5 Dariya News

ਬ੍ਰਿਗੇਡੀਅਰ ਗਗਨੇਜਾ 'ਤੇ ਹਮਲਾ : ਭਾਜਪਾ ਤੇ ਆਰ.ਐਸ.ਐਸ. ਦੇ ਵਫ਼ਦ ਵੱਲੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨਾਲ ਮੁਲਾਕਾਤ

ਅਮਨ-ਸ਼ਾਂਤੀ ਵਾਲਾ ਮਾਹੌਲ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ-ਪਰਕਾਸ਼ ਸਿੰਘ ਬਾਦਲ

5 Dariya News

ਚੰਡੀਗੜ੍ਹ 08-Aug-2016

ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਮੁੜ ਦੁਹਰਾਇਆ ਕਿ ਸੂਬੇ ਵਿੱਚ ਸਖ਼ਤ ਜਦੋ-ਜਹਿਦ ਨਾਲ ਪੈਦਾ ਕੀਤਾ ਅਮਨ-ਸ਼ਾਂਤੀ ਤੇ ਫਿਰਕੂ ਸਦਭਾਵਨਾ ਵਾਲਾ ਮਾਹੌਲ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਿਸੇ ਵੀ ਸੂਰਤ ਵਿੱਚ ਸਹਿਣ ਨਹੀਂ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਇਹ ਭਰੋਸਾ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ ਦੇ ਵਫ਼ਦਾਂ ਨੂੰ ਦਿੱਤਾ ਜਿਨ੍ਹਾਂ ਨੇ ਅੱਜ ਸਵੇਰੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁੱਖ ਮੰਤਰੀ ਰਿਹਾਇਸ਼ ਦੇ ਮੁਲਾਕਾਤ ਕੀਤੀ। ਸ. ਬਾਦਲ ਨੇ ਆਖਿਆ ਕਿ ਸੂਬੇ ਵਿਚ ਅਮਨ-ਅਮਾਨ ਤੇ ਸਦਭਾਵਨਾ ਨੂੰ ਕਾਇਮ ਰੱਖਣਾ ਅਕਾਲੀ-ਭਾਜਪਾ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਹੈ। ਇਹ ਵਫ਼ਦ ਸ਼ਨਿਚਰਵਾਰ ਦੀ ਰਾਤ ਨੂੰ ਜਲੰਧਰ ਵਿਚ ਆਰ.ਐਸ.ਐਸ ਪੰਜਾਬ ਦੇ ਉਪ ਪ੍ਰਧਾਨ ਬ੍ਰਿਗੇਡੀਅਰ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੇ ਸਬੰਧ ਵਿਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਮਿਲੇ ਸਨ।

ਮੀਟਿੰਗ ਸਬੰਧੀ ਵਿਸਥਾਰ ਵਿਚ ਦੱਸਦਿਆਂ ਮੁੱਖ ਮੰਤਰੀ ਦੇ ਕੌਮੀ ਮਾਮਲਿਆਂ ਬਾਰੇ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਬਹੁਤ ਘਾਲਣਾ ਘਾਲ ਕੇ ਪੰਜਾਬ ਵਿਚ ਕਾਇਮ ਕੀਤੇ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਵਾਲੇ ਮਾਹੌਲ ਨੂੰ ਸੁਰੱਖਿਅਤ ਬਣਾਉਣ 'ਤੇ ਜ਼ੋਰ ਦਿੰਦਿਆਂ ਇਸ ਨੂੰ ਸੂਬੇ ਵਿਚ ਅਕਾਲੀ-ਭਾਜਪਾ ਸਰਕਾਰ ਦੀ ਪਹਿਲੀ ਤਰਜੀਹ ਦੱਸਿਆ। ਉਪ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਆਖਿਆ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਕਾਨੂੰਨ ਭੰਗ ਕਰਨ ਦਾ ਯਤਨ ਕਰੇਗਾ, ਉਸ ਨਾਲ ਕਾਨੂੰਨ ਮੁਤਾਬਿਕ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਅਮਨ ਸ਼ਾਂਤੀ ਤੇ ਫਿਰਕੂ ਸਦਭਾਵਨਾ ਵਾਲੇ ਮਾਹੌਲ ਦੀ ਕਾਇਮੀ ਅਤੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣਾ ਅਕਾਲੀ-ਭਾਜਪਾ ਸਰਕਾਰ ਲਈ ਸਦਾ ਹੀ ਸਭ ਤੋਂ ਪ੍ਰਮੁੱਖ ਏਜੰਡਾ ਰਿਹਾ ਹੈ ਅਤੇ ਸਰਕਾਰ ਆਪਣੀ ਇਸ ਵਚਨਬੱਧਤਾ ਤੋਂ ਥਿੜਕੇਗੀ ਨਹੀਂ।

ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਬ੍ਰਿਗੇਡੀਅਰ ਗਗਨੇਜਾ 'ਤੇ ਹੋਏ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਆਖਿਆ ਕਿ ਸੱਭਿਅਕ ਤੇ ਜਮਹੂਰੀ ਸਮਾਜ ਵਿੱਚ ਹਿੰਸਾ ਤੇ ਨਫਰਤ ਲਈ ਕੋਈ ਥਾਂ ਨਹੀਂ ਹੈ ਜੋ ਸਾਡੇ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਅਤੇ ਪੀਰਾ-ਪੈਗੰਬਰਾਂ ਦੀਆਂ ਸਿੱਖਿਆਵਾਂ ਦੇ ਪੂਰੀ ਤਰ੍ਹਾਂ ਉਲਟ ਹੈ।ਇਸ ਦੌਰਾਨ ਬ੍ਰਿਗੇਡੀਅਰ ਗਗਨੇਜਾ 'ਤੇ ਹੋਏ ਹਮਲੇ ਤੇ ਸਬੰਧਤ ਪੱਖਾਂ ਦੀ ਜਾਂਚ ਲਈ ਏ.ਡੀ.ਜੀ.ਪੀ.-ਕਮ-ਡਾਇਰੈਕਟਰ ਜਾਂਚ ਬਿਊਰੋ ਸ੍ਰੀ ਆਈ.ਪੀ.ਐਸ. ਸਹੋਤਾ ਦੀ ਅਗਵਾਈ ਵਿੱਚ ਚਾਰ-ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਹੈ। ਟੀਮ ਨੂੰ ਜਾਂਚ ਵਿੱਚ ਤੇਜ਼ੀ ਲਿਆ ਕੇ ਬ੍ਰਿਗੇਡੀਅਰ ਗਗਨੇਜਾ ਖਿਲਾਫ਼ ਇਸ ਘਿਨਾਉਣੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸਾਜ਼ਿਸ਼ਕਾਰਾਂ ਦਾ ਪਤਾ ਲਾ ਕੇ ਉਨ੍ਹਾਂ ਖਿਲਾਫ ਕਾਨੂੰਨ ਤਹਿਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ ਗਈ ਹੈ।

ਉਪ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਅਮਨ-ਕਾਨੂੰਨ ਦੇ ਹਾਲਾਤ ਦੀ ਨਿਗਰਾਨੀ ਖੁਦ ਲਗਾਤਾਰ ਕਰ ਰਹੇ ਹਨ। ਸ੍ਰੀ ਬੈਂਸ ਨੇ ਆਖਿਆ ਕਿ ਸਰਕਾਰ ਲਈ ਸਭ ਤੋਂ ਪਹਿਲਾਂ ਨਾਗਰਿਕਾਂ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਸੂਬੇ ਦੇ ਪੁਲੀਸ ਮੁਖੀ ਵੱਲੋਂ ਅਮਨ-ਕਾਨੂੰਨ ਦੀ ਮੌਜੂਦਾ ਸਥਿਤੀ ਬਾਰੇ ਲਗਾਤਾਰ ਜਾਣੂੰ ਕਰਵਾਇਆ ਜਾ ਰਿਹਾ ਹੈ।ਇਸ ਦੌਰਾਨ ਉਪ ਮੁੱਖ ਮੰਤਰੀ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਆਖਿਆ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਤੋਂ ਬਾਜ਼ ਆਉਣ ਜਾਂ ਫਿਰ ਸੂਬੇ ਵਿੱਚ ਸੁਰੱਖਿਆ ਫੋਰਸਾਂ ਦੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਉਪ ਮੁੱਖ ਮੰਤਰੀ ਨੇ ਕਿਹਾ,''ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦੇ ਮੁੱਦੇ 'ਤੇ ਕੋਈ ਸਮਝੌਤਾ ਨਹੀਂ ਕਰਾਂਗੇ। ਇਹ ਸਾਡੇ ਲਈ ਪਵਿੱਤਰ ਆਦਰਸ਼ ਹਨ ਅਤੇ ਅਸੀਂ ਇਨ੍ਹਾਂ ਦੀ ਪਾਲਣਾ ਲਈ ਵਚਨਬੱਧ ਹਾਂ। ਅਮਨ ਵਾਲੇ ਮਾਹੌਲ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਅਸਹਿਣਯੋਗ ਸਜ਼ਾ ਭੁਗਤਨੀ ਪਵੇਗੀ।''

ਮੁੱਖ ਮੰਤਰੀ ਨੇ ਸੂਬੇ ਦੇ ਪੁਲੀਸ ਮੁਖੀ ਨੂੰ ਸੂਬੇ ਵਿੱਚ ਅਮਨ-ਸ਼ਾਂਤੀ ਵਿੱਚ ਵਿਘਨ ਪਾਉਣ ਲਈ ਸਮਾਜ ਨੂੰ ਫਿਰਕੂ ਲੀਹਾਂ 'ਤੇ ਵੰਡਣ ਵਾਲੀਆਂ ਤਾਕਤਾਂ ਦੇ ਨਾਪਾਕ ਇਰਾਦਿਆਂ ਪ੍ਰਤੀ ਸਖ਼ਤ ਚੌਕਸੀ ਵਰਤਣ ਲਈ ਆਖਿਆ। ਸ. ਬਾਦਲ ਨੇ ਕਿਹਾ ਕਿ ਭਾਵੇਂ ਸ਼ਾਂਤੀ ਨੂੰ ਭੰਗ ਕਰਨ ਦੇ ਯਤਨਾਂ ਪ੍ਰਤੀ ਸਰਕਾਰ ਨੇ ਅਸਹਿਣਯੋਗ ਨੀਤੀ ਅਪਣਾਈ ਹੈ ਪਰ ਫਿਰ ਵੀ ਅਗਾਮੀ ਚੋਣਾਂ ਤੋਂ ਪਹਿਲਾਂ ਪੂਰੀ ਚੌਕਸੀ ਵਰਤੀ ਜਾਵੇ। ਸ. ਬਾਦਲ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਘਟੀਆ ਤੇ ਸਿਆਸੀ ਲਾਭ ਦੀ ਖਾਤਰ ਗੈਰ-ਜ਼ਿੰਮੇਵਾਰਾਨਾ ਰਾਹ ਅਪਨਾਉਣ ਦੀ ਧਾਰਨਾ ਨੂੰ ਵੀ ਸਰਕਾਰ ਰੱਦ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਇਹ ਤੱਤ ਫਿਰਕਾਪ੍ਰਸਤੀ ਨੂੰ ਪੈਦਾ ਕਰਕੇ ਵੱਖ-ਵੱਖ ਭਾਈਚਾਰਿਆਂ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਇਨ੍ਹਾਂ ਤੱਤਾਂ ਦੀ ਨਿਰਾਸ਼ਤਾ ਦੀ ਉਪਜ ਹੈ ਅਤੇ ਸੂਬਾ ਸਰਕਾਰ ਇਨ੍ਹਾਂ ਤੱਤਾਂ ਦੀ ਘਿਨਾਉਣੀਆਂ ਕੋਸ਼ਿਸ਼ਾਂ ਨੂੰ ਅਸਫਲ ਬਣਾਉਣ ਲਈ ਪੂਰੀ ਤਰ੍ਹਾਂ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਦਾ ਹੀ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦੇ ਰਾਹ 'ਤੇ ਪਹਿਰਾ ਦਿੰਦੇ ਆਏ ਹਨ। ਪੁਲੀਸ ਤੇ ਪ੍ਰਸ਼ਾਸਨ ਦੇ ਹੋਰ ਅੰਗਾਂ ਨੂੰ ਵੀ ਬਿਨਾਂ ਕੋਈ ਸਮਾਂ ਗਵਾਇਆ ਅਜਿਹੀਆਂ ਚੁਣੌਤੀਆਂ ਨੂੰ ਮੂੰਹ ਤੋੜਵਾਂ ਜੁਆਬ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਸ. ਬਾਦਲ ਨੇ ਪੰਜਾਬ ਵਿਰੋਧੀ ਤੱਤਾਂ ਦੇ ਗੈਰ-ਸਿਧਾਂਤਕ ਅਤੇ ਬੇ-ਅਸੂਲੇ ਭੰਡੀ ਪ੍ਰਚਾਰ ਅਤੇ ਦੋਫੇੜਪਾਊ ਵਤੀਰੇ ਤੋਂ ਚੌਕਸ ਰਹਿਣ ਲਈ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪ੍ਰਗਤੀ ਅਤੇ ਸਮੁੱਚੇ ਵਿਕਾਸ ਦੀ ਗਤੀ ਤੇਜ਼ ਰਫਤਾਰ ਨਾਲ ਚੱਲ ਰਹੀ ਹੈ ਜਿਸ ਕਰਕੇ ਸਰਕਾਰ ਵਿਰੋਧੀ ਤੱਤ ਵਿਕਾਸ ਦੇ ਏਜੰਡੇ ਦੀ ਥਾਂ ਹਿੰਸਾ ਅਤੇ ਬੇਚੈਨੀ ਵਰਗੀਆਂ ਗੱਲਾਂ ਵੱਲ ਨੂੰ ਧਿਆਨ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।ਸ. ਬਾਦਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੁਝ ਸਨਕੀ ਤੱਤ ਪਿਛਲੇ ਕੁਝ ਸਮੇਂ ਤੋਂ ਸੂਬੇ ਵਿਚ ਸਰਗਰਮ ਹਨ। ਇਹ ਲੋਕ ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਹਰ ਯਤਨ ਕਰ ਰਹੇ ਹਨ ਜਿਸ ਵਾਸਤੇ ਇਹ ਧਾਰਮਿਕ ਚਿੰਨ੍ਹਾਂ ਸਣੇ ਹਰ ਚੀਜ਼ ਦਾ ਸਹਾਰਾ ਲੈ ਰਹੇ ਹਨ ਤਾਂ ਜੋ ਪ੍ਰਗਤੀ ਅਤੇ ਵਿਕਾਸ ਦੇ ਏਜੰਡੇ ਨੂੰ ਪਿੱਛੇ ਧੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਰੁਝਾਨ ਸ਼ਾਂਤੀ ਲਈ ਖਤਰਾ ਹਨ ਜਿਨ੍ਹਾਂ ਨੂੰ ਹਰ ਹਾਲਤ ਵਿਚ ਰੋਕਣ ਦੀ ਲੋੜ ਹੈ ਤਾਂ ਜੋ ਇਹ ਤੱਤ ਸੂਬੇ ਦੇ ਵਿਕਾਸ ਤੇ ਗਤੀ ਨੂੰ ਲੀਹੋਂ ਨਾ ਲਾਹ ਸਕਣ।

ਭਾਜਪਾ ਦੇ ਵਫ਼ਦ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਤੇ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਤੋਂ ਇਲਾਵਾ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਤੇ ਪੰਜਾਬ ਦੇ ਜਥੇਬੰਦਕ ਇੰਚਾਰਜ ਸ੍ਰੀ ਪ੍ਰਭਾਤ ਝਾਅ, ਰਾਸ਼ਟਰੀ ਉਪ ਪ੍ਰਧਾਨ ਸ੍ਰੀ ਅਵਿਨਾਸ਼ ਰਾਏ ਖੰਨਾ, ਸਾਬਕਾ ਸੂਬਾ ਪ੍ਰਧਾਨ ਸ੍ਰੀ ਮਦਨ ਮੋਹਨ ਮਿੱਤਲ, ਪ੍ਰੋ. ਬ੍ਰਿਜ ਲਾਲ ਰਿਣਵਾ, ਸ੍ਰੀ ਅਸ਼ਵਨੀ ਸ਼ਰਮਾ, ਸ੍ਰੀ ਮਨੋਰੰਜਨ ਕਾਲੀਆ, ਸ੍ਰੀ ਕਮਲ ਸ਼ਰਮਾ ਅਤੇ ਜਨਰਲ ਸਕੱਤਰ ਸੰਗਠਨ ਸ੍ਰੀ ਦਿਨੇਸ਼ ਕੁਮਾਰ ਸ਼ਾਮਲ ਸਨ।ਬਾਅਦ ਵਿਚ ਆਰ.ਐਸ.ਐਸ. ਦਾ ਇਕ ਵਫ਼ਦ ਵੀ ਮੁੱਖ ਮੰਤਰੀ ਨੂੰ ਮਿਲਿਆ। ਇਸ ਵਫ਼ਦ ਵਿਚ ਉੱਤਰੀ ਜ਼ੋਨ ਦੇ ਪ੍ਰਮੁੱਖ ਪ੍ਰਚਾਰਕ ਸ੍ਰੀ ਰਮੇਸ਼ਵਰ, ਉੱਤਰੀ ਜੋਨ ਦੇ ਖੇਤਰੀ ਪ੍ਰਚਾਰਕ ਸ੍ਰੀ ਬਨਵੀਰ ਸਿੰਘ, ਪੰਜਾਬ ਦੇ ਪ੍ਰਾਂਤ ਪ੍ਰਚਾਰਕ ਸ੍ਰੀ ਪ੍ਰਮੋਦ ਕੁਮਾਰ, ਪੰਜਾਬ ਦੇ ਪ੍ਰਾਂਤ ਕਾਰਯਾਵਾਹ ਸ੍ਰੀ ਵਿਨੇ ਸ਼ਰਮਾ, ਪੰਜਾਬ ਦੇ ਸਹਿ ਪ੍ਰਾਂਤ ਕਾਰਯਾਵਾਹ ਸ੍ਰੀ ਮੁਨੀਸ਼ਵਰ ਅਤੇ ਸੰਗਰੂਰ ਦੇ ਵਿਭਾਗ ਸੰਘ ਚਾਲਕ ਸ੍ਰੀ ਇਕਬਾਲ ਸਿੰਘ ਸ਼ਾਮਲ ਸਨ।