ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦੇ ਸਮਾਗਮ ਇਤਿਹਾਸਕ ਤੇ ਯਾਦਗਾਰੀ ਹੋਣਗੇ: ਸੁਖਦੇਵ ਸਿੰਘ ਢੀਂਡਸਾ
ਸਮਾਗਮਾਂ ਰਾਹੀਂ ਨਵੀਂ ਪੀੜ੍ਹੀਂ ਨੂੰ ਪੰਜਾਬੀ ਸੂਬੇ ਦੇ ਇਤਿਹਾਸ ਅਤੇ ਅਹਿਮੀਅਤ ਬਾਰੇ ਜਾਣੂੰ ਕਰਵਾਇਆ ਜਾਵੇਗਾ: ਡਾ. ਦਲਜੀਤ ਸਿੰਘ ਚੀਮਾ
5 Dariya News
ਚੰਡੀਗੜ੍ਹ 21-Aug-2016
ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਅੱਜ ਇਥੇ ਪੰਜਾਬ ਭਵਨ ਵਿਖੇ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਬਣਾਈ ਉਚ ਪੱਧਰੀ ਕਮੇਟੀ ਦੀ ਮੀਟਿੰਗ ਹੋਈ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਉਚ ਅਧਿਕਾਰੀਆਂ ਸਮੇਤ ਸਬੰਧਤ ਵਿਭਾਗਾਂ ਦੇ ਸਕੱਤਰ ਤੇ ਮੁਖੀ ਸ਼ਾਮਲ ਹੋਏ।ਮੀਟਿੰਗ ਉਪਰੰਤ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਸ. ਢੀਂਡਸਾ ਨੇ ਕਿਹਾ ਕਿ ਮਹੀਨਾ ਭਰ ਚੱਲਣ ਵਾਲੇ ਸਮਾਗਮ ਇਤਿਹਾਸਕ ਤੇ ਯਾਦਗਾਰੀ ਹੋਣਗੇ। ਵੱਡੇ ਉਦਘਾਟਨੀ ਤੇ ਸਮਾਪਤੀ ਸਮਾਰੋਹ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਸਮਾਗਮ ਕਰਵਾਏ ਜਾਣਗੇ ਜਿਨ੍ਹਾਂ ਰਾਹੀਂ ਸੂਬੇ ਦੇ ਹਰ ਵਸਨੀਕ ਨੂੰ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਵਿਭਾਗ ਵੱਲੋਂ ਹਰ ਪੱਧਰ 'ਤੇ ਸਮਾਗਮ ਕਰਵਾਏ ਜਾਣਗੇ ਜਿਨ੍ਹਾਂ ਰਾਹੀਂ ਅਮੀਰ ਪੰਜਾਬੀ ਵਿਰਸੇ, ਮਾਂ-ਬੋਲੀ, ਸਾਹਿਤ, ਸੱਭਿਆਚਾਰ, ਵਿਰਾਸਤ ਦੇ ਦਰਸ਼ਨ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਹਰ ਵਿਭਾਗ ਆਪਣੇ ਨਾਲ ਸਬੰਧਤ ਸਮਾਗਮਾਂ ਦੀ ਰੂਪ ਰੇਖਾ ਉਲੀਕ ਰਿਹਾ ਹੈ ਜਿਸ ਨੂੰ ਅੰਤਿਮ ਰੂਪ ਅਗਲੀ ਮੀਟਿੰਗ ਵਿੱਚ ਦੇਣ ਉਪਰੰਤ ਮਹੀਨਾ ਭਰ ਚੱਲਣ ਵਾਲੇ ਸਮਾਗਮਾਂ ਦਾ ਕੈਲੰਡਰ ਜਾਰੀ ਕੀਤਾ ਜਾਵੇਗਾ।ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੂਬਾ ਵਾਸੀਆਂ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਵੱਡਾ ਸੰਘਰਸ਼ ਕਰਦਿਆਂ ਅਥਾਹ ਕੁਰਬਾਨੀਆਂ ਦਿੱਤੀਆਂ।
50ਵੀਂ ਵਰ੍ਹੰਗੇਢ ਮੌਕੇ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ਰਾਹੀਂ ਨਵੀਂ ਪੀੜ੍ਹੀਂ ਨੂੰ ਪੰਜਾਬੀ ਸੂਬੇ ਦੇ ਇਤਿਹਾਸ, ਕੁਰਬਾਨੀਆਂ ਅਤੇ ਅਹਿਮੀਅਤ ਤੋਂ ਜਾਣੂੰ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬੀ ਸੂਬੇ ਦੇ ਇਤਿਹਾਸ ਸਬੰਧੀ ਇਕ ਡਾਕੂਮੈਂਟਰੀ ਫਿਲਮ ਬਣਾਈ ਜਾ ਰਹੀ ਹੈ ਜਿਸ ਨੂੰ ਸਮਾਗਮਾਂ ਦੌਰਾਨ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ। ਪੰਜਾਬੀ ਸੂਬੇ ਦੇ ਸੰਘਰਸ਼ ਨੂੰ ਦਰਸਾਉਂਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਥਾਂ-ਥਾਂ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਦੇ ਬਲਾਕ ਤੋਂ ਸੂਬਾ ਪੱਧਰ ਤੱਕ ਕਰਵਾਏ ਜਾਣ ਵਾਲੇ ਸਹਿ ਵਿਦਿਅਕ, ਸਾਹਿਤਕ ਤੇ ਸੱਭਿਆਚਾਰਕ ਮੁਕਾਬਲਿਆਂ ਦਾ ਥੀਮ ਪੰਜਾਬੀ ਸੂਬੇ ਨਾਲ ਸਬੰਧਤ ਹੋਵੇਗਾ।ਮੀਟਿੰਗ ਵਿੱਚ ਉਪ ਮੁੱਖ ਮੰਤਰੀ ਦੇ ਸਲਾਹਕਾਰ ਸ. ਮਨਜਿੰਦਰ ਸਿੰਘ ਸਿਰਸਾ, ਪ੍ਰਮੁੱਖ ਸਕੱਤਰ, ਸੱਭਿਆਚਾਰ ਮਾਮਲੇ ਸ੍ਰੀਮਤੀ ਅੰਜਲੀ ਭਾਵੜਾ, ਪ੍ਰਮੁੱਖ ਸਕੱਤਰ, ਆਜ਼ਾਦੀ ਘੁਲਾਟੀਆ ਸ੍ਰੀ ਵੀ.ਕੇ.ਜੰਜੂਆ, ਪ੍ਰਮੁੱਖ ਸਕੱਤਰ, ਐਨ.ਆਰ.ਆਈ. ਸ੍ਰੀ ਸੰਜੇ ਕੁਮਾਰ, ਸਕੱਤਰ, ਖੇਡਾਂ ਸ੍ਰੀ ਵੀ.ਪੀ.ਸਿੰਘ, ਸਕੱਤਰ, ਸੂਚਨਾ ਤੇ ਲੋਕ ਸੰਪਰਕ ਸ੍ਰੀ ਰਾਹੁਲ ਤਿਵਾੜੀ, ਵਧੀਕ ਸਕੱਤਰ, ਸ਼ਿਕਾਇਤ ਨਿਵਾਰਨ ਸ੍ਰੀਮਤੀ ਰੁਪਾਂਜਲੀ ਕਾਰਥਿਕ, ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਡਾ.ਸੇਨੂੰ ਦੁੱਗਲ, ਡਾਇਰੈਕਟਰ, ਸੱਭਿਆਚਾਰ ਮਾਮਲੇ ਡਾ.ਨਵਜੋਤ ਰੰਧਾਵਾ, ਡਾਇਰੈਕਟਰ, ਖੇਡਾਂ ਸ੍ਰੀ ਰਾਹੁਲ ਗੁਪਤਾ, ਡੀ.ਪੀ.ਆਈ. (ਕਾਲਜਾਂ) ਸ੍ਰੀ ਟੀ.ਕੇ.ਗੋਇਲ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਪ੍ਰਸਿੱਧ ਇਤਿਹਾਸਕ ਸ. ਹਰਵਿੰਦਰ ਸਿੰਘ ਖਾਲਸਾ, ਡਿਪਟੀ ਡਾਇਰੈਕਟਰ, ਐਸ.ਸੀ.ਈ.ਆਰ.ਟੀ. ਡਾ.ਗਿੰਨੀ ਦੁੱਗਲ, ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਸ੍ਰੀ ਮੇਵਾ ਸਿੰਘ ਸਿੱਧੂ ਆਦਿ ਹਾਜ਼ਰ ਸਨ।