5 Dariya News

ਜੰਮੂ ਕਸ਼ਮੀਰ ਤੇ ਪੰਜਾਬ ਖੇਤੀਬਾੜੀ ਤੇ ਬਾਗਬਾਨੀ ਖੇਤਰ ਵਿੱਚ ਮਿਲ ਕੇ ਕੰਮ ਕਰਨਗੇ: ਜਥੇਦਾਰ ਤੋਤਾ ਸਿੰਘ

ਜੂੰਮ ਕਸ਼ਮੀਰ ਦੇ ਕਿਸਾਨ ਸਲਾਹਕਾਰ ਬੋਰਡ ਦੇ ਵਾਈਸ ਚੇਅਰਮੈਨ ਚਿੱਬ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ; ਪੰਜਾਬ ਵੱਲੋਂ ਫਸਲਾਂ ਦੀ ਖਰੀਦ ਦੇ ਪ੍ਰਬੰਧਾਂ, ਮੁਫਤ ਬਿਜਲੀ, ਆਧੁਨਿਕ ਤਕਨੀਕਾਂ ਨਾਲ ਵੱਧ ਪੈਦਾਵਾਰ ਦੀ ਕੀਤੀ ਸਲਾਹੁਤਾ

5 Dariya News

ਚੰਡੀਗੜ੍ਹ 10-Aug-2016

ਖੇਤੀਬਾੜੀ ਤੇ ਬਾਗਬਾਨੀ ਖੇਤਰ ਵਿੱਚ ਹੋਰ ਬਿਹਤਰ ਨਤੀਜਿਆਂ ਲਈ ਪੰਜਾਬ ਤੇ ਜੰਮੂ ਕਸ਼ਮੀਰ ਮਿਲ ਕੇ ਕੰਮ ਕਰਨਗੇ। ਇਹ ਗੱਲ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਜੰਮੂ ਕਸ਼ਮੀਰ ਦੇ ਕਿਸਾਨ ਸਲਾਹਕਾਰ ਬੋਰਡ ਦੇ ਵਾਈਸ ਚੇਅਰਮੈਨ ਸ੍ਰੀ ਦਲਜੀਤ ਸਿੰਘ ਚਿੱਬ ਨਾਲ ਕੀਤੀ ਮੁਲਾਕਾਤ ਉਪਰੰਤ ਕਹੀ। ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਦੋਹਾਂ ਆਗੂਆਂ ਵੱਲੋਂ ਕੀਤੀ ਮੀਟਿੰਗ ਦੌਰਾਨ ਦੋਵਾਂ ਸੂਬਿਆਂ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਮਿਲ ਕੇ ਦੂਰ ਕਰਨ ਦੀ ਰਣਨੀਤੀ 'ਤੇ ਵਿਚਾਰਾਂ ਕੀਤੀਆਂ। ਸ੍ਰੀ ਚਿੱਬ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਖੇਤੀ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣੇ ਪੰਜਾਬ ਦੇ ਤਜ਼ਰਬਿਆਂ ਤੋਂ ਮੱਦਦ ਲੈਣੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਦਕਾ ਦੇਸ਼ ਦੇ ਅੰਨ ਭੰਡਾਰ ਸੁਰੱਖਿਅਤ ਹੋਏ ਹਨ।

ਮੀਟਿੰਗ ਦੌਰਾਨ ਸ੍ਰੀ ਚਿੱਬ ਨੇ ਪੰਜਾਬ ਸਰਕਾਰ ਵੱਲੋਂ ਫਸਲਾਂ ਦੀ ਖਰੀਦ ਦੇ ਸੁਚਾਰੂ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਕਿਸਾਨਾਂ ਨੂੰ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਵੀ ਨਹੀਂ ਮਿਲਦਾ ਪਰ ਪੰਜਾਬ ਵਿੱਚ ਕਿਸਾਨਾਂ ਨੂੰ ਪੂਰਾ ਭਾਅ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਂਗ ਜੂੰਮ ਕਸ਼ਮੀਰ ਵਿੱਚ ਸਰਕਾਰੀ ਖਰੀਦ ਨਾ ਹੋਣ ਕਾਰਨ ਝੋਨੇ ਦੀ ਖਰੀਦ 700 ਤੋਂ 800 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਘੱਟ ਹੋਈ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਉਹ ਪੰਜਾਬ ਵਰਗਾ ਖਰੀਦ ਪ੍ਰਬੰਧ ਜੰਮੂ ਕਸ਼ਮੀਰ ਵਿੱਚ ਸ਼ੁਰੂ ਕਰਵਾ ਕੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦਾ ਪੂਰਾ ਮੁੱਲ ਦਿਵਾ ਸਕਣ। ਉਨ੍ਹਾਂ ਪੰਜਾਬ ਵਿੱਚ ਕੇਂਦਰੀ ਏਜੰਸੀ ਐਫ.ਸੀ.ਆਈ. ਤੋਂ ਇਲਾਵਾ ਸੂਬੇ ਦੀਆਂ ਪੰਜ ਏਜੰਸੀਆਂ ਵੱਲੋਂ ਕੀਤੀ ਜਾਂਦੀ ਖਰੀਦ ਪ੍ਰਬੰਧ ਦੀ ਵੀ ਸਲਾਹੁਤਾ ਕੀਤੀ। ਜਥੇਦਾਰ ਤੋਤਾ ਸਿੰਘ ਨੇ ਸ੍ਰੀ ਚਿੱਬ ਨੂੰ ਸੱਦਾ ਪੱਤਰ ਦਿੱਤਾ ਕਿ ਉਹ ਫਸਲਾਂ ਦੀ ਖਰੀਦ ਸਮੇਂ ਪੰਜਾਬ ਅੰਦਰ ਆ ਕੇ ਖੁਦ ਪ੍ਰਬੰਧ ਦੇਖਣ। ਸ੍ਰੀ ਚਿੱਬ ਨੇ ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਵਿਖੇ ਇਸਰਾਇਲ ਦੀ ਮੱਦਦ ਨਾਲ ਸਬਜ਼ੀਆਂ ਦੀ ਪੈਦਾਵਾਰ ਲਈ ਸਥਾਪਤ ਕੀਤੇ ਆਧੁਨਿਕ ਕੇਂਦਰ ਅਤੇ ਹੁਸ਼ਿਆਰਪੁਰ ਵਿਖੇ ਸਿਟਰਸ ਅਸਟੇਟ ਦੀ ਸਥਾਪਨਾ ਨੂੰ ਕਿਸਾਨਾਂ ਲਈ ਲਾਹੇਵੰਦ ਦੱਸਦਿਆਂ ਇਥੇ ਜੰਮੂ ਕਸ਼ਮੀਰ ਦੇ ਕਿਸਾਨਾਂ ਦਾ ਦੌਰਾ ਕਰਵਾਉਣ ਦੀ ਇੱਛਾ ਪ੍ਰਗਟਾਈ।

ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜ ਰਹੀ ਹੈ ਅਤੇ ਹਰ ਸਾਲ ਇਸ ਬਦਲੇ ਪੰਜਾਬ ਸਰਕਾਰ 5500 ਕਰੋੜ ਰੁਪਏ ਦੀ ਕਰੀਬ ਪਾਵਰਕੌਮ ਨੂੰ ਦਿੰਦੀ ਹੈ ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ਵਿੱਚ ਸੁਧਾਰ ਆਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਾਧੂ ਟਰੈਕਟਰਾਂ ਦੀ ਖਰੀਦ ਤੋਂ ਬਚਣ ਲਈ ਸੂਬੇ ਵਿੱਚ ਸਹਿਕਾਰੀ ਸੁਸਾਇਟੀਆਂ ਰਾਹੀਂ ਛੋਟੇ ਕਿਸਾਨਾਂ ਨੂੰ ਕਿਰਾਏ 'ਤੇ ਟਰੈਕਟਰ ਮੁਹੱਈਆ ਕਰਵਾਏ ਜਾ ਰਹੇ ਹਨ। ਖੇਤੀਬਾੜੀ ਮੰਤਰੀ ਨੇ ਬਾਗਬਾਨੀ ਖੇਤਰ ਵਿੱਚ ਜੰਮੂ ਕਸ਼ਮੀਰ ਅੰਦਰ ਬਿਹਤਰ ਪ੍ਰਬੰਧਾਂ ਦੀ ਪ੍ਰਸੰਸਾ ਵੀ ਕੀਤੀ। ਉਨ੍ਹਾਂ ਸ੍ਰੀ ਚਿੱਬ ਨੂੰ ਸੱਦਾ ਦਿੱਤਾ ਕਿ ਦੋਵਾਂ ਸੂਬਿਆਂ ਦੇ ਕਿਸਾਨਾਂ ਦਾ ਵਟਾਂਦਰਾ ਪ੍ਰੋਗਰਾਮ ਰੱਖ ਕੇ ਇਕ-ਦੂਜੇ ਸੂਬੇ ਵਿੱਚ ਖੇਤੀਬਾੜੀ ਤੇ ਬਾਗਬਾਨੀ ਦੇ ਬਿਹਤਰ ਪ੍ਰਬੰਧਾਂ ਦਾ ਫਾਇਦਾ ਉਠਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਉਨ੍ਹਾਂ ਦੀ ਇਸ ਖੇਤਰ ਵਿੱਚ ਪੂਰੀ ਮੱਦਦ ਕਰੇਗੀ।ਸ੍ਰੀ ਚਿੱਬ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੂੰ ਜੰਮੂ ਕਸ਼ਮੀਰ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਕਿਸਾਨ ਮੇਲੇ ਲਈ ਵੀ ਸੱਦਾ ਦਿੱਤਾ। ਜਥੇਦਾਰ ਤੋਤਾ ਸਿੰਘ ਨੇ ਵੀ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਸਫਲ ਕਿਸਾਨਾਂ ਦੇ ਗਰੁੱਪ ਨੂੰ ਪੰਜਾਬ ਭੇਜਣ ਤਾਂ ਜੋ ਉਹ ਇਥੇ ਆ ਕੇ ਪੰਜਾਬ ਦੇ ਕਿਸਾਨਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਨ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਸਕੱਤਰ ਸ੍ਰੀ ਵਿਵੇਕ ਪ੍ਰਤਾਪ ਸਿੰਘ, ਡਾਇਰੈਕਟਰ ਡਾ.ਜਸਵੀਰ ਸਿੰਘ ਬੈਂਸ ਤੇ ਬਾਗਬਾਨੀ ਦੇ ਡਾਇਰੈਕਟਰ ਡਾ. ਗੁਰਕੰਵਲ ਸਿੰਘ ਵੀ ਹਾਜ਼ਰ ਸਨ।