ਆਮ ਆਦਮੀ ਵੱਲੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ
ਆਮ ਆਦਮੀ ਪਾਰਟੀ ਆਗੂਆਂ 'ਤੇ ਝੂਠੇ ਦੋਸ਼ ਲਗਾਉਣ ਵਾਲਿਆਂ ਨੂੰ ਅਦਾਲਤਾਂ ਵਿੱਚ ਘਸੀਟਾਂਗੇ : ਹਿੰਮਤ ਸਿੰਘ ਸ਼ੇਰਗਿੱਲ
5 Dariya News
ਸਾਹਿਬਜ਼ਾਦਾ ਅਜੀਤ ਸਿੰਘ ਨਗਰ 23-Aug-2016
ਆਮ ਆਦਮੀ ਪਾਰਟੀ (ਆਪ) ਵੱਲੋਂ ਅੱਜ ਇੱਥੋਂ ਦੇ ਫੇਜ਼ 3 ਵਿਖੇ ਆਪਣਾ ਹਲਕਾ ਮੋਹਾਲੀ ਦਾ ਦਫ਼ਤਰ ਖੋਲ੍ਹ ਦਿੱਤਾ ਗਿਆ। ਇਸ ਦਫ਼ਤਰ ਦਾ ਉਦਘਾਟਨ ਇੱਕ ਚਾਹ ਬਣਾਉਣ ਵਾਲੇ ਸਧਾਰਨ ਵਿਅਕਤੀ ਕੋਲੋਂ ਰਿਬਨ ਕਟਵਾ ਕੇ ਕਰਵਾਇਆ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਅੱਜ ਤੋਂ ਬਾਅਦ ਪਾਰਟੀ ਦੀਆਂ ਸਾਰੀਆਂ ਗਤੀਵਿਧੀਆਂ ਇਸ ਦਫ਼ਤਰ ਰਾਹੀਂ ਕੀਤੀਆਂ ਜਾਣਗੀਆਂ। ਵਿਰੋਧੀ ਪਾਰਟੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ 'ਤੇ ਲਗਾਏ ਜਾ ਰਹੇ ਤਰ੍ਹਾਂ ਤਰ੍ਹਾਂ ਦੇ ਦੋਸ਼ਾਂ ਅਤੇ ਫਸਾਦਾਂ ਵਿੱਚ ਘਿਰੇ ਹੋਣ ਬਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਪੰਜਾਬ ਵਿੱਚ ਅਕਾਲੀ-ਭਾਜਪਾ ਅਤੇ ਕਾਂਗਰਸੀ ਆਗੂਆਂ ਦੀ ਨੀਂਦ ਹਰਾਮ ਹੋ ਰੱਖੀ ਹੈ। 'ਆਪ' ਦਾ ਲੋਕਾਂ ਵਿੱਚ ਅਕਸ ਵਿਗਾੜਨ ਦੀ ਮਨਸ਼ਾ ਨਾਲ ਇਹ ਵਿਰੋਧੀ ਪਾਰਟੀਆਂ ਝੂਠੇ, ਬੇਤੁਕੇ ਬਿਆਨ ਦਾਗ ਰਹੀਆਂ ਹਨ ਅਤੇ ਬਿਨਾਂ ਸਬੂਤਾਂ ਤੋਂ 'ਆਪ' ਆਗੂਆਂ 'ਤੇ ਦੋਸ਼ ਲਗਾਏ ਜਾ ਰਹੇ ਹਨ।ਜਦਕਿ ਪੰਜਾਬ ਦੇ ਲੋਕ ਇਨ੍ਹਾਂ ਵਿਰੋਧੀ ਪਾਰਟੀਆਂ ਦੀ ਅਸਲੀਅਤ ਭਲੀ ਪ੍ਰਕਾਰ ਜਾਣ ਚੁੱਕੇ ਹਨ।
ਸ਼ੇਰਗਿੱਲ ਨੇ ਕਿਹਾ ਕਿ 'ਆਪ' ਆਗੂਆਂ 'ਤੇ ਬਿਨਾ ਸਬੂਤ ਦੋਸ਼ ਲਗਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਮਾਂ ਆਉਣ 'ਤੇ ਅਜਿਹੇ ਦੋਸ਼ ਲਗਾਉਣ ਵਾਲਿਆਂ ਨੂੰ ਅਦਾਲਤਾਂ ਵਿੱਚ ਘਸੀਟਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਦਲ ਬਦਲ ਕੇ ਪਿਛਲੇ 70 ਸਾਲਾਂ ਤੋਂ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਘਟੀਆ ਅਤੇ ਸੌੜੀ ਰਾਜਨੀਤੀ ਚਲਾਉਣ ਵਾਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਦਾ ਸਫ਼ਾਇਆ ਕਰਨ ਲਈ ਜੁਟ ਜਾਣ ਅਤੇ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਤੋਂ ਸਹਿਯੋਗ ਦੇਣ।ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਵਿਧਾਨ ਸਭਾ ਸੀਟ ਜਿੱਤਣ ਉਪਰੰਤ ਉਹ ਲਾਲ ਬੱਤੀਆਂ ਵਾਲੀਆਂ ਕਾਰਾਂ ਵਿੱਚ ਨਹੀਂ ਘੁੰਮਣਗੇ ਬਲਕਿ ਇੱਕ ਆਮ ਆਦਮੀ ਦੀ ਤਰ੍ਹਾਂ ਹੀ ਆਮ ਲੋਕਾਂ ਵਿੱਚ ਵਿਚਰਦੇ ਰਹਿਣਗੇ।ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਹਿੰਮਤ ਸਿੰਘ ਸ਼ੇਰਗਿੱਲ ਨੂੰ ਫੁੱਲਾਂ ਦੇ ਬੁੱਕੇ ਭੇਂਟ ਕਰਕੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਵੀ ਕੀਤਾ।ਇਸ ਮੌਕੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਅਸ਼ਵਨੀ ਵੈਦ, ਮੈਡਮ ਰਾਜ ਗਿੱਲ, ਮੈਡਮ ਅਮਰਦੀਪ ਕੌਰ ਲੀਗਲ ਐਡਵਾਈਜ਼ਰ ਵੁਮੈਨ ਵਿੰਗ ਪੰਜਾਬ, ਤਰਸੇਮ ਸਿੰਘ ਗੰਧੋਂ ਮੀਤ ਪ੍ਰਧਾਨ ਐਸ.ਸੀ./ਐਸ.ਟੀ. ਵਿੰਗ ਪੰਜਾਬ, ਮੀਨਾ ਸ਼ਰਮਾ, ਮਲਕੀਤ ਸਿੰਘ ਬਾਠ, ਵਿਕਰਮ ਬਾਜਵਾ, ਬਲਦੇਵ ਸਿੰਘ ਮਾਨ, ਇਕਬਾਲ ਸਿੰਘ, ਰਮਣੀਕ ਸਿੰਘ ਆਦਿ ਵੀ ਹਾਜ਼ਰ ਸਨ।