5 Dariya News

ਬਿਕਰਮ ਸਿੰਘ ਮਜੀਠੀਆ ਵੱਲੋਂ ਅੱਪਰ ਬਾਰੀ ਦੁਆਬ ਨਹਿਰ ਦੇ ਨਵੀਨੀਕਰਨ ਲਈ ਕੇਂਦਰ ਸਰਕਾਰ ਤੋਂ ਗਰਾਂਟ ਦੀ ਮੰਗ

ਵਫਦ ਵੱਲੋਂ ਮਜੀਠੀਆ ਦੀ ਅਗਵਾਈ ਹੇਠ ਵਿਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ

5 Dariya News

ਅੰਮ੍ਰਿਤਸਰ 23-Aug-2016

ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਇੱਕ ਵਫਦ ਵੱਲੋਂ ਅੱਪਰ ਬਾਰੀ ਦੁਆਬ ਨਹਿਰ ਦੇ ਨਵੀਨੀਕਰਨ ਅਤੇ ਆਧੁਨਿਕੀਕਰਨ ਕਰਨ ਹਿੱਤ ਕੇਂਦਰੀ ਖਜ਼ਾਨਾ ਮੰਤਰੀ ਸ੍ਰੀ ਅਰੁਨ ਜੇਤਲੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਅਤੇ ਇਸ ਸਬੰਧੀ 1386.79 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਜਲਦ ਜਾਰੀ ਕਰਨ ਲਈ ਮੰਗ ਪੱਤਰ ਵੀ ਸੋਪਿਆ। ਇਸ ਮੌਕੇ ਸ. ਮਜੀਠੀਆ ਨੇ ਇਸ ਸਰਹੱਦੀ ਖੇਤਰ ਵਿਚ ਸਨਅਤ ਦੇ ਵਿਕਾਸ ਲਈ ਵਿਸ਼ੇਸ਼ ਸਹੂਲਤਾਂ ਦੇਣ ਅਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ਾਂ ਲਈ ਹੋਰ ਉਡਾਨਾਂ ਸ਼ੁਰੂ ਕਰਨ ਦਾ ਮੁੱਦਾ ਵੀ ਵਿਤ ਮੰਤਰੀ ਕੋਲ ਉਠਾਇਆ।ਸ. ਮਜੀਠੀਆ ਨੇ ਵਿਤ ਮੰਤਰੀ ਨੂੰ ਦੱਸਿਆ ਕਿ ਅੱਪਰ ਬਾਰੀ ਦੁਆਬ ਨਹਿਰ ਨਾਲ 13.43 ਲੱਖ ਏਕੜ ਜ਼ਮੀਨ ਦੀ ਸਿੰਚਾਈ ਕੀਤੀ ਜਾਂਦੀ  ਹੈ ਪਰ ਮੌਜੂਦਾ ਸਮੇਂ ਇਸਦੀ ਮਾੜੀ ਹਾਲਤ ਕਾਰਨ ਇਹ ਸਿਰਫ਼ 63 ਫੀਸਦੀ ਜ਼ਮੀਨ ਨੂੰ ਹੀ ਪਾਣੀ ਮੁਹੱਈਆ ਕਰਵਾ ਰਹੀ ਹੈ।ਸ. ਮਜੀਠੀਆਂ ਨੇ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਅੱਪਰ ਬਾਰੀ ਦੁਆਬ ਨਹਿਰ ਦੇ ਨਵੀਨੀਕਰਨ ਅਤੇ ਮੁਰੰਮਤ ਨਾਲ ਬਹੁਤ ਵੱਡਾ ਲਾਭ ਹੋਵੇਗਾ ਅਤੇ ਜ਼ਮੀਨਦੋਜ਼ ਪਾਣੀ ਦੀ ਵੀ ਬਚਤ ਹੋਵੇਗੀ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕੇਂਦਰੀ ਵਿੱਤ ਅਤੇ ਪਾਣੀਆਂ ਬਾਰੇ ਮੰਤਰਰਾਲੇ ਨੂੰ ਅਗਸਤ 2015 ਵਿੱਚ ਇੱਕ ਪ੍ਰਸਤਾਵ ਬਣਾ ਕੇ ਭੇਜਿਆ ਜਾ ਚੁਕਿਆ ਹੈ ਅਤੇ ਕੇਂਦਰ ਵਿੱਤ ਮੰਤਰਰਾਲੇ ਅਤੇ ਪਾਣੀਆਂ ਬਾਰੇ ਕੇਂਦਰੀ ਕਮਿਸ਼ਨ ਵੱਲੋਂ ਇਸ ਨੂੰ ਤਕਨੀਕੀ ਪ੍ਰਵਾਨਗੀ ਵੀ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਪਾਣੀਆਂ ਬਾਰੇ ਮੰਤਰਰਾਲੇ ਦੀ ਤਕਨੀਕੀ ਕਮੇਟੀ ਦੀ ਅਗਲੀ ਮੀਟਿੰਗ ਵਿੱਚ ਇਸ ਨੂੰ ਪ੍ਰਵਾਨਗੀ ਹਿੱਤ ਪੇਸ਼ ਕੀਤਾ ਜਾਣਾ ਹੈ।ਸ. ਮਜੀਠੀਆ ਨੇ ਸ੍ਰੀ ਅਰੁਣ ਜੇਤਲੀ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਮਾਮਲੇ 'ਤੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਮਿਲਣ ਆਉਣਾ ਸੀ,  ਪ੍ਰੰਤੂ ਕੁਝ ਕਾਰਨਾਂ ਕਰਕੇ ਉਹ ਖੁਦ ਨਹੀਂ ਆ ਸਕੇ ਅਤੇ ਉਨ੍ਹਾਂ ਨੇ ਮੈਨੂੰ  ਅੱਪਰ ਬਾਰੀ ਦੁਆਬ ਨਹਿਰ ਮਾਮਲੇ 'ਤੇ ਕੇਸ ਪੇਸ਼ ਕਰਨ ਲਈ ਭੇਜਿਆ ਹੈ।ਸ. ਮਜੀਠੀਆ ਨੇ ਕਿਹਾ ਕਿ ਇਹ 400 ਕਿਲੋਮੀਟਰ ਲੰਬੀ ਨਹਿਰ ਦੇਸ਼ ਦੀ ਸ਼ਭ ਤੋਂ ਪੁਰਾਣੀ ਨਹਿਰ ਹੈ, ਜਿਸ ਦਾ ਨਿਰਮਾਣ ਅੰਗਰੇਜ ਸਰਕਾਰ ਨੇ 1889 ਵਿੱਚ ਕਰਵਾਇਆ ਸੀ।  ਇਸ ਨਹਿਰ ਦੀਆਂ ਸੱਤ ਮੁੱਖ ਬਰਾਂਚਾਂ ਅਤੇ 247 ਡਿਸਟੀਬਿਊਟਰੀਜ਼ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਟਿਊਬਵੈਲਾਂ ਦੀ ਵਰਤੋਂ ਕਾਰਨ ਜ਼ਮੀਨਦੋਜ ਪਾਣੀ ਦਿਨੋ ਦਿਨ ਘੱਟਦਾ ਜਾ ਰਿਹਾ ਹੈ, ਇਸ ਲਈ ਮਾਝਾ ਅਤੇ ਦੁਆਬਾ ਖੇਤਰ ਦੇ ਕਿਸਾਨਾਂ ਲਈ ਇਹ ਨਹਿਰੀ ਪਾਣੀ ਵਰਦਾਨ ਸਾਬਤ ਹੋਵੇਗਾ। ਸ. ਮਜੀਠੀਆ ਨੇ ਕਿਹਾ ਕਿ ਸ੍ਰੀ ਅਰੁਣ ਜੇਤਲੀ ਵੱਲੋਂ ਭਰੋਸਾ ਦੁਆਇਆ ਗਿਆ ਕਿ ਇਸ ਮਾਮਲੇ ਦਾ ਜਲਦ ਹੀ ਹਾਂ ਪੱਖੀ ਨਿਪਟਾਰਾ ਕੀਤਾ ਜਾਵੇਗਾ ।ਇਸ ਵਫਦ ਵਿੱਚ ਸ. ਮਜੀਠੀਆ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸ. ਵੀਰ ਸਿੰਘ ਲੋਪੋਕੇ, ਜ਼ਿਲ੍ਹਾ ਗੁਰਦਾਸਪੁਰ ਤੋਂ ਅਕਾਲੀ ਦਲ ਦੇ ਪ੍ਰਧਾਨ ਸ. ਸੁੱਚਾ ਸਿੰਘ ਲੰਗਾਹ, ਜ਼ਿਲ੍ਹਾ ਪਠਾਨਕੋਟ ਦੇ ਪਾਰਟੀ ਪ੍ਰਧਾਨ ਸ. ਹਰਦੀਪ ਸਿੰਘ ਲਮੀਣੀ, ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਵਿਧਾਇਕ ਅਮਰਪਾਲ ਸਿੰਘ ਬੋਨੀ , ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਵਿਧਾਇਕ ਹਰਮੀਤ ਸਿੰਘ ਸੰਧੂ, ਵਿਧਾਇਕ ਵਿਰਸਾ ਸਿੰਘ ਵਲਟੋਹਾ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ।