਹਿਸੂਸ ਕਰਦਾ ਹੈ।ਸ. ਬੈਂਸ ਨੇ ਕਿਹਾ ਕਿ ਭਗਵੰਤ ਮਾਨ ਸ਼ਾਇਦ ਇਹ ਭੁੱਲ ਚੁੱਕਾ ਹੈ ਕਿ ਗੁਰੂਆਂ ਵੱਲੋਂ ਵਰੋਸਾਈ ਇਸ ਧਰਤੀ ਤੇ ਰਹਿਣ ਵਾਲੇ ਪੰਜਾਬੀ ਕਦੇ ਵੀ ਕਿਸੇ ਬਾਹਰੀ ਵਿਅਕਤੀ ਖਾਸਕਰ ਹਰਿਆਣਵੀ ਨੂੰ ਆਪਣੇ ਉੱਪਰ ਰਾਜ ਕਰਦੇ ਨਹੀ ਵੇਖ ਸਕਦੇ।ਸ.ਬੈਂਸ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕੀ ਸੋਨੀਆ ਗਾਂਧੀ ਜਾਂ ਅਰਵਿੰਦ ਕੇਜਰੀਵਾਲ ਭੁੱਚੋਂ ਮੰਡੀ ਜਾਂ ਮਾਨਸਾ ਦੇ ਨਿਵਾਸੀ ਹਨ? ਤਾਂ ਫੇਰ ਕਿਸ ਤਰ੍ਹਾਂ ਮਾਨ ਨੇ ਇਹ ਕਿਆਸ ਲਿਆ ਕਿ ਪੰਜਾਬੀ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਨ? 

ਉਨ੍ਹਾਂ ਕਿਹਾ ਕਿ ਅਕਾਲੀ ਦਲ ਸੁੱਚਾ ਸਿੰਘ ਛੋਟੇਪੁਰ ਵਾਲੇ ਕੇਸ ਨੂੰ ਇਕ ਉਸ ਵੱਡੀ ਸਾਜਿਸ਼ ਦਾ ਇਕ ਹਿੱਸਾ ਹੀ ਮੰਨਦਾ ਹੈ ਜਿਸ ਤਹਿਤ ਕੇਜਰੀਵਾਲ ਲਾਣਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਨੂੰ ਬਦਨਾਮ ਕਰਕੇ ਸਿਆਸੀ ਹਾਸ਼ੀਏ ਤੋਂ ਅਲੋਪ ਕਰਨਾ  ਚਾਹੁੰਦਾ ਹੈ।ਅਕਾਲੀ ਦਲ ਨੇ ਭਗਵੰਤ ਮਾਨ ਕੋਲੋਂ ਆਪਣੇ ਇਸ ਬਿਆਨ ਰਾਹੀਂ ਕੀਤੇ ਗਏ ਬੱਜਰ  ਗੁਨਾਹ ਬਦਲੇ ਪੰਜਾਬ ਦੇ ਲੋਕਾਂ ਕੋਲੋਂ ਮਾਫੀ ਮੰਗਣ ਦੀ ਮੰਗ ਕੀਤੀ ।

ਸ.ਬੈਂਸ ਜੋ ਕਿ ਮੁੱਖ ਮੰਤਰੀ ਪੰਜਾਬ ਦੇ ਕੌਮੀ ਮਾਮਲਿਆਂ ਬਾਰੇ ਸਲਾਹਕਾਰ ਵੀ ਹਨ ਨੇ ਕਿਹਾ ਕਿ ਪਹਿਲਾ ਸਿਰਫ ਇਹ ਗੱਲ ਅਫਵਾਹ ਹੀ ਮੰਨੀ ਜਾਂਦੀ ਸੀ ਕਿ ਆਮ ਆਦਮੀ ਪਾਰਟੀ ਦੀ ਗੈਰ ਪੰਜਾਬੀ ਲੀਡਰਸ਼ਿੱਪ ਪੰਜਾਬੀਆਂ  ਦੇ ਸਵੈ-ਮਾਣ ਨੂੰ ਢਾਹ ਲਾ ਕੇ ਪੰਜਾਬੀ ਵਰਕਰਾਂ ਅਤੇ ਲੋਕਾਂ ਦੀ ਇੱਜਤ ਵੀ ਰੋਲ ਰਹੀ ਹੈ ਅਤੇ ਉਹ ਪੰਜਾਬ ਦੇ ਕੁੱਝ ਤੀਜੇ ਦਰਜ਼ੇ ਦੇ ਸਵਾਰਥੀ ਤੇ ਸਾਜਸ਼ੀ ਕਿਰਦਾਰ ਵਾਲੇ ਲੋਕਾਂ ਦੇ ਸਹਾਰੇ ਪੰਜਾਬ ਵਿਚ ਆਪਣਾ ਰਾਜ ਸਥਾਪਿਤ ਕਰਨ ਦੇ ਸੁਪਨੇ ਸਿਰਜ ਰਹੀ ਹੈ।ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਤਾਜ਼ਾ ਖੁਲਾਸਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੇਜਰੀਵਾਲ ਪੰਜਾਬ ਵਿੱਚ ਭਰਾ ਨੂੰ ਭਰਾ ਨਾਲ ਲੜਾ ਕੇ ਆਪ ਇਕ ਨਿਰਵਿਵਾਦ ਅਤੇ ਸਰਬਸਾਂਝਾ ਉਮੀਦਵਾਰ ਬਣਕੇ ਪੰਜਾਬ ਦਾ ਮੁੱਖ ਮੰਤਰੀ ਚਾਹੁੰਦਾ ਹੈ।ਸ.ਬੈਂਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਗਵੰਤ ਮਾਨ ਨਸ਼ੇ ਵਿੱਚ ਹੋਵੇ ਜਦੋ ਉਸਨੇ ਆਪਣੀ ਪਾਰਟੀ ਦਾ ਗੁੱਝਾ ਭੇਤ ਜਗ ਜਾਹਰ ਕਰ ਦਿੱਤਾ।ਉਨ੍ਹਾਂ ਕਿਹਾ ਕਿ ਭਾਵੇਂ ਕਾਰਣ ਕੋਈ ਵੀ ਹੋਵੇ ਪਰ ਭਗਵੰਤ ਮਾਨ ਚਾਪਲੂਸੀ ਦੀ ਹੱਦ ਕਰਦੇ ਹੋਏ ਪੰਜਾਬ ਦੇ ਗੈਰਤਮੰਦ ਲੋਕਾਂ ਦੀ ਅਣਖ ਨੂੰ ਵੰਗਾਰਿਆ ਹੈ ਜਿਸ ਲਈ ਉਸ ਨੂੰ ਸਾਰੇ ਪੰਜਾਬੀਆਂ ਤੋਂ ਬਿਨਾ ਕੋਈ ਦੇਰੀ ਕੀਤੀਆ ਮਾਫੀ ਮੰਗਣ ਚਾਹੀਦੀ ਹੈ।