5 Dariya News

ਪੰਜਾਬ ਸਰਕਾਰ ਵੱਲੋਂ ਮੱਖੀ ਪਾਲਣ ਧੰਦੇ ਨੂੰ ਉਤਿਸ਼ਾਹਿਤ ਕਰਨ ਲਈ ਕੱਚੇ ਸ਼ਹਿਤ, ਬਕਸਿਆਂ ਅਤੇ ਹੋਰ ਉਪਕਰਣਾਂ ਤੇ ਕੀਤਾ ਵੈਟ ਮਾਫ : ਜਥੇਦਾਰ ਤੋਤਾ ਸਿੰਘ

ਕਿਸਾਨ ਤੇ ਨੌਜਵਾਨ ਬੀ-ਕੀਪਿੰਗ ਧੰਦੇ ਨੂੰ ਅਪਣਾਕੇ ਆਪਣੀ ਆਮਦਨ ਵਿੱਚ ਕਰ ਸਕਦੇ ਹਨ ਵਾਧਾ , ਬਾਗਵਾਨੀ ਵਿਭਾਗ ਵੱਲੋਂ ਪੀ.ਏ.ਯੂ ਵਿਖੇ ਮਨਾਇਆ ਗਿਆ ਵਿਸ਼ਵ ਸ਼ਹਿਦ ਮੱਖੀ ਦਿਵਸ

5 Dariya News (ਅਜੇ ਪਾਹਵਾ)

ਲੁਧਿਆਣਾ 20-Aug-2016

ਬਾਗਬਾਨੀ ਵਿਭਾਗ ਵੱਲੋਂ ਅੱਜ ਵਿਸ਼ਵ ਸ਼ਹਿਦ ਮੱਖੀ ਦਿਵਸ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜਥੇਦਾਰ ਤੋਤਾ ਸਿੰਘ ਖੇਤੀਬਾੜੀ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ ਨੇ ਕੀਤੀ। ਇਸ ਸਮਾਗਮ ਵਿੱਚ ਸ਼ਹਿਦ ਮੱਖੀ ਪਾਲਣ ਸਬੰਧੀ ਰਾਜ ਪੱਧਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿਚ ਸੂਬੇ ਭਰ ਦੇ ਲਗਭਗ 400 ਸ਼ਹਿਦ ਮੱਖੀ ਪਾਲਕਾਂ ਨੇ ਭਾਗ ਲਿਆ ਗਿਆ। ਇਸ ਸੈਮੀਨਾਰ ਦੌਰਾਨ ਇਕ ਟੈਕਨੀਕਲ ਸੈਕਰਵਾਇਆ ਗਿਆ ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਵੱਲੋ ਬੀ-ਕੀਪਰਾਂ ਨੂੰ ਬੀ-ਕੀਪਿੰਗ ਦੇ ਧੰਦੇ ਸਬੰਧੀ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਮੌਕੇ ਤੇ ਜਵਾਬ ਦਿੱਤੇ ਗਏ।ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਥੇਦਾਰ ਤੋਤਾ ਸਿੰਘ ਖੇਤੀਬਾੜੀ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੀ-ਕੀਪਿੰਗ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਬਾਗਬਾਨੀ ਵਿਭਾਗ ਦੇ ਮਹਿਰਾਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨ ਅਤੇ ਬੀ-ਕੀਪਰਾਂ ਦਾ ਇਕ ਵਫਦ ਸਲੋਵੇਨੀਆ ਅਤੇ ਹੰਗਰੀ ਦੇਸ਼ਾਂ ਵਿੱਚ ਭੇਜਿਆ ਗਿਆ ਸੀ, ਜਿਥੋਂ ਇਹ ਵਫਦ ਇਹਨਾਂ ਦੇਸ਼ਾਂ ਵਿਚ ਇਸ ਧੰਦੇ ਸਬੰਧੀ ਨਵੀਨਤਮ ਤਕਨੀਕਾਂ ਸਬੰਧੀ ਕਾਫੀ ਜਾਣਕਾਰੀ ਲੈ ਕੇ ਆਇਆ ਹੈ, ਜਿਸ ਨੂੰ ਰਾਜ ਵਿਚ ਲਾਗੂ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਿ ਕੱਚੇ ਸ਼ਹਿਦ, ਬਕਸਿਆਂ ਅਤੇ ਸ਼ਹਿਦ ਮੱਖੀ ਪਾਲਣ ਸਬੰਧੀ ਹੋਰ ਉਪਕਰਣਾਂ ਤੇ ਵੈਟ ਮਾਫ ਕਰ ਦਿੱਤਾ ਗਿਆ ਹੈ ਅਤੇ ਸ਼ਹਿਦ ਮੱਖੀ ਪਾਲਕਾਂ ਤੋ ਸ਼ਹਿਦ ਦੀ ਖਰੀਦ ਲਈ ਘਟੋ ਘੱਟ ਸਮਰੱਥਨ ਮੁੱਲ (ਐਮ.ਐਸ.ਪੀ) ਵੀ ਤੈਅ ਕੀਤਾ ਗਿਆ ਹੈ।  

ਸ੍ਰੀ ਗੁਰਕੰਵਲ ਸਿੰਘ ਡਾਇਰੈਕਟਰ ਬਾਗਬਾਨੀ, ਪੰਜਾਬ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਰਾਜ ਵਿਚ ਸ਼ਹਿਦ ਦੀ ਲਗਭਗ 15,000 ਮੀਟਰਿਕ ਟਨ ਦੀ ਪੈਦਾਵਾਰ ਹੋ ਰਹੀ ਹੈ ਜੋ ਕਿ ਭਾਰਤ ਦੀ ਕੁਲ ਪੈਦਾਵਾਰ ਦਾ ਲਗਭਗ 20 ਪ੍ਰਤੀਸ਼ਤ ਹੈ। ਉਹਨਾਂ ਦੱਸਿਆ ਕਿ ਪੰਜਾਬ ਤੋਂ ਲਗਭਗ 13,000 ਮੀ.ਟਨ ਸ਼ਹਿਦ ਐਕਸਪੋਰਟ ਹੋ ਰਿਹਾ ਹੈ ਜੋ ਕਿ ਭਾਰਤ ਦੇ ਕੁਲ ਐਕਸਪੋਰਟ ਦਾ ਲਗਭਗ 39 ਪ੍ਰਤੀਸ਼ਤ ਹੈ। ਉਹਨਾਂ ਅੱਗੇ ਦੱਸਿਆ ਕਿ ਬੀ-ਕੀਪਿੰਗ ਦਾ ਧੰਦਾ ਅਪਨਾਉਣ ਲਈ ਕੌਮੀ ਬਾਗਬਾਨੀ ਮਿਸ਼ਨ ਅਧੀਨ 40 ਪ੍ਰਤੀਸ਼ਤ ਦੇ ਹਿਸਾਬ ਨਾਲ 50 ਕਲੋਨੀਆਂ ਤੇ 80,000 ਰੁਪਏ, ਬੀ-ਕੀਪਿੰਗ ਸਬੰਧੀ ਉਪਕਰਣਾਂ ਤੇ 8000 ਰੁਪਏ, ਬੀ-ਬਰੀਡਰ ਨੂੰ 4,00,000 ਰੁਪਏੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਅਧੀਨ ਹੁਣ ਤੱਕ 1,12,457 ਕਲੋਨੀਆਂ ਲਈ 1550.33 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਅਤੇ ਲਗਭਗ 6300 ਸਿੱਖਿਆਰਥੀਆਂ ਨੂੰ ਮੁਫਤ ਟਰੇਨਿੰਗ ਦਿੱਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਸ਼ਹਿਦ ਮੱਖੀਆਂ ਦੀ ਕਲੋਨੀ ਤੋਂ ਪੈਦਾ ਹੋਣ ਵਾਲੇ ਬੀ-ਵੈਨਮ ਅਤੇ ਰਾਇਲ ਜੈਲੀ ਦੀ ਮਹੱਤਤਾ ਨੂੰ ਦੇਖਦੇ ਹੋਏ ਬਾਗਬਾਨੀ ਮਹਿਕਮੇ ਵੱਲੋਂ ਆਉਣ ਵਾਲੇ ਸਮੇਂ ਵਿਚ ਇਹਨਾਂ ਪਦਾਰਥਾਂ ਦੀ ਪੈਦਾਵਾਰ ਤੇ ਜਿਆਦਾ ਧਿਆਨ ਦਿੱਤਾ ਜਾਵੇਗਾ। ਰਾਜ ਵਿਚ ਬੀ-ਕੀਪਿੰਗ ਦੇ ਕਿੱਤੇ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਹੁਸ਼ਿਆਰਪੁਰ ਵਿਖੇ ਸੈਂਟਰ ਆਫ ਐਕਸੀਲੈਂਸ ਫਾਰ ਬੀ-ਕੀਪਿੰਗ ਬਨਾਉਣ ਦੀ ਤਜਵੀਜ਼ ਹੈ ਜਿਸ ਵਿਚ ਬੀ-ਕੀਪਿੰਗ ਸਬੰਧੀ ਨਵੀਨਤਮ ਅਤੇ ਬੇਹਤਰੀਨ ਤਕਨੀਕਾਂ ਦੇ ਵਿਖਾਵੇ ਕਰਕੇ ਕਿਸਾਨਾਂ ਨੂੰ ਇਹ ਧੰਦਾ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। 

ਡਾ: ਬਲਦੇਵ ਸਿੰਘ ਢਿੱਲੋਂ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਆਪਣੇ ਭਾਸ਼ਨ ਦੌਰਾਨ ਦੱਸਿਆ ਕਿ ਸ਼ਹਿਦ ਮੱਖੀ ਪਾਲਣ ਨਾਲ ਫਸਲਾਂ ਦੇ ਝਾੜ ਵਿਚ ਵਾਧਾ ਹੁੰਦਾ ਹੈ। ਉਹਨਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿੰਨ ਵੱਖ-ਵੱਖ ਪੱਧਰ ਦੀਆਂ ਟਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ, ਬੇ-ਜਮੀਨੇ ਕਿਸਾਨ ਅਤੇ ਪੇਂਡੂ ਬੇਰੁਜਗਾਰ ਨੌਜਵਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਖੇ ਬੇਸਿਕ ਟਰੇਨਿੰਗਾਂ, ਬੀ-ਕੀਪਰਾਂ ਨੂੰ ਉੱਚ ਮਿਆਰ ਦਾ ਸ਼ਹਿਦ ਪੈਦਾ ਕਰਨ ਲਈ ਅਡਵਾਂਸ ਟਰੇਨਿੰਗਾਂ ਅਤੇ ਕੇ.ਵੀ.ਕੇ ਵਿਚ ਕੰਮ ਕਰ  ਰਹੇ ਮਾਹਿਰਾਂ/ਟਰੇਨਰਾਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਦੇਣ ਲਈ ਪੀ.ਏ.ਯੂ ਕੈਂਪਸ ਵਿਖੇ ਟਰੇਨਿੰਗਾਂ ਮੁਹਇਆ ਕਰਵਾਈਆਂ ਜਾਂਦੀਆਂ ਹਨ। ਬੀ-ਕੀਪਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਨਵੀਨਤਮ ਤਕਨੀਕਾਂ ਦੇ ਫਲਸਰੂਪ ਰਾਜ ਦੇ ਬਹੁਤ ਸਾਰੇ ਕਿਸਾਨ ਇਸ ਧੰਦੇ ਨਾਲ ਜੁੜ ਗਏ ਹਨ ਅਤੇ ਇਹਨਾ ਸਹੂਲਤਾਂ ਉਹ ਲਈ ਸਰਕਾਰ ਦੇ ਧੰਨਵਾਦੀ ਹਨ।ਇਸ ਸਮਾਰੋਹ ਦੇ ਅੰਤ ਵਿੱਚ ਰਾਜ ਦੇ ਅਗਾਂਹਵਧੂ ਸ਼ਹਿਦ ਮੱਖੀ ਪਾਲਕਾਂ, ਬੀ-ਬਰੀਡਰਾਂ ਅਤੇ ਐਕਸਪੋਟਰਾਂ ਆਦਿ ਜਿਹਨਾਂ ਵੱਲੋਂ ਇਸ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਅਹਿਮ ਯੋਗਦਾਨ ਦਿੱਤਾ ਗਿਆ, ਨੂੰ ਇਨਾਮ ਦੇ ਕੇ ਨਿਵਾਜਿਆ ਗਿਆ। ਅਖੀਰ ਵਿੱਚ ਸ੍ਰੀ ਆਰ.ਕੇ.ਗੁੰਬਰ, ਡਾਇਰੈਕਟਰ ਖੋਜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਮਾਰੋਹ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।