5 Dariya News

ਪੰਜਾਬ 'ਚ ਜਲਦ ਖੋਲੇ ਜਾਣਗੇ 200 ਸਕਿੱਲ ਸੈਂਟਰ-ਸੁਖਬੀਰ ਸਿੰਘ ਬਾਦਲ

ਮੌੜ ਵਿਧਾਨ ਸਭਾ ਹਲਕੇ 'ਚ 200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ

5 Dariya News

ਮੌੜ ( ਬਠਿੰਡਾ ) 25-Aug-2016

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਰਾਜ ਦੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇਣ ਲਈ ਆਉਂਦੇ  ਡੇਢ ਮਹੀਨੇ ਤੱਕ ਸੂਬੇ ਵਿਚ ਬਲਾਕ ਪੱਧਰ 'ਤੇ 200 ਸਕਿੱਲ ਸੈਂਟਰ ਖੋਲੇ ਜਾ ਰਹੇ ਹਨ ਤਾਂ ਜੋ  ਨੌਜਵਾਨ ਆਪਣੇ ਪਸੰਦੀਦਾ ਕਿੱਤੇ ਦੀ ਸਿਖਲਾਈ ਲੈ ਕੇ ਆਪਣਾ ਕੰਮਕਾਜ ਸਥਾਪਤ ਕਰ ਸਕਣ।ਮੌੜ ਵਿਧਾਨ ਸਭਾ ਹਲਕੇ ਵਿਚ ਲੋਕ ਨਿਰਮਾਣ ਮੰਤਰੀ ਸ. ਜਨਮੇਜਾ  ਸਿੰਘ ਸੇਖੋਂ ਸਮੇਤ  200 ਕਰੋੜ ਦੀ ਲਾਗਤ ਨਾਲ ਸ਼ੁਰੂ ਕੀਤੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਤੋਂ ਪਹਿਲਾਂ ਪੁਰਾਣੀ ਦਾਣਾ ਮੰਡੀ ਵਿਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ  ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਸੈਂਟਰਾਂ ਤੋਂ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਆਪਣਾ ਕੰਮਕਾਜ ਸਥਾਪਤ ਕਰਨ ਲਈ ਪੰਜਾਬ ਸਰਕਾਰ ਵਲੋਂ ਵਿੱਤੀ ਮਦਦ ਵੀ  ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਉਹ ਆਪੋ ਆਪਣੇ ਮੁਹਾਰਤੀ ਕਿੱਤੇ ਰਾਹੀਂ ਆਪਣੇ ਪੈਰੀਂ ਹੋ ਸਕਣ।  ਸੂਬੇ ਵਿਚ ਚਲ ਰਹੇ ਵਿਕਾਸ ਦੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਗਠਜੋੜ ਸਰਕਾਰ ਪਿੰਡਾਂ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸਥਾਪਤ ਕਰਨ ਅਤੇ  ਜਨਤਕ ਸਹੂਲਤਾਂ ਮੁਹੱਈਆ ਕਰਵਾਉਣ  ਲਈ ਪਲਾਨ ਤਿਆਰ ਕਰ ਲਿਆ ਹੈ ਜਿਸ ਤਹਿਤ 12000  ਪਿੰਡਾਂ ਵਿਚ 30000 ਕਰੋੜ ਰੁਪਏ ਦੀ ਲਾਗਤ ਨਾਲ 100ਫ਼ੀਸਦੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਆਉਂਦੇ ਸਾਲਾਂ 'ਚ ਇਨ੍ਹਾਂ ਪਿੰਡਾ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ, ਸੀਵਰੇਜ ਤੇ ਵਾਟਰ ਸਪਲਾਈ, ਸੀਵਰੇਜ ਟਰੀਟਮੈਂਟ ਪਲਾਂਟ, ਗਲੀਆਂ ਦੀ ਉਸਾਰੀ  ਆਦਿ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।

ਰਾਜ ਵਿਚ ਪ੍ਰਸ਼ਾਸਨਿਕ ਸੁਧਾਰਾਂ ਦੇ ਖੇਤਰ ਵਿਚ ਚੁੱਕੇ ਕਰਾਂਤੀਕਾਰੀ  ਕਦਮਾਂ ਦਾ ਹਵਾਲਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ  ਸੇਵਾ ਕੇਂਦਰਾਂ ਰਾਹੀਂ ਨਾਗਰਿਕ ਸੇਵਾਵਾਂ ਲੋਕਾਂ ਨੂੰ ਇੱਕੋ ਛੱਤ ਹੇਠ ਦਿੱਤੀਆਂ ਜਾ ਰਹੀਆਂ ਹਨ ਅਤੇ ਸ਼ਹਿਰੀ  ਸੇਵਾ ਕੇਂਦਰਾਂ ਤੋਂ ਬਾਅਦ ਹੁਣ ਪੇਂਡੂ ਖੇਤਰਾਂ ਵਾਲੇ  2000 ਦੇ ਕਰੀਬ ਕੇਂਦਰ ਵੀ  11 ਸਤੰਬਰ ਨੂੰ  ਖੋਲੇ ਜਾ ਰਹੇ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ  ਉਨ੍ਹਾਂ  ਦੇ ਰਿਹਾਇਸ਼ੀ ਪਿੰਡਾਂ ਨੇੜੇ ਨਾਗਰਿਕ ਸੇਵਾਵਾਂ ਦਿੱਤੀਆਂ ਜਾ ਸਕਣ।2017 ਦਾ ਚੋਣ ਬਿਗਲ ਵਜਾਉਦਿਆਂ  ਉੱਪ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ  ਦਾ ਸਿਆਸੀ ਅੰਤ ਨਿਸ਼ਚਿਤ ਹੈ। ਉਨ੍ਹਾਂ ਕਿਹਾ ਕਿ  ਦਿੱਲੀ ਵਿਚ ਲੋਕਾਂ ਨੂੰ ਗੁੰਮਰਾਹ ਕਰਕੇ ਸਤਾ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਿਚ ਸਫਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਵਲੋਂ ਨਕਾਰੇ ਗਏ ਆਗੂਆਂ ਦਾ ਟੋਲਾ ਹੈ ਜਿਸ ਬਾਰੇ ਸਾਰਾ ਸੱਚ ਲੋਕਾਂ ਸਾਹਮਣੇ ਆ ਚੁੱਕਾ ਹੈ।ਸ. ਬਾਦਲ ਨੇ ਕਿਹਾ ਕਿ ਸੂਬਾ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ 2002-07 ਦੌਰਾਨ ਮੁੱਖ ਮੰਤਰੀ ਹੁੰਦੇ ਹੋਏ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਇਕ ਵੀ ਪ੍ਰਾਜੈਕਟ ਸ਼ੁਰੂ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ  ਕੈਪਟਨ ਅਮਰਿੰਦਰ ਦੇ ਰਾਜ ਦੀ  'ਜ਼ੀਰੋ' ਪ੍ਰਾਪਤੀ ਰਹੀ ਹੈ ਅਤੇ ਪੰਜਾਬ ਦੇ ਲੋਕ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ ਹਨ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ  ਸਿਰਫ਼ ਤੇ ਸਿਰਫ਼  ਵੋਟਾਂ ਦੀ ਰਾਜਨੀਤੀ ਤੱਕ ਹੀ ਸੀਮਤ ਹਨ। ਉਨ੍ਹਾਂ ਕਿਹਾ ਕਿ 2017 ਦੇ ਨਤੀਜੇ ਅਕਾਲੀ-ਭਾਜਪਾ ਸਰਕਾਰ ਦੇ ਪੱਖ ਵਿਚ ਆਉਣਗੇ ਅਤੇ ਗਠਜੋੜ 100 ਦੇ ਕਰੀਬ  ਸੀਟਾਂ ਲੈ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ।

ਪੰਜਾਬ ਨੂੰ ਭਲਾਈ ਸਕੀਮਾਂ ਲਾਗੂ ਕਰਨ ਵਾਲਾ ਮੋਹਰੀ ਸੂਬਾ ਦਸਦਿਆਂ ਸ. ਬਾਦਲ ਨੇ ਕਿਹਾ ਕਿ ਪਿਛਲੇ 9 ਸਾਲਾਂ ਦੌਰਾਲ ਪੰਜਾਬ ਨੇ ਹਰ ਤਬਕੇ ਅਤੇ ਸਮਾਜ ਦੀ ਭÎਲਾਈ ਲਈ ਅਨੇਕਾਂ ਸਕੀਮਾਂ ਸ਼ੁਰੂ ਕੀਤੀਆਂ ਜੋ ਕਿ ਬੜੇ ਕਾਮਯਾਬ ਢੰਗ ਨਾਲ ਚਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਇਨ੍ਹਾ ਸਕੀਮਾਂ ਨੂੰ ਸ਼ੁਰੂ ਕਰਨ ਅਤੇ  ਰਾਜ ਵਿਚ ਆਪਸੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਵਧਾਈ ਦੇ ਪਾਤਰ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਨੇ  ਪੰਜਾਬ ਦੇ ਭਾਰੀ ਗਿਣਤੀ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਹਨ ਅਤੇ ਹੁਣ ਇਸ ਸਕੀਮ ਤਹਿਤ ਪੂਰੇ ਪੰਜਾਬ 'ਚੋਂ ਬੱਸਾਂ ਸ੍ਰੀ ਦਰਬਾਰ ਸਾਹਿਬ ਲਈ  ਰਵਾਨਾ ਕੀਤੀਆਂ ਜਾ ਰਹੀਆਂ ਹਨ।ਲੋਕ ਨਿਰਮਾਣÎ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਪੰਜਾਬ ਨੇ ਵਿਕਾਸ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਈਆਂ ਹਨ ਅਤੇ ਪੰਜਾਬ ਨੇ ਇਸ ਅਰਸੇ ਦੌਰਾਨ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਰਿਕਾਰਡ ਵਿਕਾਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌੜ ਵਿਧਾਨ ਸਭਾ ਹਲਕੇ ਵਿਚ ਪਿਛਲੇ ਸਾਲਾਂ ਦੌਰਾਨ 450 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਕਿਹਾ ਕਿ ਪੰਜਾਬ ਵਿਰੋਧੀ ਪਾਰਟੀਆਂ ਤੋਂ ਬਚਣ ਦੀ ਸਖ਼ਤ ਲੋੜ ਹੈ ਤਾ ਕਿ ਰਾਜ ਅੰਦਰ  ਚਲ ਰਹੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾ ਸਕੇ।ਇਸ ਤੋਂ ਪਹਿਲਾਂ ਵਿਧਾਇਕ ਸ੍ਰੀ ਸਰੂਪ ਚੰਦ ਸਿੰਗਲਾ ਅਤੇ ਸ. ਦਰਸ਼ਨ ਸਿੰਘ ਕੋਟਫੱਤਾ ਨੇ ਵੀ ਆਪਣੇ ਸੰਬੋਧਨ ਵਿਚ ਪੰਜਾਬ ਵਾਸੀਆਂ ਨੂੰ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਹੀ ਕੀਤਾ ਹੈ ਅਤੇ  ਦਿੱਲੀ ਦੇ ਲੋਕ ਆਮ ਆਦਮੀ  ਪਾਰਟੀ ਦੀ ਸਰਕਾਰ ਤੋਂ ਡਾਢੇ ਦੁਖੀ ਹਨ ਜਿਸ ਕਰਕੇ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।ਇਸ ਉਪਰੰਤ ਸ. ਬਾਦਲ ਨੇ ਸ. ਸੇਖੋਂ ਸਮੇਤ 70.85 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਮੌੜ-ਤਲਵੰਡੀ ਰੇਲਵੇ ਓਵਰ ਬ੍ਰਿਜ, 84.81 ਕਰੋੜ ਦੀ ਲਾਗਤ ਨਾਲ ਅਪਗਰੇਡ ਕੀਤੀ ਜਾ ਰਹੀ ਰਾਮਪੁਰਾ-ਮੌੜ ਸੜਕ ਤੋਂ ਇਲਾਵਾ 33.50 ਕੋੜ ਦੀ ਲਾਗਤ ਨਾਲ  ਬਨਣ ਵਾਲੇ ਭਾਈ ਬਖਤੌਰ ਰੇਲਵੇ ਓਵਰ ਬ੍ਰਿਜ ਅਤੇ ਭਾਈ ਬਖਤੌਰ ਲਿੰਕ ਚੈਨਲ ਦੀ ਉਸਾਰੀ  ਦੇ ਕੰਮ  ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਵਿਧਾਇਕ ਸ਼੍ਰੀ ਸਰੂਪ ਚੰਦ ਸਿੰਗਲਾ, ਸ. ਦਰਸ਼ਨ ਸਿੰਘ ਕੋਟਫੱਤਾ, ਚੇਅਰਮੈਨ ਸ. ਤਜਿੰਦਰ ਸਿੰਘ ਮਿੱਡੂਖੇੜਾ ਤੋ ਇਲਾਵਾ ਹਲਕੇ ਦੀਆ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।