5 Dariya News

ਡੀ.ਪੀ.ਆਈ. ਨੇ 48 ਐਸ.ਐਲ.ਏਜ਼ ਨੂੰ ਨਿਯੁਕਤੀ ਪੱਤਰ ਤੇ ਸਟੇਸ਼ਨ ਅਲਾਟਮੈਂਟ ਪੱਤਰ ਸੌਂਪੇ

ਡਾ.ਚੀਮਾ ਦੀ ਗਤੀਸ਼ੀਲ ਅਗਵਾਈ ਹੇਠ ਸਿੱਖਿਆ ਵਿਭਾਗ ਨੇ ਰਿਕਾਰਡ ਭਰਤੀ ਤੇ ਪਦਉਨਤੀਆਂ ਕੀਤੀਆਂ: ਢੋਲ

5 Dariya News

ਐਸ.ਏ.ਐਸ.ਨਗਰ (ਮੁਹਾਲੀ) 08-Aug-2016

ਸਿੱਖਿਆ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਭਰਤੀ ਪ੍ਰਕਿਰਿਆ ਤਹਿਤ ਅੱਜ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ ਨੇ 48 ਸੀਨੀਅਰ ਲੈਬ ਅਟੈਂਡਟਜ਼ (ਐਸ.ਐਲ.ਏਜ਼.) ਨੂੰ ਨਿਯੁਕਤੀ ਪੱਤਰ ਅਤੇ ਸਟੇਸ਼ਨ ਅਲਾਟਮੈਂਟ ਪੱਤਰ ਸੌਂਪੇ। ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਚੁਣੇ 48 ਐਸ.ਐਲ.ਏਜ਼ ਨੂੰ ਖਾਲੀ ਸਟੇਸ਼ਨਾਂ ਦੀ ਸੂਚੀ ਦਿਖਾ ਕੇ ਉਨ੍ਹਾਂ ਦੀ ਪਸੰਦ ਅਨੁਸਾਰ ਸਟੇਸ਼ਨ ਅਲਾਟ ਕੀਤੇ ਗਏ। ਮੁਹਾਲੀ ਸਥਿਤ ਡੀ.ਪੀ.ਆਈ. ਦਫਤਰ ਵਿਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਿਯੁਕਤੀ ਪੱਤਰ ਸੌਂਪਣ ਮੌਕੇ ਸੰਬੋਧਨ ਕਰਦਿਆਂ ਸ੍ਰੀ ਢੋਲ ਨੇ ਕਿਹਾ ਕਿ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਗਤੀਸ਼ੀਲ ਅਗਵਾਈ ਅਤੇ ਪ੍ਰਮੁੱਖ ਸਕੱਤਰ ਸ੍ਰੀ ਜੀ.ਵਜਰਾਲਿੰਗਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਨੇ ਪਿਛਲੇ ਸਮੇਂ ਵਿੱਚ ਰਿਕਾਰਡ ਭਰਤੀ ਅਤੇ ਪਦਉਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਿਛਲੇ ਸਮੇਂ ਵਿੱਚ ਲੈਕਚਰਾਰਾਂ, ਅਧਿਆਪਕਾਂ, ਆਰਟ ਐਂਡ ਕਰਾਫਟ ਅਧਿਆਪਕਾਂ, ਕਲਰਕਾਂ ਨੂੰ ਭਰਤੀ ਕਰ ਕੇ ਨਿਯੁਕਤੀ ਪੱਤਰ ਸੌਂਪੇ ਗਏ ਉਥੇ ਲੈਕਚਰਾਰਾਂ, ਮੁੱਖ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੀ ਵੱਡੇ ਪੱਧਰ 'ਤੇ ਪਦਉਨਤੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਧਿਆਪਕਾਂ, ਈ.ਟੀ.ਟੀ. ਅਧਿਆਪਕਾਂ, ਡੀ.ਪੀ.ਈਜ਼. ਪੀ.ਟੀ.ਆਈਜ਼. ਦੀ ਵੀ ਭਰਤੀ ਕੀਤੀ ਜਾ ਰਹੀ ਹੈ ਅਤੇ ਹੈਡ ਟੀਚਰਾਂ ਦੀ ਪਦਉਨਤੀ ਹੋ ਰਹੀ ਹੈ।ਡੀ.ਪੀ.ਆਈ. ਸ੍ਰੀ ਢੋਲ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਵੇਲੇ ਸਮੂਹ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਭਰਤੀ ਕੀਤੀ ਜਾ ਰਹੀ ਹੈ ਅਤੇ ਉਹ ਆਸ ਕਰਦੇ ਹਨ ਕਿ ਅਧਿਆਪਕਾਂ ਦੀ ਭਰਤੀ ਨਾਲ ਕਿਸੇ ਵੀ ਸਰਕਾਰੀ ਸਕੂਲ ਵਿੱਚ ਕੋਈ ਅਸਾਮੀ ਖਾਲੀ ਨਹੀਂ ਰਹੇਗੀ। ਇਸ ਮੌਕੇ ਡਾਇਰੈਕਟਰ (ਪ੍ਰਸ਼ਾਸਨ) ਸ੍ਰੀਮਤੀ ਗੁਰਪ੍ਰੀਤ ਕੌਰ ਧਾਲੀਵਾਲ ਵੀ ਹਾਜ਼ਰ ਸਨ।